ਮਿਲਟਸ ਤੋਂ ਤਿਆਰ ਕੀਤੀ ਜਾ ਰਹੀ ਹੈ ਸ਼ੁੱਧ ਅਤੇ ਪੋਸ਼ਟਿਕ ਮਠਿਆਈ ਬਠਿੰਡਾ: ਅੱਜ ਦੀ ਚਮਕ ਵਾਲੀ ਜ਼ਿੰਦਗੀ ਵਿੱਚ ਮਨੁੱਖ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੇ ਘੇਰ ਲਿਆ ਹੈ, ਜਿਸ ਦਾ ਵੱਡਾ ਕਾਰਨ ਖਾਣ-ਪੀਣ ਦੀਆਂ ਵਸਤਾਂ ਵਿੱਚ ਮਿਲਾਵਟ ਖੋਰੀ ਨੂੰ ਮੰਨਿਆ ਜਾ ਰਿਹਾ ਹੈ। ਤਿਉਹਾਰਾਂ ਦੇ ਸੀਜ਼ਨ ਵਿੱਚ ਮਠਿਆਈਆਂ (Sweets in the festive season) ਅੰਦਰ ਮਿਲਾਵਟ ਖੋਰੀ ਵੱਧ ਜਾਂਦੀ ਹੈ ਕਿਉਂਕਿ ਕੁੱਝ ਲਾਲਚੀ ਲੋਕਾਂ ਵੱਲੋਂ ਮਨੁੱਖੀ ਜ਼ਿੰਦਗੀਆਂ ਨਾਲ ਖਿਲਵਾੜ ਕਰਦੇ ਹੋਏ ਆਪਣੇ ਨਿੱਜੀ ਹਿੱਤਾਂ ਨੂੰ ਅੱਗੇ ਰੱਖਿਆ ਜਾਂਦਾ ਪਰ ਬਠਿੰਡਾ ਦੇ ਕਸਬਾ ਫੂਲ ਦੇ ਨੌਜਵਾਨ ਵੱਲੋਂ ਮਿਲਾਵਟ ਖੋਰੀ ਦਾ ਹੱਲ ਲੱਭਦੇ ਹੋਏ ਹੁਣ ਮਿਲਟ ਤੋਂ ਮਠਿਆਈਆਂ ਤਿਆਰ ਕੀਤੀਆਂ ਜਾ ਰਹੀਆਂ। ਇਨ੍ਹਾਂ ਤਿਆਰ ਕੀਤੀਆਂ ਮਠਿਆਈਆਂ ਦੀ ਚਰਚਾ ਜਿੱਥੇ ਪੂਰੇ ਪੰਜਾਬ ਵਿੱਚ ਹੈ, ਉੱਥੇ ਹੀ ਇਹ ਮਿਲਟ ਤੋਂ ਤਿਆਰ ਕੀਤੀਆਂ ਮਠਿਆਈਆਂ ਅਮਰੀਕਾ, ਕੈਨੇਡਾ ਤੱਕ ਲੋਕਾਂ ਵੱਲੋਂ ਮੰਗਵਾਈਆਂ ਜਾ ਰਹੀਆਂ ਹਨ।
ਮਿਲਾਵਟ ਵਾਲੀਆਂ ਮਠਿਆਈਆਂ ਦਾ ਬਦਲ: ਫੂਲ ਦੇ ਰਹਿਣ ਵਾਲੇ ਨੌਜਵਾਨ ਜਗਸੀਰ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਪਿਛਲੇ ਤਿੰਨ ਸਾਲਾਂ ਤੋਂ ਮਿਲਟ ਨਾਲ ਵੱਖ-ਵੱਖ ਤਰ੍ਹਾਂ ਦੇ ਪਕਵਾਨ ਤਿਆਰ ਕੀਤੇ ਜਾ ਰਹੇ ਹਨ ਕਿਉਂਕਿ ਅੱਜ ਦੀ ਜ਼ਿੰਦਗੀ ਵਿੱਚ ਮਿਲਾਵਟ ਵਧਣ ਕਾਰਨ ਮਨੁੱਖ ਭਿਆਨਕ ਬਿਮਾਰੀਆਂ (Terrible diseases) ਦਾ ਸ਼ਿਕਾਰ ਹੋ ਰਿਹਾ ਹੈ। ਹਰ ਚੀਜ਼ ਰੈਡੀਮੇਟ ਹੋਣ ਕਾਰਨ ਸ਼ੁੱਧਤਾ ਦੀ ਕੋਈ ਗਰੰਟੀ ਨਹੀਂ ਰਹੀ, ਜਿਸ ਕਾਰਨ ਉਸ ਵੱਲੋਂ ਮਿਲਟ ਤੋਂ ਕਈ ਤਰ੍ਹਾਂ ਦੀਆਂ ਮਠਿਆਈਆਂ ਤਿਆਰ ਕੀਤੀਆਂ ਗਈਆਂ ਹਨ ਤਾਂ ਜੋ ਲੋਕਾਂ ਨੂੰ ਮਿਲਾਵਟ ਵਾਲੀਆਂ ਮਠਿਆਈਆਂ ਦਾ ਬਦਲ ਦਿੱਤਾ ਜਾ ਸਕੇ।
ਸ਼ੁੱਧਤਾ ਲਈ ਹਰ ਸੰਭਵ ਯਤਨ:ਜਗਸੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕੋਦਰੇ ਦੀਆਂ ਪਿੰਨੀਆਂ ਅਤੇ ਕੰਗਣੀ ਦੀ ਬਰਫੀ ਜੋ ਤਿਆਰ ਕੀਤੀ ਜਾ ਰਹੀ ਹੈ, ਇਸ ਵਿੱਚ ਉਸ ਵੱਲੋਂ ਸ਼ੁੱਧਤਾ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਕਿਉਂਕਿ ਮਿਲਟ ਕੁਦਰਤੀ ਖੁਰਾਕ ਹੈ। ਇਸ ਵਿੱਚ ਕਿਸੇ ਤਰ੍ਹਾਂ ਦੀ ਕੀਟਨਾਸ਼ਕ ਦੀ ਵਰਤੋਂ (Use of pesticides) ਨਹੀਂ ਕੀਤੀ ਜਾਂਦੀ, ਇਸ ਦੇ ਨਾਲ ਹੀ ਉਹਨਾਂ ਵੱਲੋਂ ਮਿਠਾਈਆਂ ਨੂੰ ਤਿਆਰ ਕਰਨ ਲਈ ਜਿਸ ਸ਼ੱਕਰ ਅਤੇ ਦੇਸੀ ਘਿਓ ਦੀ ਵਰਤੋਂ ਕੀਤੀ ਜਾਂਦੀ ਹੈ, ਉਹ ਸ਼ੁੱਧ ਆਰਗੈਨਿਕ ਹੈ। ਦੇਸੀ ਘਿਓ ਤਿਆਰ ਕਰਨ ਲਈ ਉਸ ਵੱਲੋਂ ਆਪਣੇ ਮਿੱਤਰ ਦੋਸਤਾਂ ਨੂੰ ਦਿਵਾਲੀ ਦੇ ਤਿਉਹਾਰ ਤੋਂ ਤਿੰਨ ਚਾਰ ਮਹੀਨੇ ਪਹਿਲਾਂ ਹੀ ਆਖ ਦਿੱਤਾ ਜਾਂਦਾ ਹੈ ਤਾਂ ਜੋ ਉਹ ਵੱਡੀ ਗਿਣਤੀ ਵਿੱਚ ਦੇਸੀ ਘਿਓ ਨੂੰ ਘਰ ਵਿੱਚ ਹੀ ਤਿਆਰ ਕਰਨ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਦੇਸ਼ ਘਿਓ ਨਾਲ ਆਪਣੇ ਪੱਧਰ ਦੇ ਉੱਪਰ ਮਿਲਟ ਦੇ ਵੱਖ-ਵੱਖ ਤਰ੍ਹਾਂ ਦੇ ਪਕਵਾਨ ਦਿਵਾਲੀ ਉੱਤੇ ਤਿਆਰ ਕੀਤੇ ਜਾਂਦੇ ਹਨ।
ਗੰਭੀਰ ਬਿਮਾਰੀਆਂ ਤੋਂ ਛੁਟਕਾਰਾ:ਇਹਨਾਂ ਪਕਵਾਨਾਂ ਦਾ ਮੁੱਖ ਤੌਰ ਉੱਤੇ ਫਾਇਦਾ ਇਹ ਹੈ ਕਿ ਇਸ ਨਾਲ ਮਨੁੱਖ ਨੂੰ ਕਈ ਗੰਭੀਰ ਬਿਮਾਰੀਆਂ ਤੋਂ ਛੁਟਕਾਰਾ (Relief from serious diseases) ਮਿਲਦਾ ਹੈ। ਜਿਨ੍ਹਾਂ ਵਿੱਚ ਸ਼ੂਗਰ, ਬਲੱਡ ਪ੍ਰੈਸ਼ਰ ਅਤੇ ਪੇਟ ਦੀਆਂ ਬਿਮਾਰੀਆਂ ਪ੍ਰਮੁੱਖ ਹਨ। ਇਸ ਦੇ ਨਾਲ ਹੀ ਇਹ ਤਿਆਰ ਕੀਤੀਆਂ ਮਠਿਆਈਆਂ ਪੋਸ਼ਟਿਕ ਭਰਪੂਰ ਹੁੰਦੀਆਂ ਹਨ, ਜਿਸ ਦਾ ਮਨੁੱਖ ਦੇ ਸਰੀਰ ਨੂੰ ਵੱਡਾ ਲਾਭ ਹੁੰਦਾ ਹੈ। ਜਗਸੀਰ ਸਿੰਘ ਨੇ ਦੱਸਿਆ ਕਿ ਇਹਨਾਂ ਮਠਿਆਈਆਂ ਨੂੰ ਤਿਆਰ ਕਰਨ ਲਈ ਜੋ-ਜੋ ਸਮਾਨ ਦੀ ਲੋੜ ਹੁੰਦੀ ਹੈ ਉਸ ਨੂੰ ਉਹ ਖੁਦ ਚੈੱਕ ਕਰਕੇ ਪਾਉਂਦੇ ਹਨ ਅਤੇ ਮਿਕਦਾਰ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ। ਉਹਨਾਂ ਦੱਸਿਆ ਕਿ ਬਾਜ਼ਾਰ ਵਿੱਚ ਮਿਲਣ ਵਾਲੀਆਂ ਮਠਿਆਈਆਂ ਅਤੇ ਉਨ੍ਹਾਂ ਵੱਲੋਂ ਤਿਆਰ ਕੀਤੇ ਮਿਲਟਸ ਦੇ ਵੱਖ-ਵੱਖ ਪਕਵਾਨਾਂ ਦੇ ਸਵਾਦ ਵਿੱਚ ਕੋਈ ਬਹੁਤਾ ਅੰਤਰ ਨਹੀਂ ਹੁੰਦਾ ਪਰ ਗੁਣਾਂ ਵਿੱਚ ਜ਼ਮੀਨ-ਅਸਮਾਨ ਦਾ ਫਰਕ ਹੁੰਦਾ ਹੈ। ਜਗਸੀਰ ਸਿੰਘ ਦਾ ਇੱਕੋ ਮਿਸ਼ਨ ਹੈ ਕਿ ਉਸ ਵੱਲੋਂ ਇੱਕ ਸਲੋਗਨ ਤਹਿਤ ਇਹ ਮਿਲਟਸ ਤੋਂ ਪਕਵਾਨ ਤਿਆਰ ਕੀਤੇ ਜਾ ਰਹੇ ਹਨ ਕਿ 'ਜਿਸ ਦੀ ਸੁਧਰਗੀ ਰਸੋਈ ਉਹ ਨੂੰ ਰਹੇ ਰੋਗ ਨਾ ਕੋਈ' ਤਹਿਤ ਉਹ ਇਸ ਮਿਸ਼ਨ ਉੱਤੇ ਕੰਮ ਕਰ ਰਹੇ ਹਨ ਤਾਂ ਜੋ ਮਨੁੱਖੀ ਸਿਹਤ ਨੂੰ ਨਿਰੋਗ ਕੀਤਾ ਜਾ ਸਕੇ।