ਚੰਡੀਗੜ੍ਹ: ਬੀਤੇ ਦਿਨ ਤੋਂ ਹੀ ਸ਼ੋਸ਼ਲ ਮੀਡੀਆ 'ਤੇ ਦੋ ਸਰਦਾਰਾਂ ਦੀ ਉੱਤਰ ਪ੍ਰਦੇਸ਼ ਪੁਲਿਸ ਨਾਲ ਹੋਈ ਬਹਿਸ ਦੀ ਵੀਡੀਓ ਜੰਮ ਕੇ ਸ਼ੇਅਰ ਹੋ ਰਹੀ ਹੈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਕੇ ਇਸ ਘਟਨਾ ਦੀ ਨਿੰਦਾ ਕੀਤੀ ਹੈ।
ਯੂਪੀ 'ਚ ਸਿੱਖ ਡਰਾਇਵਰ ਨਾਲ ਹੋਈ ਬਦਸਲੂਕੀ ਦੀ ਕੈਪਟਨ ਅਮਰਿੰਦਰ ਨੇ ਕੀਤੀ ਨਿਖੇਧੀ - UP SIKH TRUCK DRIVER
ਉੱਤਰਪ੍ਰਦੇਸ਼ ਦੇ ਸ਼ਾਮਲੀ ਇਲਾਕੇ ਵਿੱਚ ਪੁਲਿਸ ਕਰਮਚਾਰੀਆਂ ਵੱਲੋਂ ਸਿੱਖ ਨੌਜਵਾਨਾਂ ਦੀ ਦਾੜੀ ਨੂੰ ਹੱਥ ਲਾਉਣ ਨੂੰ ਲੈ ਕੇ ਹੋਈ ਬਹਿਸ ਦੀ ਸ਼ੋਸ਼ਲ ਮੀਡੀਆ 'ਤੇ ਵੀਡੀਓ ਜੰਮ ਕੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਕੇ ਨਿਖ਼ੇਧੀ ਕੀਤੀ ਅਤੇ ਯੂਪੀ ਦੇ ਸੀਐੱਮ ਨੂੰ ਪੁਲਿਸ ਵਿਰੁੱਧ ਕਾਰਵਾਈ ਕਰਨ ਦੀ ਅਪੀਲ ਵੀ ਕੀਤੀ।
ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਦਿਆਂ ਕਿਹਾ, 'ਇਹ ਵਰਦੀ ਵਾਲੇ ਵਿਅਕਤੀ ਲਈ ਬੁਹਤ ਸ਼ਰਮ ਵਾਲੀ ਗੱਲ ਹੈ। ਕੈਪਟਨ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੂੰ ਅਪੀਲ ਕੀਤੀ ਹੈ ਕਿ ਇਸ ਪੁਲਿਸ ਵਾਲੇ ਵਿਰੁੱਧ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।'
ਜਾਣਕਾਰੀ ਮੁਤਾਬਕ ਇਹ ਵੀਡੀਓ ਉੱਤਰ ਪ੍ਰਦੇਸ਼ ਦੇ ਸ਼ਾਮਲੀ-ਮੁੱਜਫ਼ਰਨਗਰ ਸਰਹੱਦ ਦਾ ਹੈ। ਜਿੱਥੇ ਯੂਪੀ ਪੁਲਿਸ ਦੀ ਦੋ ਸਿੱਖ ਨੌਜਵਾਨਾਂ ਨਾਲ ਬਹਿਸ ਹੋ ਗਈ ਕਿਉਂਕਿ ਟਰੱਕ ਸਵਾਰ ਸਿੱਖ ਨੌਜਵਾਨਾਂ ਨੂੰ ਪੁਲਿਸ ਦੀ ਗੱਡੀ ਨੂੰ ਸਾਈਡ ਦੇਣ ਵਿੱਚ ਥੋੜੀ ਦੇਰ ਲੱਗ ਗਈ ਸੀ। ਇਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਟਰੱਕ ਨੂੰ ਘੇਰ ਕੇ ਸਿੱਖ ਨੌਜਵਾਨਾਂ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਇੱਕ ਪੁਲਿਸ ਵਾਲੇ ਨੇ ਸਿੱਖ ਨੌਜਵਾਨ ਦੀ ਦਾੜੀ ਨੂੰ ਹੱਥ ਲਾਇਆ ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਨੌਜਵਾਨ ਨੇ ਟਰੱਕ ਵਿੱਚ ਕਿਰਪਾਨ ਕੱਢ ਲਈ। ਇਹ ਪੂਰੀ ਘਟਨਾ ਕਿਸੇ ਵਿਅਕਤੀ ਨੇ ਮੋਬਾਇਲ ਕੈਮਰੇ ਵਿੱਚ ਕੈਦ ਕਰ ਲਈ ਇਸ ਤੋਂ ਬਾਅਦ ਸ਼ੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ।