ਬਠਿੰਡਾ: ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਵਿਸ਼ਵ ਕਬੱਡੀ ਕੱਪ 2019 ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਟੂਰਨਾਮੈਂਟ ਦਾ ਸਫਰ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਸ਼ੁਰੂ ਹੋ ਕੇ ਅੱਜ ਬਠਿੰਡਾ ਵਿਖੇ ਆ ਪਹੁੰਚਿਆ ਹੈ। ਅੱਜ ਬਠਿੰਡਾ ਦੇ ਸਪੋਰਟਸ ਸਟੇਡੀਅਮ ਵਿੱਚ ਦੂਜਾ ਮੈਚ ਭਾਰਤ ਅਤੇ ਆਸਟਰੇਲੀਆ ਵਿਚਾਲੇ ਖੇਡਿਆ ਗਿਆ ਜਿੱਥੇ ਭਾਰਤ ਨੇ ਆਸਟਰੇਲੀਆ 48-34 ਨਾਲ ਹਰਾਇਆ।
ਭਾਰਤ ਕਬੱਡੀ ਟੀਮ ਦੇ ਕਪਤਾਨ ਯਾਦਵਿੰਦਰ ਸਿੰਘ ਸੀ ਜਦਕਿ ਆਸਟਰੇਲੀਆ ਦੇ ਕਪਤਾਨ ਇੰਦਰ ਸਿੰਘ ਆਪਣੀ ਟੀਮ ਨੂੰ ਲੀਡ ਕਰ ਰਹੇ ਸਨ। ਭਾਰਤ ਨੇ ਪਹਿਲਾਂ ਟਾਸ ਜਿੱਤ ਕੇ ਰੇਡ ਕਰਨ ਦਾ ਫੈ਼ਸਲਾ ਲਿਆ। ਭਾਰਤੀ ਟੀਮ ਦੇ ਸਾਰੇ ਹੀ ਖਿਡਾਰੀਆਂ ਵਿੱਚ ਜੋਸ਼ ਦੇਖਣ ਵਾਲਾ ਸੀ, ਕਰੀਬ 40 ਮਿੰਟ ਚੱਲੇ ਕਬੱਡੀ ਦੇ ਮੈਚ ਨੂੰ ਦੇਖਣ ਲਈ ਦੂਰ ਦੁਰਾਡੇ ਤੋਂ ਕਬੱਡੀ ਪ੍ਰੇਮੀ ਬਠਿੰਡਾ ਦੇ ਖੇਡ ਸਟੇਡੀਅਮ ਵਿੱਚ ਪਹੁੰਚੇ ਸਨ। ਭਾਰਤ ਨੇ ਸ਼ੁਰੂਆਤੀ ਸਮੇਂ ਵਿੱਚ ਹੀ ਆਸਟਰੇਲੀਆ ਨੂੰ ਪਛਾੜਣਾ ਸ਼ੁਰੂ ਕਰ ਦਿੱਤਾ ਪਰ ਬਾਅਦ ਵਿੱਚ ਆਸਟਰੇਲੀਆ ਦੇ ਖਿਡਾਰੀ ਭਾਰਤ ਦੇ ਖਿਡਾਰੀ ਉੱਤੇ ਭਾਰੀ ਪੈਂਦੀ ਨਜ਼ਰ ਆਏ।
ਖਿਡਾਰੀਆਂ ਦੀ ਹੌਸਲਾ ਅਫ਼ਜਾਈ ਲਈ ਖੇਡ ਪ੍ਰੇਮੀਆਂ ਨੇ ਕਾਫੀ ਤਾੜੀਆਂ ਵਜਾਈਆਂ ਅਤੇ ਹੂਟਿੰਗ ਵੀ ਕੀਤੀ। ਭਾਰਤ ਅਤੇ ਆਸਟ੍ਰੇਲੀਆ ਵਿੱਚ ਫਸਵਾਂ ਮੁਕਾਬਲਾ ਵੀ ਦੇਖਣ ਨੂੰ ਮਿਲਿਆ, ਜਿਸ ਤੋਂ ਭਾਰਤ ਦੀ ਕਬੱਡੀ ਟੀਮ ਨੇ 48 ਅੰਕ ਹਾਸਿਲ ਕੀਤੇ ਜਦਕਿ ਆਸਟਰੇਲੀਆ ਦੀ ਟੀਮ ਨੇ 34 ਅੰਕ ਹਾਸਿਲ ਕੀਤੇ, ਜਿਸ ਤੋਂ ਬਾਅਦ 14 ਅੰਕ ਦੇ ਫਰਕ ਨਾਲ ਭਾਰਤ ਜੇਤੂ ਰਿਹਾ।