ਨਸ਼ੇ ਦੇ ਖਾਤਮੇ ਲਈ ਨੌਜਵਾਨਾਂ ਨੇ ਸ਼ਮਸ਼ਾਨ ਘਾਟ 'ਚ ਚੁੱਕੀ ਸਹੁੰ, ਕਿਹਾ- ਪਿੰਡ ਚੋਂ ਮਿਟਾ ਦਿਆਂਗੇ ਨਸ਼ਾ ਬਠਿੰਡਾ: ਨਸ਼ੇ ਦੇ ਕਾਰੋਬਾਰ ਵਿੱਚ ਬਦਨਾਮ ਹੋਇਆ ਬਠਿੰਡਾ ਦਾ ਪਿੰਡ ਬੀੜ ਤਲਾਬ ਸੁਰਖੀਆਂ ਵਿੱਚ ਬਣਿਆ ਹੋਇਆ ਹੈ। ਆਏ ਦਿਨ ਇਸ ਪਿੰਡ ਵਿੱਚੋਂ ਵੱਡੀ ਪੱਧਰ 'ਤੇ ਨਸ਼ਾ ਤਸਕਰਾਂ ਦੀਆਂ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਅਤੇ ਪੁਲਿਸ ਵੱਲੋਂ ਵੀ ਲਗਾਤਾਰ ਛਾਪੇਮਾਰੀ ਕੀਤੀ ਜਾਂਦੀ ਹੈ। ਪਿੰਡ ਦੀ ਨਸ਼ਿਆਂ ਕਾਰਨ ਹੋ ਰਹੀ ਬਦਨਾਮੀ ਦੇ ਚੱਲਦਿਆਂ ਹੁਣ ਇੱਥੋਂ ਦੇ ਨੌਜਵਾਨਾਂ ਵੱਲੋਂ ਪਿੰਡ ਦੇ ਹੀ ਸ਼ਮਸ਼ਾਨ ਘਾਟ ਵਿੱਚ ਜਾ ਕੇ ਸੰਸਕਾਰ ਵਾਲੀ ਥਾਂ ਉੱਤੇ ਇਕਜੁੱਟ ਹੋ ਕੇ ਸਹੁੰ ਚੁੱਕੀ ਗਈ ਹੈ ਕਿ ਪਿੰਡ ਵਿੱਚ ਨਸ਼ੇ ਦੇ ਕਾਰੋਬਾਰ ਨੂੰ ਹਰ ਹਾਲਤ ਬੰਦ ਕਰਕੇ ਰਹਿਣਗੇ।
ਵੱਡੀ ਗਿਣਤੀ ਵਿੱਚ ਇਕੱਠੇ ਹੋਏ ਨੌਜਵਾਨਾਂ ਦਾ ਕਹਿਣਾ ਹੈ ਕੇ ਪਿੰਡ ਵਿੱਚ 90 ਫੀਸਦੀ ਘਰ ਨਸ਼ੇ ਦਾ ਕਾਰੋਬਾਰ ਕਰ ਰਹੇ ਹਨ ਅਤੇ ਪਿੰਡ ਦੇ ਨੌਜਵਾਨ ਹੀ ਨਸ਼ੇ ਦੀ ਭੇਂਟ ਚੜ੍ਹ ਰਹੇ ਹਨ। ਹੁਣ ਤੱਕ 30 ਤੋਂ 35 ਨੌਜਵਾਨ ਨਸ਼ੇ ਦੀ ਲੱਤ ਕਾਰਨ ਮੌਤ ਦੀ ਰਾਹ ਪੈ ਚੁੱਕੇ ਹਨ। ਇਸ ਤੋਂ ਕਈ ਨੌਜਵਾਨ ਕਾਲੇ ਪੀਲੀਏ ਅਤੇ ਏਡਜ਼ ਵਰਗੀ ਨਾ ਮੁਰਾਦ ਬਿਮਾਰੀ ਤੋਂ ਪੀੜਤ ਹਨ।
ਨਸ਼ੇ ਦਾ ਖਾਤਮਾ ਕਰ ਕੇ ਰਹਾਂਗੇ : ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਇਕੱਠੇ ਹੋ ਕੇ ਨੌਜਵਾਨਾਂ ਵੱਲੋਂ ਸੰਸਕਾਰ ਕਰਨ ਵਾਲੇ ਥਾਂ ਉੱਤੇ ਸਹੁੰ ਚੁੱਕਣ ਸਬੰਧੀ ਜਦੋਂ ਈਟੀਵੀ ਭਾਰਤ ਵਲੋਂ ਉਨ੍ਹਾਂ ਨਾਲ ਗੱਲਬਾਤ ਕੀਤੀ ਗਈ, ਨੌਜਵਾਨਾਂ ਨੇ ਦੱਸਿਆ ਕਿ ਇਹ ਹਰ ਮਨੁੱਖ ਦਾ ਆਖਰੀ ਘਰ ਹੁੰਦਾ ਹੈ। ਇਸ ਤੋਂ ਉੱਪਰ ਕੁਝ ਨਹੀਂ ਹੈ। ਅਸੀਂ ਨਸ਼ੇ ਕਾਰਨ ਪਹਿਲਾਂ ਹੀ ਮਰੇ ਪਏ ਹਾਂ, ਕਿਉਂਕਿ ਉਨ੍ਹਾਂ ਦੇ ਪਿੰਡ ਵਿੱਚ ਨਸ਼ਾ ਇਸ ਕਦਰ ਫੈਲ ਚੁੱਕਾ ਹੈ ਕਿ ਉਹ ਹਨ੍ਹੇਰੇ ਸਵੇਰੇ ਘਰ ਤੋਂ ਬਾਹਰ ਨਿਕਲਣ ਤੋਂ ਵੀ ਡਰਦੇ ਸਨ। ਨਸ਼ੇ ਦੇ ਆਦੀ ਨੌਜਵਾਨਾਂ ਵੱਲੋਂ ਲਗਾਤਾਰ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਇਸ ਡਰ ਨੂੰ ਕੱਢਣ ਲਈ ਉਨ੍ਹਾਂ ਵੱਲੋਂ ਅੱਜ ਸ਼ਮਸ਼ਾਨ ਘਾਟ ਵਿਖੇ ਪਹੁੰਚ ਕੇ ਸਹੁੰ ਚੁੱਕੀ ਗਈ ਕਿ ਉਹ ਹਰ ਹਾਲਤ ਵਿੱਚ ਪਿੰਡ ਚੋਂ ਨਸ਼ਾ ਖ਼ਤਮ ਕਰਕੇ ਰਹਿਣਗੇ।
ਨਸ਼ੇ ਦੇ ਖਾਤਮੇ ਲਈ ਨੌਜਵਾਨਾਂ ਨੇ ਸ਼ਮਸ਼ਾਨ ਘਾਟ 'ਚ ਚੁੱਕੀ ਸਹੁੰ ਨਸ਼ਾ ਰੋਕੂ ਕਮੇਟੀ ਦੇ ਮੈਂਬਰ ਵੀ ਕਰਵਾਉਣਗੇ ਡੋਪ ਟੈਸਟ: ਇਸ ਦੇ ਨਾਲ ਹੀ, ਪਿੰਡ ਵਿੱਚ ਨਸ਼ਾ ਰੋਕੂ ਕਮੇਟੀ ਬਣਾਈ ਜਾਵੇਗੀ, ਜੋ ਪੰਜਾਬ ਦੀ ਪਹਿਲੀ ਅਜਿਹੀ ਨਸ਼ਾ ਰੋਕੂ ਕਮੇਟੀ ਹੋਵੇਗੀ ਜਿਸ ਦੇ ਮੈਂਬਰਾਂ ਵੱਲੋਂ ਖੁਦ ਪਹਿਲਾਂ ਡੋਪ ਟੈਸਟ ਕਰਵਾਇਆ ਜਾਵੇਗਾ। ਜੇਕਰ ਕੋਈ ਵਿਅਕਤੀ ਨਸ਼ੇ ਨਾਲ ਪੀੜਿਤ ਪਾਇਆ ਗਿਆ ਤਾਂ ਉਸ ਨੂੰ ਕਿਸੇ ਵੀ ਹਾਲਤ ਵਿੱਚ ਨਸ਼ਾ ਰੋਕੂ ਕਮੇਟੀ ਵਿੱਚ ਸ਼ਾਮਿਲ ਨਹੀਂ ਕੀਤਾ ਜਾਵੇਗਾ ਅਤੇ ਜਿਹੜਾ ਨੌਜਵਾਨ ਨਸ਼ਾ ਰੋਕੂ ਕਮੇਟੀ ਦਾ ਮੈਂਬਰ ਹੋਵੇਗਾ ਅਤੇ ਬਾਅਦ ਵਿੱਚ ਉਹ ਕਿਸੇ ਤਰ੍ਹਾਂ ਦਾ ਨਸ਼ਾ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਲਾਏ ਜਾ ਰਹੇ ਠੀਕਰੀ ਪਹਿਰੇ : ਬੀੜ ਤਲਾਬ ਬਸਤੀ ਵਿਚਲੇ ਲੋਕਾਂ ਦਾ ਕਹਿਣਾ ਹੈ ਕਿ ਸ਼ਾਇਦ ਹੀ ਕੋਈ ਘਰ ਹੋਵੇਗਾ, ਜੋ ਨਸ਼ੇ ਕਾਰਨ ਪ੍ਰਭਾਵਿਤ ਨਹੀਂ ਹੋਇਆ। ਬਸਤੀ ਵਿੱਚ 90 ਫੀਸਦੀ ਲੋਕ ਨਸ਼ੇ ਦਾ ਕਾਰੋਬਾਰ ਕਰ ਰਹੇ ਸਨ। ਨਸ਼ੇ ਦੇ ਕਾਰੋਬਾਰ ਕਾਰਨ ਨਸ਼ੇ ਦੇ ਆਦੀ ਨੌਜਵਾਨ ਮੌਤ ਦੇ ਮੂੰਹ ਵੱਲ ਜਾ ਰਹੇ ਹਨ। ਨੌਜਵਾਨਾਂ ਨੇ ਦੱਸਿਆ ਕਿ ਅੱਜ ਅਸੀਂ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਕਮੇਟੀ ਦੇ ਲਗਭਗ 60 ਮੈਂਬਰ ਇਕੱਠੇ ਹੋਏ ਅਤੇ ਉੱਥੇ ਨਸ਼ਾ ਖ਼ਤਮ ਕਰਨ ਨੂੰ ਲੈ ਕੇ ਸਹੁੰ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਬਹੁਤ ਸਾਰੇ ਲੋਕ ਜੋ ਪੰਜਾਬ ਤੋਂ ਬਾਹਰੋਂ ਆਏ ਹਨ, ਉਹ ਨਸ਼ਾ ਤਸਕਰੀ ਦਾ ਕੰਮ ਕਰਦੇ ਹਨ। ਉਨ੍ਹਾਂ ਕਿਹਾ ਨਸ਼ਾ ਤਸਕਰਾਂ ਨੂੰ ਫੜਨ ਲਈ ਪਿੰਡ ਵਿੱਚ ਚਾਰ ਅਲੱਗ ਅਲੱਗ ਥਾਵਾਂ 'ਤੇ ਦਿਨ ਰਾਤ ਠੀਕਰੀ ਪਹਿਰੇ ਵੀ ਲਾਏ ਜਾ ਰਹੇ ਹਨ। ਨੌਜਵਾਨਾਂ ਨੇ ਦੱਸਿਆ ਕਿ ਅਸੀਂ ਪ੍ਰਸ਼ਾਸਨ ਦੇ ਨਾਲ ਖੜ੍ਹੇ ਹਾਂ, ਹੁਣ ਉਹ ਸਾਡਾ ਸਾਥ ਦੇਵੇ, ਤਾਂ ਅਸੀਂ ਪਿੰਡ ਚੋਂ ਨਸ਼ੇ ਦਾ ਨਾਮੋ-ਨਿਸ਼ਾਨ ਹੀ ਮਿਟਾ ਦਿਆਂਗੇ।