ਚੰਡੀਗੜ੍ਹ : ਸਰਬ ਪਾਰਟੀ ਵਫ਼ਦ ਆਈਜੀ ਕੁਵੰਰ ਵਿਜੇ ਪ੍ਰਤਾਪ ਦੇ ਤਬਾਦਲੇ ਨੂੰ ਰੋਕਣ ਲਈ ਚੋਣ ਕਮਿਸ਼ਨ ਨਾਲ 16 ਅਪ੍ਰੈਲ ਨੂੰ ਮੁਲਾਕਾਤ ਕਰੇਗਾ। ਇਸ ਦੀ ਜਾਣਕਾਰੀ ਸਾਬਕਾ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਨੇ ਦਿੱਤੀ।
ਕੁੰਵਰ ਵਿਜੇ ਪ੍ਰਤਾਪ ਦੇ ਤਬਾਦਲੇ ਵਿਰੁੱਧ ਚੋਣ ਕਮਿਸ਼ਨ ਨੂੰ ਮਿਲੇਗਾ ਸਰਬ-ਪਾਰਟੀ ਵਫ਼ਦ - transfer
ਸਰਬ ਪਾਰਟੀ ਵਫ਼ਦ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਮੁਖੀ ਆਈਜੀ ਕੁਵੰਰ ਵਿਜੇ ਪ੍ਰਤਾਪ ਦੇ ਤਬਾਦਲੇ ਵਿਰੁੱਧ 16 ਅਪ੍ਰੈਲ ਨੂੰ ਚੋਣ ਕਮਿਸ਼ਨ ਨਾਲ ਮੁਲਾਕਾਤ ਕਰੇਗਾ। ਬੀਤੇ ਦਿਨੀਂ ਚੋਣ ਕਮਿਸ਼ਨ ਵੱਲੋਂ ਆਈਜੀ ਕੁੰਵਰ ਵਿਜੇ ਪ੍ਰਤਾਪ ਦਾ ਤਬਾਦਲਾ ਕਰ ਦਿੱਤਾ ਗਿਆ ਸੀ, ਜਿਸਦਾ ਸਿਆਸੀ ਪਾਰਟੀਆਂ ਤੇ ਕਈ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।
ਜਾਣਕਾਰੀ ਮੁਤਾਬਕ ਸਰਬ ਪਾਰਟੀ ਵਫ਼ਦ ਇਕੱਠਾ ਕਰਨ ਦੀ ਪਹਿਲਕਦਮੀ ਹਰਵਿੰਦਰ ਸਿੰਘ ਫੂਲਕਾ ਨੇ ਕੀਤੀ। ਇਸ ਵਫ਼ਦ ਵਿੱਚ ਸੂਬਾ ਸਰਕਾਰ ਦੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ, ਸੁਖਪਾਲ ਸਿੰਘ ਖਹਿਰਾ ਅਤੇ ਹਰਵਿੰਦਰ ਸਿੰਘ ਫੂਲਕਾ ਸਮੇਤ ਕਈ ਸਿਆਸੀ ਆਗੂ ਮੌਜੂਦ ਹੋਣਗੇ। ਇਹ ਵਫ਼ਦ ਆਈਜੀ ਕੁੰਵਰ ਵਿਜੇ ਪ੍ਰਤਾਪ ਦੇ ਤਬਾਦਲੇ ਨੂੰ ਰੋਕਣ ਲਈ ਮੁੱਖ ਚੋਣ ਕਮਿਸ਼ਨ ਨਾਲ ਵਿਸ਼ੇਸ਼ ਬੈਠਕ ਕਰੇਗਾ।
ਜ਼ਿਕਰਯੋਗ ਹੈ ਕਿ ਆਈਜੀ ਕੁੰਵਰ ਵਿਜੇ ਪ੍ਰਤਾਪ ਸਾਲ 2015 ਵਿੱਚ ਹੋਏ ਬੇਅਦਬੀ ਕਾਂਡ ਮਾਮਲੇ ਦੀ ਜਾਂਚ ਕਰ ਰਹੇ ਸਨ। ਚੋਣ ਕਮਿਸ਼ਨ ਵੱਲੋਂ ਉਨ੍ਹਾਂ ਦਾ ਤਬਾਦਲਾ ਕੀਤੇ ਜਾਣ ਨੂੰ ਲੈ ਕੇ ਲੋਕਾਂ ਵਿੱਚ ਕਾਫ਼ੀ ਰੋਸ ਹੈ। ਇਸ ਤਬਾਦਲੇ ਨੂੰ ਰੋਕਣ ਲਈ ਹਰਵਿੰਦਰ ਸਿੰਘ ਫੂਲਕਾ ਨੇ ਚੋਣ ਕਮਿਸ਼ਨ ਨੂੰ ਇੱਕ ਚਿੱਠੀ ਵੀ ਲਿੱਖੀ ਸੀ ਅਤੇ ਉਸ ਵਿੱਚ ਆਈਜੀ ਦੇ ਤਬਾਦਲੇ ਕਾਰਨ ਬੇਅਦਬੀ ਕਾਂਡ ਮਾਮਲੇ ਦੀ ਜਾਂਚ ਪ੍ਰਭਾਵਤ ਹੋਣ ਦੀ ਗੱਲ ਕਹੀ ਸੀ।