ਗੀਤਾਂਸ਼ ਨੇ ਹਨੂੰਮਾਨ ਚਾਲੀਸਾ ਸੁਣਾ ਕੇ ਬਣਾਇਆ ਵਿਸ਼ਵ ਰਿਕਾਰਡ ਬਠਿੰਡਾ: ਮੌੜ ਮੰਡੀ ਦੇ ਰਹਿਣ ਵਾਲੇ ਪੰਜ ਸਾਲ ਦੇ ਗੀਤਾਸ਼ ਗੋਇਲ ਨੂੰ ਹਨੂੰਮਾਨ ਚਾਲੀਸਾ ਦਾ ਪਾਠ ਮੂੰਹ ਜ਼ੁਬਾਨੀ ਯਾਦ ਹੈ। ਇੰਨਾਂ ਹੀ ਨਹੀਂ, ਜਦੋਂ ਉਸ ਨੇ ਕਰੀਬ 1 ਮਿੰਟ 54 ਸੈਕਿੰਡ ਵਿੱਚ ਹਨੂੰਮਾਨ ਚਾਲੀਸਾ ਦਾ ਪਾਠ ਸੁਣਾਇਆ, ਤਾਂ ਉਸ ਨੇ ਵਿਸ਼ਵ ਰਿਕਾਰਡ ਬਣਾ ਦਿੱਤਾ। ਇੰਡੀਆ ਬੁੱਕਸ ਆਫ਼ ਰਿਕਾਰਡਜ਼ ਤੇ ਵਰਲਡ ਰਿਕਾਰਡ ਆਫ ਯੂਨੀਵਰਸਿਟੀ ਵੱਲੋਂ ਗੀਤਾਂਸ਼ ਦਾ ਨਾਂ ਦਰਜ ਕੀਤੇ ਜਾਣ 'ਤੇ ਦੇਸ਼ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ ਵੀ ਵਿਸ਼ੇਸ਼ ਤੌਰ ਉੱਤੇ ਗੀਤਾਂਸ਼ ਨੂੰ ਰਾਸ਼ਟਰਪਤੀ ਭਵਨ ਬੁਲਾ ਕੇ ਸਨਮਾਨਿਤ ਕੀਤਾ ਗਿਆ ਹੈ। ਦੇਸ਼ ਦੀ ਰਾਸ਼ਟਰਪਤੀ ਨੇ 5 ਸਾਲ ਦੇ ਗੀਤਾਂਸ਼ ਗੋਇਲ ਨੂੰ 'ਰਾਮ ਭਗਤ' ਕਹਿ ਕੇ ਸੰਬੋਧਿਤ ਕੀਤਾ ਅਤੇ ਉਸ ਤੋਂ ਸ੍ਰੀ ਹਨੂੰਮਾਨ ਚਾਲੀਸਾ ਵੀ ਸੁਣਿਆ।
ਰਾਸ਼ਟਰਪਤੀ ਨੂੰ ਮਿਲ ਕੇ ਖੁਸ਼ ਹੋਇਆ ਗੀਤਾਂਸ਼: ਗੀਤਾਂਸ਼ ਗੋਇਲ ਨੇ ਦੱਸਿਆ ਕਿ ਉਸ ਨੂੰ ਦੇਸ਼ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ ਵਿਸ਼ੇਸ਼ ਸੱਦਾ ਪੱਤਰ ਭੇਜ ਕੇ ਬੁਲਾਇਆ ਗਿਆ ਸੀ ਅਤੇ ਉਹ ਆਪਣੇ ਮਾਤਾ-ਪਿਤਾ ਨਾਲ ਦੇਸ਼ ਦੇ ਰਾਸ਼ਟਰਪਤੀ ਜੀ ਨੂੰ ਮਿਲਣ ਲਈ ਰਾਸ਼ਟਰਪਤੀ ਭਵਨ ਗਿਆ ਸੀ। ਗੀਤਾਂਸ਼ ਗੋਇਲ ਦੀ ਮਾਂ ਅਮਨਦੀਪ ਨੇ ਦੱਸਿਆ ਉਹ ਯੂਕੇਜੀ ਦਾ ਵਿਦਿਆਰਥੀ ਹੈ ਅਤੇ ਉਸ ਨੂੰ ਜ਼ੁਬਾਨੀ ਹਨੂੰਮਾਨ ਚਾਲੀਸਾ ਯਾਦ ਹੈ। ਗੀਤਾਂਸ਼ ਨੂੰ ਹਨੂੰਮਾਨ ਚਾਲੀਸਾ ਉਸ ਦੇ ਮਾਤਾ-ਪਿਤਾ ਤੇ ਦਾਦਾ-ਦਾਦੀ ਨੇ ਸਿਖਾਇਆ ਹੈ।
ਪਰਿਵਾਰ ਵਿੱਚ ਮਿਲਿਆ ਧਾਰਮਿਕ ਮਾਹੌਲ: ਗੀਤਾਂਸ਼ ਗੋਇਲ ਦੇ ਪਿਤਾ ਡਾਕਟਰ ਵਿਪਨ ਗੋਇਲ ਅਤੇ ਮਾਤਾ ਡਾਕਟਰ ਅਮਨਦੀਪ ਗੋਇਲ ਨੇ ਦੱਸਿਆ ਕਿ ਉਹ ਜਦੋਂ ਆਪਣੇ ਘਰ ਵਿੱਚ ਪੂਜਾ ਪਾਠ ਕਰਦੇ ਸਨ, ਤਾਂ ਹੌਲੀ-ਹੌਲੀ ਗੀਤਾਂਸ਼ ਵੱਲੋਂ ਹਨੂੰਮਾਨ ਚਾਲੀਸਾ ਦੀਆ ਸਤਰਾਂ ਗਾਈਆਂ ਜਾਂਦੀਆਂ ਸਨ। ਗੀਤਾਂਸ਼ ਨੇ ਹਨੂੰਮਾਨ ਚਾਲੀਸਾ ਦਾ ਪੂਰਾ ਪਾਠ ਮੂੰਹ ਜ਼ੁਬਾਨੀ ਹੀ ਯਾਦ ਕਰ ਲਿਆ ਤੇ ਫਿਰ ਉਹ ਕਰੀਬ 2 ਮਿੰਟ ਦੇ ਅੰਦਰ ਹੀ ਹਨੂੰਮਾਨ ਚਾਲੀਸਾ ਦਾ ਪਾਠ ਕਰਨ ਲੱਗਾ, ਜਿਸ ਕਾਰਨ ਗੀਤਾਂਸ ਦਾ ਨਾਂ ਇੰਡੀਆ ਬੁੱਕ ਆਫ ਰਿਕਾਰਡਜ਼ ਅਤੇ ਵਰਲਡ ਰਿਕਾਰਡ ਯੂਨੀਵਰਸਿਟੀ ਵਿੱਚ ਦਰਜ ਹੋ ਗਿਆ ਹੈ। ਇਸ ਤੋਂ ਇਲਾਵਾ ਵੀ ਗੀਤਾਂਸ਼ ਨੇ ਕਈ ਪ੍ਰੋਗਰਾਮਾਂ ਵਿੱਚ ਹਨੂੰਮਾਨ ਚਾਲੀਸਾ ਦਾ ਪਾਠ ਕਰਕੇ ਇਨਾਮ ਜਿੱਤੇ ਹਨ।
ਮਾਤਾ-ਪਿਤਾ ਨੂੰ ਬੱਚੇ ਉੱਤੇ ਮਾਣ:ਉਨ੍ਹਾਂ ਦੱਸਿਆ ਕਿ ਸ੍ਰੀ ਹਨੂੰਮਾਨ ਸਕੇਰਤਨ ਮੰਡਲ ਵੱਲੋਂ ਕਰਵਾਏ ਗਏ ਸਮਾਗਮ ਵਿੱਚ ਗੀਤਾਂਸ਼ ਵੱਲੋਂ ਪਹਿਲੀ ਵਾਰ 4 ਸਾਲ ਦੀ ਉਮਰ ਵਿੱਚ ਹਨੂੰਮਾਨ ਚਾਲੀਸਾ ਦਾ ਪਾਠ ਸੁਣਾਇਆ ਗਿਆ ਸੀ, ਜਿੱਥੇ ਪ੍ਰਬੰਧਕਾਂ ਵੱਲੋਂ ਖੁਸ਼ ਹੋ ਕੇ ਸੋਨੇ ਦੀ ਚੇਨ ਨਾਲ ਸਨਮਾਨਿਤ ਕੀਤਾ। ਲਗਾਤਾਰ ਅਭਿਆਸ ਕਾਰਨ ਗੀਤਾਂਸ਼ ਵੱਲੋਂ ਹੁਣ ਹਨੂੰਮਾਨ ਚਾਲੀਸਾ ਇੱਕ ਤੋਂ ਡੇਢ ਮਿੰਟ ਵਿੱਚ ਹੀ ਸੁਣਾਇਆ ਜਾਂਦਾ ਹੈ। ਗੀਤਾਂਸ਼ ਦੇ ਮਾਤਾ-ਪਿਤਾ ਨੇ ਕਿਹਾ ਕੀ ਰਾਸ਼ਟਰਪਤੀ ਨੂੰ ਮਿਲ ਕੇ ਉਹ ਬਹੁਤ ਖੁਸ਼ ਹਨ ਅਤੇ ਇਸ ਦੇ ਨਾਲ ਹੀ, ਉਨ੍ਹਾਂ ਨੂੰ ਗੀਤਾਂਸ਼ 'ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਉਹ ਹਰ ਪਾਸੇ ਗੀਤਾਂਸ਼ ਦੇ ਨਾਂਅ ਨਾਲ ਜਾਣੇ ਜਾਂਦੇ ਹਨ।