ਭਿਆਨਕ ਗਰਮੀ ਵਿੱਚ ਬਾਹਰ ਨਿਕਲਣ ਤੋਂ ਪਹਿਲਾਂ ਖਾਸ ਗੱਲ੍ਹਾਂ ਦਾ ਰੱਖੋ ਧਿਆਨ ਬਠਿੰਡਾ:ਮੌਸਮ ਵਿਭਾਗ ਵੱਲੋਂ ਗਰਮੀ ਦੇ ਵਧਣ ਦੇ ਸੰਕੇਤ ਦੇ ਚਲਦਿਆਂ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ਜਿਸ ਦੇ ਚਲਦੇ ਪੰਜਾਬ ਦੇ ਲੋਕਾਂ ਨੂੰ ਸੁਰੱਖਿਅਤ ਰਹਿਣ ਦੀ ਖ਼ਾਸ ਜ਼ਰੂਰਤ ਹੈ। ਕਿਉਂਕਿ, ਇਹ ਗਰਮੀ ਬੱਚਿਆਂ ਲਈ ਅਤੇ ਬਜ਼ੁਰਗਾਂ ਲਈ ਕਾਫ਼ੀ ਵੱਡੀ ਆਫ਼ਤ ਹੁੰਦੀ ਹੈ। ਬਦਲਦੇ ਮੌਸਮ ਦੇ ਮਿਜ਼ਾਜ ਦੇ ਕਾਰਨ ਬੀਮਾਰੀਆਂ ਦੀ ਚਪੇਟ ਵਿੱਚ ਆ ਜਾਂਦੇ ਹਨ। ਗਰਮੀ ਦੇ ਵੱਧ ਰਹੇ ਪ੍ਰਕੋਪ ਦੇ ਚਲਦਿਆਂ ਡਾਕਟਰ ਵੱਲੋ 12 ਵਜੇ ਤੋਂ ਸ਼ਾਮ 6 ਵਜੇ ਤਕ ਘਰੋਂ ਨਿਕਲਣ ਤੋਂ ਪਰਹੇਜ਼ ਕਰਨ ਦੀਆਂ ਹਿਦਾਇਤ ਦਿੱਤੀਆਂ ਗਈਆਂ ਹਨ।
ਵਧਦੀ ਗਰਮੀ ਨੇ ਬਿਮਾਰੀਆਂ 'ਚ ਵੀ ਕੀਤਾ ਇਜ਼ਾਫਾ:ਸਰਕਾਰੀ ਹਸਪਤਾਲ ਦੇ ਡਾਕਟਰ ਰਵੀ ਕਾਂਤ ਨੇ ਦੱਸਿਆ ਨੇ ਇਨੀਂ ਦਿਨੀਂ ਮੌਸਮ ਵਿੱਚ ਆਈ ਤਬਦੀਲੀ ਕਾਰਨ ਤਾਪਮਾਨ ਤੇਜ਼ੀ ਨਾਲ ਵਧਿਆ ਹੈ ਜਿਸ ਕਾਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਵਿੱਚ ਵੀ ਇਜ਼ਾਫਾ ਹੋਇਆ ਹੈ। ਇਸ ਸਮੇਂ ਉਨ੍ਹਾਂ ਪਾਸ ਦਸਤ, ਉਲਟੀਆਂ ਤੇ ਡਾਇਰੀਆ ਦੇ ਕੇਸ ਆ ਰਹੇ ਹਨ, ਪਰ ਜਿਸ ਹਿਸਾਬ ਨਾਲ ਤਾਪਮਾਨ ਵਧ ਰਿਹਾ ਹੈ, ਆਉਂਦੇ ਦਿਨਾਂ ਵਿੱਚ ਉਨ੍ਹਾਂ ਕੋਲ ਗਰਮੀ ਲੱਗਣ ਦੇ ਕੇਸ ਆਉਣੇ ਸ਼ੁਰੂ ਹੋ ਜਾਣਗੇ।
ਉਨ੍ਹਾਂ ਦੱਸਿਆ ਕਿ ਗਰਮੀ ਲੱਗਣ ਨਾਲ ਮਨੁੱਖ ਦੇ ਬਲੱਡ ਪ੍ਰੈਸ਼ਰ ਘੱਟਣ ਦਾ ਡਰ ਬਣਿਆ ਰਹਿੰਦਾ ਹੈ ਜੇਕਰ ਕੋਈ ਵਿਅਕਤੀ ਗਰਮੀ ਦੀ ਲਪੇਟ ਵਿੱਚ ਆ ਜਾਂਦਾ ਹੈ, ਤਾਂ ਉਸ ਦੇ ਦਿਮਾਗ ਨੂੰ ਖੂਨ ਦੀ ਸਪਲਾਈ ਬੰਦ ਹੋਣ ਕਾਰਨ ਚੱਕਰ ਆਉਣ ਲੱਗਦੇ ਹਨ ਅਤੇ ਬੇਹੋਸ਼ੀ ਦੀ ਹਾਲਤ ਵਿਚ ਚਲਾ ਜਾਂਦਾ ਹੈ। ਅਜਿਹਾ ਇਸ ਕਾਰਨ ਹੁੰਦਾ ਹੈ ਕਿ ਸੂਰਜ ਦੀ ਰੌਸ਼ਨੀ ਕਾਰਨ ਸਰੀਰ ਦਾ ਤਾਪਮਾਨ ਵਧਦਾ ਹੈ ਜਿਸ ਕਾਰਨ ਉਸ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਪੀਲੀਆ, ਹੈਪੀਟੇਟਸ, ਡੀਹਾਈਡ੍ਰੇਸ਼ਨ, ਬੁਖਾਰ, ਖੰਘ ਅਤੇ ਜ਼ੁਕਾਮ ਆਦਿ ਹੋਣ ਦਾ ਖ਼ਤਰਾ ਵਧਿਆ ਰਹਿੰਦਾ ਹੈ। ਇਸ ਕਰਕੇ ਸਰਕਾਰ ਵੱਲੋਂ ਵੱਧਦੀ ਗਰਮੀ ਨੂੰ ਵੇਖਦਿਆ ਸਕੂਲਾਂ ਵਿੱਚ ਵੀ ਛੁੱਟੀਆਂ ਕੀਤੀਆਂ ਜਾਂਦੀਆਂ ਹਨ।
ਗਰਮੀ ਵਿੱਚ ਨਵਜੰਮੇ ਬੱਚੇ ਦਾ ਰੱਖੋ ਖਾਸ ਧਿਆਨ ਬਾਹਰ ਨਿਕਲਣ ਤੋਂ ਗੁਰੇਜ਼ ਕਰਨ ਲੋਕ:ਡਾਕਟਰ ਰਵੀ ਕਾਂਤ ਨੇ ਕਿਹਾ ਕਿ ਲੋਕਾਂ ਨੂੰ 12 ਵਜੇ ਤੋਂ 6 ਵਜੇ ਤੱਕ ਬਾਹਰ ਨਿਕਲਣ ਤੋਂ ਗੁਰੇਜ ਕਰਨਾ ਚਾਹੀਦਾ ਹੈ, ਜੇਕਰ ਮਜਬੂਰੀ ਵੱਸ ਉਨ੍ਹਾਂ ਨੂੰ ਬਾਹਰ ਨਿਕਲਣਾ ਪਵੇਗਾ, ਤਾਂ ਚਾਰ ਪਹੀਆ ਵਾਹਨ ਦੀ ਵਰਤੋਂ ਕਰਨ ਅਤੇ ਜੋ ਦੋ ਪਹੀਆ ਵਾਹਨ ਉੱਤੇ ਸਫਰ ਕਰਨ, ਤਾਂ ਸਿਰ ਉਪਰ ਗਿੱਲਾ ਤੋਲੀਆਂ ਜਾਂ ਕੱਪੜਾ ਰੱਖਣ। ਗਰਮੀ ਲਗਣ ਕਾਰਨ ਸਰੀਰ ਵਿਚ ਪਾਣੀ ਦੀ ਕਮੀ ਦਾ ਡਰ ਬਣਿਆ ਰਹਿੰਦਾ ਹੈ ਇਸ ਲਈ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ। ਨਿੰਬੂ ਪਾਣੀ, ਸਕੰਜਵੀਂ, ਲੱਸੀ, ਮਸੰਮੀ ਜੂਸ ਅਤੇ ਓਆਰਐਸ ਦੇ ਘੋਲ ਵੀ ਸਮੇਂ-ਸਮੇਂ ਸਿਰ ਲੈਂਦੇ ਰਹਿਣਾ ਚਾਹੀਦਾ ਹੈ।
ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ:ਡਾਕਟਰ ਨੇ ਦੱਸਿਆ ਕਿ ਬਾਹਰੀ ਚੀਜ਼ਾਂ ਖਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਇਸ ਨਾਲ ਇਨਫੈਕਸ਼ਨ ਹੋਣ ਦਾ ਡਰ ਰਹਿੰਦਾ ਹੈ ਅਤੇ ਬੈਕਟੀਰੀਆ ਕਾਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਵਾਰ-ਵਾਰ ਹੱਥ ਧੋਣੇ ਚਾਹੀਦੇ ਹਨ ਅਤੇ ਹਮੇਸ਼ਾ ਓਆਰਐਸ ਜਾਂ ਪਾਣੀ ਨੂੰ ਉਬਾਲ ਕੇ ਹੀ ਵਰਤੋਂ ਵਿੱਚ ਲਿਆਉਣਾ ਚਾਹੀਦਾ ਹੈ। ਖੁੱਲ੍ਹੇ ਅਸਮਾਨ ਥੱਲੇ ਰੱਖੀਆਂ ਖਾਣ-ਪੀਣ ਦੀਆਂ ਚੀਜ਼ਾਂ ਨੂੰ ਨਹੀਂ ਵਰਤਣਾ ਚਾਹੀਦਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਗਰਮੀ ਦੀ ਚਪੇਟ ਵਿੱਚ ਆ ਜਾਂਦਾ ਹੈ, ਤਾਂ ਉਸ ਨੂੰ ਮੁੱਢਲੀ ਸਹਾਇਤਾ ਦੇਣ ਲਈ ਤੁਰੰਤ ਉਸ ਦੇ ਸਿਰ ਉੱਤੇ ਪਾਣੀ ਜਾਂ ਗਿੱਲੇ ਕੱਪੜੇ ਦੀਆਂ ਪੱਟੀਆਂ ਰੱਖੀਆਂ ਜਾਣ ਤਾਂ, ਜੋ ਉਸ ਵਿਅਕਤੀ ਦੇ ਬਲੱਡ ਪ੍ਰੈਸ਼ਰ ਨੂੰ ਨਾਰਮਲ ਕੀਤਾ ਜਾ ਸਕੇ। ਜਿਸ ਤਰੀਕੇ ਨਾਲ ਗਰਮੀ ਦੇ ਕਾਰਨ ਬੱਚਿਆਂ ਦੇ ਬੀਮਾਰ ਹੋਣ ਦਾ ਗ੍ਰਾਫ ਵਧ ਰਿਹਾ ਹੈ। ਉਥੇ ਸਾਨੂੰ ਸਭ ਨੂੰ ਇਸ ਗਰਮੀ ਤੋਂ ਬਚਾਅ ਦੇ ਲਈ ਖਾਸ ਹਦਾਇਤਾਂ ਦੀ ਜ਼ਰੂਰਤ ਹੈ।
ਡਾਕਟਰ ਨੇ ਬਾਹਰ ਰਹਿਣੇ ਵਾਲੇ ਲੋਕਾਂ ਨੂੰ ਦਿੱਤੀ ਖਾਸ ਹਿਦਾਇਤ ਮੌਸਮ ਵਿਭਾਗ ਮੁਤਾਬਕ, ਆਉਣ ਵਾਲੇ ਦਿਨਾਂ 'ਚ ਤਾਪਮਾਨ ਹੋਰ ਵਧ ਸਕਦਾ ਹੈ, ਇਸ ਕਰਕੇ ਜ਼ਰੂਰਤ ਪੈਣ ਉੱਤੇ ਆਪਣੇ ਦਫ਼ਤਰ, ਦੁਕਾਨ ਜਾਂ ਘਰ ਤੋਂ ਬਾਹਰ ਨਿਕਲੋ। ਬੱਚਿਆਂ ਨੂੰ ਇੰਡੌਰ ਗੇਮਜ਼ ਖੇਡਣ ਵੱਲ ਪ੍ਰੇਰਿਤ ਕਰੋ, ਤਾਂ ਜੋ ਤੁਸੀਂ ਅਤੇ ਤੁਹਾਡਾ ਪਰਿਵਾਰ ਸੁਰੱਖਿਅਤ ਰਹਿ ਸਕੇ।