ਬਠਿੰਡਾ: ਕੇਂਦਰੀ ਜੇਲ੍ਹ ਵਿੱਚ ਸ਼ੱਕੀ ਹਾਲਾਤਾਂ ਵਿੱਚ ਇੱਕ ਨੌਜਵਾਨ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਮੌਤ ਦੇ ਜ਼ਿੰਮੇਵਾਰ ਜੇਲ੍ਹ ਅਧਿਕਾਰੀ ਹਨ। ਪੁੱਤਰ ਦੀ ਮੌਤ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਗੁੱਸੇ ਵਿੱਚ ਮੇਨ ਹਾਈਵੇ ਰੋਡ ਜਾਮ ਕਰ ਦਿੱਤਾ ਹੈ, ਜਿਸ ਦੇ ਚਲਦਿਆਂ ਟ੍ਰੈਫ਼ਿਕ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਦੇ ਪਿਤਾ ਜਸਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਬਿੰਦਰ ਸਿੰਘ ਉੱਤੇ ਐਨਡੀਪੀਐਸ ਐਕਟ ਤਹਿਤ ਥਾਣਾ ਨੰਦਗੜ੍ਹ ਵਿੱਚ ਮਾਮਲਾ ਦਰਜ ਸੀ ਜਿਸ ਕਰਕੇ ਉਹ ਜੇਲ੍ਹ ਵਿੱਚ ਬੰਦ ਸੀ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਉਨ੍ਹਾਂ ਨੂੰ ਫ਼ੋਨ ਆਇਆ ਸੀ ਕਿ ਬਿੰਦਰ ਸਿੰਘ ਦੀ ਸਿਹਤ ਠੀਕ ਨਹੀਂ ਹੈ, ਜਿਸ ਤੋਂ ਬਾਅਦ ਉਹ ਜੇਲ੍ਹ ਪਹੁੰਚੇ ਤਾਂ ਜੇਲ੍ਹ ਅਧਿਕਾਰੀਆਂ ਨੇ ਉਸ ਨੂੰ ਮਿਲਣ ਨਹੀਂ ਦਿੱਤਾ। ਜੇਲ੍ਹ ਅਧਿਕਾਰੀਆਂ ਨੇ ਕਿਹਾ ਉਹ ਸੋਮਵਾਰ ਆਉਣ ਤੇ ਆਪਣੇ ਪੁੱਤਰ ਨੂੰ ਮਿਲ ਲੈਣ।