ਚੰਡੀਗੜ੍ਹ : ਬਾਲੀਵੁੱਡ ਅਦਾਕਾਰ ਅਤੇ ਭਾਜਪਾ ਪਾਰਟੀ ਦੇ ਗੁਰਦਾਸਪੁਰ ਲੋਕਸਭਾ ਸੀਟ ਦੇ ਉਮੀਦਵਾਰ ਸਨੀ ਦਿਓਲ ਨੇ ਸੋਮਵਾਰ ਨੂੰ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ ਹੈ। ਇਸ ਮੌਕੇ ਉਨ੍ਹਾਂ ਦੇ ਪਿਤਾ ਧਰਮਿੰਦਰ ਨੇ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਉਨ੍ਹਾਂ ਲਈ ਗੁਰਦਾਸਪੁਰ ਦੇ ਲੋਕਾਂ ਤੋਂ ਵੋਟ ਦੀ ਅਪੀਲ ਕੀਤੀ ਹੈ।
ਜ਼ਿਕਰਯੋਗ ਹੈ ਕਿ ਸਨੀ ਦਿਓਲ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋਣ ਪੁੱਜੇ। ਇੱਥੇ ਉਨ੍ਹਾਂ ਨੇ ਚੋਣਾਂ ਦੌਰਾਨ ਆਪਣੀ ਜਿੱਤ ਲਈ ਅਰਦਾਸ ਕੀਤੀ। ਸਨੀ ਦਿਓਲ ਨੇ ਕੁਝ ਘੰਟਿਆਂ ਪਹਿਲਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਆਪਣੀ ਇੱਕ ਤਸਵੀਰ ਸਾਂਝੀ ਕੀਤੀ। ਜਿਸ ਉੱਤੇ ਬਾਲੀਵੁੱਡ ਦੇ ਹੀਮੈਨ ਅਤੇ ਸਨੀ ਦੇ ਪਿਤਾ ਧਰਮਿੰਦਰ ਨੇ ਕਾਮੈਂਟ ਕਰਦੇ ਹੋਏ ਚੋਣ ਲੜਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਹਨ।