ਬਠਿੰਡਾ :ਵਿਸਾਖੀ ਸਮਾਗਮਾਂ ਤੋਂ ਤਿੰਨ ਦਿਨ ਪਹਿਲਾਂ ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰੇ ਵੱਲੋਂ ਜ਼ਿਲ੍ਹੇ ਵਿੱਚ ਧਾਰਮਿਕ ਸਮਾਗਮ ਅਤੇ ਵਿਆਹਾਂ ਸ਼ਾਦੀਆਂ ਵਿਚ ਹਥਿਆਰਾਂ ਦੇ ਪ੍ਰਦਰਸ਼ਨ ਉਤੇ ਧਾਰਾ 144 ਤਹਿਤ ਪਾਬੰਦੀ ਲਗਾਈ ਗਈ ਸੀ। ਇਹ ਪਾਬੰਦੀ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਹੁਕਮਾਂ 22 ਜੁਲਾਈ 2019 ਤਹਿਤ ਲਗਾਈ ਗਈ ਸੀ ਅਤੇ ਇਹ ਹੁਕਮ 11 ਅਪ੍ਰੈਲ 2023 ਤੋਂ 10 ਜੂਨ 2023 ਤੱਕ ਲਾਗੂ ਕਰਨ ਦੀ ਹਦਾਇਤ ਕੀਤੀ ਗਈ ਸੀ, ਪਰ 12 ਅਪ੍ਰੈਲ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਵਿਸਾਖੀ ਦੇ ਦਿਹਾੜੇ ਨੂੰ ਲੈ ਕੇ ਸਮਾਗਮ ਆਰੰਭ ਹੋ ਜਾਂਦੇ ਹਨ ਅਤੇ ਸਿੱਖ ਧਰਮ ਵਿੱਚ ਸ਼ਸਤਰਾਂ ਨੂੰ ਬਹੁਤ ਮਹੱਤਤਾ ਦਿੱਤੀ ਜਾਂਦੀ ਹੈ। ਇਕ ਸਿੱਖ ਲਈ ਸ਼ਸਤਰ ਰੱਖਣਾ ਗੁਰੂ ਸਾਹਿਬਾਨ ਵੱਲੋਂ ਜ਼ਰੂਰੀ ਕੀਤਾ ਗਿਆ ਹੈ ਅਤੇ ਪੰਜ ਕਕਾਰਾਂ ਵਿੱਚ ਵੀ ਸ਼ਸਤਰ ਸ਼ਾਮਲ ਹਨ।
ਜ਼ਿਲ੍ਹਾਂ ਪ੍ਰਸ਼ਾਸਨ ਨੂੰ ਜਥੇਦਾਰ ਸਾਹਿਬਨ ਵੱਲੋਂ ਸੰਗਤ ਨੂੰ ਪਰੇਸ਼ਾਨ ਨਾ ਕਰਨ ਦੀ ਤਾਕੀਦ :ਇਸ ਦਾ ਬਕਾਇਦਾ ਜ਼ਿਕਰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਿੱਖ ਕੌਮ ਨੂੰ ਸੰਦੇਸ਼ ਦਿੰਦੇ ਹੋਏ ਵੀ ਕੀਤਾ ਗਿਆ ਸੀ। ਉਨ੍ਹਾਂ ਕਿਹਾ ਸੀ ਕਿ ਹਰ ਸਿੱਖ ਦੇ ਘਰ ਸ਼ਸਤਰ ਹੋਣਾ ਬਹੁਤ ਜ਼ਰੂਰ ਹੋਣੀ ਚਾਹੀਦੀ ਹੈ। ਉਨ੍ਹਾਂ ਆਪਣੇ ਸੰਬੋਧਨ ਦੌਰਾਨ ਕਿਹਾ ਸੀ ਕਿ ਹੁਣ ਸ਼ਸਤਰ ਰੱਖਣ ਉਤੇ ਵੀ ਆਰਮਡ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਜਾਂਦਾ ਹੈ, ਜੋ ਕਿ ਸਰਾਸਰ ਗਲਤ ਹੈ। ਇਸ ਸਬੰਧੀ ਉਨ੍ਹਾਂ ਵੱਲੋਂ ਪ੍ਰਸ਼ਾਸਨ ਨੂੰ ਤਾਕੀਦ ਵੀ ਕੀਤੀ ਗਈ ਸੀ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਆ ਰਹੀ ਸੰਗਤ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਪ੍ਰੇਸ਼ਾਨ ਨਾ ਕੀਤਾ ਜਾਵੇ।