ਬਠਿੰਡਾ:ਪੰਜਾਬ ਵਿੱਚ ਖਸਖਸ ਦੀ ਖੇਤੀ ਹੁਣ ਸਿਆਸੀ ਮੁੱਦਾ ਬਣਦੀ ਨਜ਼ਰ ਆ ਰਹੀ ਹੈ, ਦੁਨੀਆਂ ਭਰ ਦੇ 52 ਮੁਲਕਾਂ ਵਿਚ ਅਤੇ ਭਾਰਤ ਦੇ 12 ਸੂਬਿਆਂ ਵਿੱਚ ਖਸਖਸ ਦੀ ਖੇਤੀ ਹੁੰਦੀ ਹੈ ਅਤੇ ਪੰਜਾਬ ਵਿੱਚ ਖਸਖਸ ਤੋਂ ਬਣਨ ਵਾਲੀ ਅਫ਼ੀਮ ਅਤੇ ਪੋਸਤ ਦੀ ਖਾਸੀ ਡਿਮਾਂਡ ਹੈ ਕਿਉਂਕਿ ਇਸ ਖੇਤੀ ਨੂੰ ਰਵਾਇਤੀ ਖੇਤੀ ਮੰਨਿਆ ਜਾਂਦਾ ਹੈ ਪਰ ਪੰਜਾਬ ਸਰਕਾਰ ਵੱਲੋਂ ਇਸ ਨੂੰ ਨਸ਼ਾ ਮੰਨਦੇ ਹੋਏ NDPC ਐਕਟ ਅਧੀਨ ਲਿਆਂਦਾ ਗਿਆ ਹੈ।
ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਵਿੱਚ ਖਸਖਸ ਦੀ ਖੇਤੀ ਨੂੰ ਮਾਨਤਾ ਦੇਣ ਦੀ ਕੀਤੀ ਜਾ ਰਹੀ ਹੈ ਮੰਗ
ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਸਿਖਰਾਂ 'ਤੇ ਹਨ ਅਤੇ ਇਨ੍ਹਾਂ ਚੋਣਾਂ ਦੌਰਾਨ ਹੁਣ ਨਸ਼ੇ ਦਾ ਮੁੱਦਾ ਭਖਦਾ ਮੁੱਦਾ ਬਣਿਆ ਹੈ ਅਤੇ ਪੰਜਾਬ ਵਿੱਚੋਂ ਚਿੱਟੇ ਦੇ ਨਸ਼ੇ ਨੂੰ ਖ਼ਤਮ ਕਰਨ ਲਈ ਹੁਣ ਕਈ ਸਿਆਸੀ ਪਾਰਟੀਆਂ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਵਿੱਚ ਖਸਖਸ ਦੀ ਖੇਤੀ ਨੂੰ ਮਾਨਤਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਪੰਜਾਬ ਵਿੱਚ ਸਭ ਤੋਂ ਪਹਿਲਾਂ ਖਸਖਸ ਦੀ ਖੇਤੀ ਸਬੰਧੀ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਰਹੇ ਡਾ. ਧਰਮਵੀਰ ਗਾਂਧੀ ਵੱਲੋਂ ਇਨਸਾਫ ਟੀਮ ਪੰਜਾਬ ਦਾ ਗਠਨ ਕਰ ਖਸਖਸ ਦੀ ਖੇਤੀ ਸਬੰਧੀ ਮੁਹਿੰਮ ਸ਼ੁਰੂ ਕੀਤੀ ਗਈ ਸੀ।
ਨੌਜਵਾਨਾਂ ਨੂੰ ਕੈਮੀਕਲ ਨਸ਼ੇ ਤੋਂ ਬਚਾਉਣ ਲਈ ਖਸਖਸ ਦੀ ਖੇਤੀ ਸਭ ਤੋਂ ਲਾਹੇਵੰਦ ਧੰਦਾ
ਇਸ ਟੀਮ ਦਾ ਹਿੱਸਾ ਰਹੇ ਬਠਿੰਡਾ ਨਿਵਾਸੀ ਪੰਕਜ ਕੁਮਾਰ ਦਾ ਕਹਿਣਾ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਕੈਮੀਕਲ ਨਸ਼ੇ ਤੋਂ ਬਚਾਉਣ ਲਈ ਖਸਖਸ ਦੀ ਖੇਤੀ ਸਭ ਤੋਂ ਲਾਹੇਵੰਦ ਧੰਦਾ ਹੈ ਅਤੇ ਇਸ ਤੋਂ ਹੋਣ ਵਾਲੀ ਆਮਦਨ ਨਾਲ ਕਿਸਾਨ ਖੁਸ਼ਹਾਲ ਹੋਣਗੇ ਅਤੇ ਪੰਜਾਬ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ 80 ਪ੍ਰਤੀਸ਼ਤ ਦਵਾਈਆਂ ਵਿਚ ਅਫੀਮ ਦੀ ਵਰਤੋਂ ਕੀਤੀ ਜਾਂਦੀ ਹੈ। ਜੇਕਰ ਪੰਜਾਬ ਵਿਚ ਖਸਖਸ ਦੀ ਖੇਤੀ ਨੂੰ ਮਾਨਤਾ ਦਿੱਤੀ ਜਾਂਦੀ ਹੈ ਤਾਂ ਗਰੀਬ ਕਿਸਾਨਾਂ ਨੂੰ 50 ਲੱਖ ਰੁਪਏ ਪ੍ਰਤੀ ਏਕੜ ਦੀ ਆਮਦਨ ਹੋਵੇਗੀ ਪਰ ਪੰਜਾਬ ਸਰਕਾਰ ਖਸਖਸ ਦੀ ਖੇਤੀ ਸਬੰਧੀ ਇਨਸਾਫ਼ ਪੰਜਾਬ ਟੀਮ ਨੂੰ ਕੋਈ ਸਹਿਯੋਗ ਨਹੀਂ ਦਿੱਤਾ ਗਿਆ।
ਕਿ ਪੰਜਾਬ 'ਚ ਪੋਸਤ ਦੀ ਖੇਤੀ ਨਾਲ ਮਿਲੇਗਾ ਆਰਥਿਕਤਾ ਨੂੰ ਹੁਲਾਰਾ ਖਸਖਸ ਦੀ ਖੇਤੀ ਪੰਜਾਬ ਦੀ ਰਵਾਇਤੀ ਖੇਤੀ
ਭਾਰਤੀ ਜਨਤਾ ਪਾਰਟੀ ਦੇ ਸੂਬਾ ਸਕੱਤਰ ਸੁਖਪਾਲ ਸਿੰਘ ਸਰਾਂ ਦਾ ਕਹਿਣਾ ਹੈ ਕਿ ਖਸਖਸ ਦੀ ਖੇਤੀ ਪੰਜਾਬ ਦੀ ਰਵਾਇਤੀ ਖੇਤੀ ਹੈ। ਪੁਰਾਣੇ ਸਮੇਂ ਵਿੱਚ ਵੀ ਪੰਜਾਬ 'ਚ ਖਸਖਸ ਅਤੇ ਭੰਗ ਦੀ ਖੇਤੀ ਹੁੰਦੀ ਸੀ ਅਤੇ ਇਸ ਦੀ ਵਰਤੋਂ ਦਵਾਈਆਂ ਵਿੱਚ ਵੀ ਕੀਤੀ ਜਾਂਦੀ ਰਹੀ ਹੈ ਪਰ ਪੰਜਾਬ ਵਿਚਲੀਆਂ ਸਰਕਾਰਾਂ ਵੱਲੋਂ ਕੈਮੀਕਲ ਨਸ਼ੇ ਨੂੰ ਪ੍ਰਮੋਟ ਕਰਨ ਲਈ ਖਸਖਸ ਅਤੇ ਭੰਗ ਦੀ ਖੇਤੀ ਨੂੰ ਨਸ਼ਿਆਂ ਵਿਚ ਸ਼ਾਮਲ ਕੀਤਾ ਗਿਆ ਹੈ ਅਤੇ ਐੱਨ. ਡੀ. ਪੀ. ਸੀ. ਐਕਟ ਤਹਿਤ ਨਾਜਾਇਜ਼ ਨੌਜਵਾਨਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਖਸਖਸ ਦੀ ਖੇਤੀ ਨੂੰ ਲੈ ਕੇ ਪੂਰਨ ਤੌਰ 'ਤੇ ਵਕਾਲਤ ਕਰਦੀ ਹੈ ਅਤੇ ਸਰਕਾਰ ਆਉਣ ਤੇ ਪੰਜਾਬ ਵਿਚ ਖਸਖਸ ਮਾਨਤਾ ਦਿੱਤੀ ਜਾਵੇਗੀ ਅਤੇ ਇਸ ਖੇਤੀ ਤੋਂ ਹੋਣ ਵਾਲੀ ਆਮਦਨ ਤੋਂ ਪੰਜਾਬ ਦਾ ਕਿਸਾਨ ਖ਼ੁਸ਼ਹਾਲ ਹੋਵੇਗਾ।
ਦੂਸਰੇ ਸੂਬਿਆਂ ਦੀ ਤਰਜ਼ ਉੱਪਰ ਪੰਜਾਬ ਨੂੰ ਵੀ ਖਸਖਸ ਦੀ ਖੇਤੀ ਦੀ ਦਿੱਤੀ ਜਾਣੀ ਚਾਹੀਦੀ ਹੈ ਮਾਨਤਾ
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਟਿਕੈਤ ਦੇ ਸਕੱਤਰ ਜਨਰਲ ਰਾਮ ਕਰਨ ਸਿੰਘ ਰਾਮਾ ਨੇ ਫੋਨ ਤੇ ਗੱਲਬਾਤ ਕਰਦਿਆਂ ਆਖਿਆ ਕਿ ਉਨ੍ਹਾਂ ਵੱਲੋਂ ਵੀ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਵਿੱਚ ਖਸਖਸ ਦੀ ਖੇਤੀ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੂਸਰੇ ਸੂਬਿਆਂ ਦੀ ਤਰਜ਼ ਉੱਪਰ ਪੰਜਾਬ ਨੂੰ ਵੀ ਖਸਖਸ ਦੀ ਖੇਤੀ ਦੀ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਪੰਜਾਬ ਵਿੱਚ ਦਵਾਈਆਂ ਤਿਆਰ ਕਰਨ ਵਾਲੇ ਦੂਸਰੇ ਸੂਬਿਆਂ ਤੋਂ ਕਰੋੜਾਂ ਰੁਪਏ ਦੀ ਅਫੀਮ ਮੰਗਵਾਉਂਦੇ ਹਨ। ਜੇਕਰ ਇਹ ਪੰਜਾਬ ਵਿੱਚ ਹੀ ਪੈਦਾ ਕੀਤੀ ਜਾਵੇ ਤਾਂ ਕਿਸਾਨਾਂ ਨੂੰ ਵੱਡਾ ਲਾਭ ਮਿਲੇਗਾ ਕਿਉਂਕਿ ਇਹ ਖੇਤੀ ਬਹੁਤ ਸਸਤੀ ਹੈ।
ਸਿਰਫ਼ ਰੂੜੀ ਰੇਹ ਪੈਂਦੀ ਹੈ ਤੇ 2 ਲਗਾਉਣਾ ਪੈਂਦਾ ਪਾਣੀ
ਇਸ ਵਿਚ ਸਿਰਫ਼ ਰੂੜੀ ਰੇਹ ਪੈਂਦੀ ਹੈ ਤੇ 2 ਵਾਰ ਪਾਣੀ ਲਗਾਉਣਾ ਪੈਂਦਾ ਹੈ। ਜਦੋਂ ਕਿ ਹੋਰ ਫ਼ਸਲਾਂ ਨੂੰ ਪੈਦਾ ਕਰਨ ਲਈ ਵੱਡਾ ਖ਼ਰਚਾ ਕਰਨਾ ਪੈਂਦਾ ਹੈ ਅਤੇ ਇਕ ਏਕੜ ਦੀ ਆਮਦਨ ਲੱਖਾਂ ਵਿੱਚ ਹੁੰਦੀ ਹੈ ਜਿਸ ਨਾਲ ਕਿਸਾਨ ਅਤੇ ਸੂਬਾ ਆਰਥਿਕ ਪੱਖੋਂ ਮਜ਼ਬੂਤ ਹੁੰਦਾ ਹੈ ਅਤੇ ਦੂਸਰੇ ਪਾਸੇ ਕੈਮੀਕਲ ਨਸ਼ਾ ਉਸ ਨੂੰ ਵੀ ਠੱਲ੍ਹ ਪੈਣ ਦੀ ਸੰਭਾਵਨਾ ਹੈ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਵਾਰ ਵਾਰ ਸਰਕਾਰ ਨੂੰ ਅਪੀਲ ਕੀਤੀ ਜਾਂਦੀ ਰਹੀ ਹੈ ਕਿ ਪੰਜਾਬ ਵਿੱਚ ਖਸਖਸ ਦੀ ਖੇਤੀ ਨੂੰ ਮਾਨਤਾ ਦਿੱਤੀ ਜਾਵੇ ਪਰ ਸਿਆਸੀ ਪਾਰਟੀਆਂ ਸਿਰਫ ਇਸਨੂੰ ਮੁੱਦਿਆਂ ਤੱਕ ਹੀ ਸੀਮਤ ਰੱਖਣਾ ਚਾਹੁੰਦੀ ਹਨ, ਉਹ ਖਸਖਸ ਦੀ ਖੇਤੀ ਨੂੰ ਲਾਗੂ ਨਹੀਂ ਕਰਨਾ ਚਾਹੁੰਦੀ।
ਪੋਸਤ ਅਤੇ ਅਫ਼ੀਮ ਨਾਲ ਜਿਉਂਦਾ ਹੈ ਬੰਦਾ ਲੰਮੀ ਉਮਰ
ਬਠਿੰਡਾ ਦੇ ਨਸ਼ਾ ਛੁਡਾਊ ਕੇਂਦਰ ਵਿਖੇ ਦਵਾਈ ਲੈਣ ਅੰਗਰੇਜ਼ ਸਿੰਘ ਅਤੇ ਰਾਜਾ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਖਸਖਸ ਦੀ ਖੇਤੀ ਕੀਤੀ ਜਾਣੀ ਚਾਹੀਦੀ ਹੈ ਜੇਕਰ ਇਹ ਖੇਤੀ ਹੁੰਦੀ ਹੈ ਤਾਂ ਉਹ ਕੈਮੀਕਲ ਨਸ਼ਿਆਂ ਤੋਂ ਮੁਕਤੀ ਪਾ ਸਕਦੇ ਹਨ ਕਿਉਂਕਿ ਪੋਸਤ ਅਤੇ ਅਫ਼ੀਮ ਨਾਲ ਬੰਦਾ ਲੰਮੀ ਉਮਰ ਜਿਉਂਦਾ ਹੈ ਜਦੋਂ ਕਿ ਕੈਮੀਕਲ ਨਸ਼ੇ ਨਾਲ ਆਏ ਦਿਨ ਮੌਤਾਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਸਿਰਫ਼ ਨਸ਼ਿਆਂ ਨੂੰ ਮੁੱਦਾ ਬਣਾ ਕੇ ਚੱਲ ਰਹੀਆਂ ਹਨ ਜਦੋਂਕਿ ਅਸਲ ਮੁੱਦਿਆਂ ਨੂੰ ਫੜਨ ਦੀ ਲੋੜ ਹੈ ਜੇਕਰ ਪੰਜਾਬ ਵਿੱਚ ਖਸਖਸ ਦੀ ਖੇਤੀ ਹੁੰਦੀ ਹੈ ਤਾਂ ਕਿਸਾਨ ਵੱਡੀ ਪੱਧਰ ਤੇ ਖੁਸ਼ਹਾਲ ਹੋਵੇਗਾ।
ਬਠਿੰਡਾ ਵਿਚ ਚੱਲ ਰਹੇ ਹਨ 8 ਓਟ ਸੈਂਟਰ
ਬਠਿੰਡਾ ਦੇ ਸਰਕਾਰੀ ਹਾਸਪਿਟਲ ਵਿੱਚ ਮਨੋਰੋਗ ਡਾ. ਅਰੁਨ ਦਾ ਕਹਿਣਾ ਹੈ ਕਿ ਬਠਿੰਡਾ ਵਿਚ 8 ਓਟ ਸੈਂਟਰ ਚੱਲ ਰਹੇ ਹਨ। ਜਿਥੇ 22 ਹਜ਼ਾਰ ਦੇ ਕਰੀਬ ਨਸ਼ਾ ਛੱਡਣ ਵਾਲੇ ਵਿਅਕਤੀ ਰਜਿਸਟਰਡ ਹਨ, ਜੋ ਸਰਕਾਰੀ ਹਸਪਤਾਲ ਵਿਚੋਂ ਦਵਾਈ ਲੈ ਰਹੇ ਹਨ ਅਤੇ ਰੋਜ਼ਾਨਾ 2 ਹਜ਼ਾਰ ਤੋਂ ਉਪਰ ਮਰੀਜ਼ ਦਵਾਈ ਲੈਣ ਆ ਰਹੇ ਹਨ। ਉਨ੍ਹਾਂ ਕਿਹਾ ਕਿ ਨਸ਼ਾ ਛੁਡਾਊ ਕੇਂਦਰ ਵਿਚ 50 ਬੈੱਡ ਹਨ, ਉਨ੍ਹਾਂ ਕੋਲ 20 ਨੌਜਵਾਨ ਨਸ਼ਾ ਛੱਡਣ ਲਈ ਐਡਮਿਟ ਹਨ ਡਾ. ਅਰੁਣ ਨੇ ਦੱਸਿਆ ਕਿ ਨੌਜਵਾਨ ਜੋ ਚਿੱਟੇ ਦਾ ਆਦੀ ਹੈ। ਉਹ ਪੋਸਤ ਦਾ ਸੇਵਨ ਕਰ ਰਿਹੈ ਤੇ ਪੋਸਤ ਦਾ ਆਦੀ ਚਿੱਟੇ ਦਾ ਸੇਵਨ ਕਰ ਰਿਹਾ ਹੈ ਕਿਉਂਕਿ ਜਦੋਂ ਇਨ੍ਹਾਂ ਨੂੰ ਇੱਕ ਨਸ਼ਾ ਨਹੀਂ ਮਿਲਦਾ ਤਾਂ ਹੈ ਦੂਸਰੇ ਨਸ਼ੇ ਤੇ ਲੱਗ ਜਾਂਦੇ ਹਨ। ਉਨ੍ਹਾਂ ਕਿਹਾ ਕਿ ਉਹ ਮਨੋਰੋਗ ਮਾਹਿਰ ਹੋਣ ਕਰਕੇ ਆਮ ਤੌਰ ਤੇ ਮਰੀਜ਼ਾਂ ਨੂੰ ਦੱਸਦੇ ਹਨ ਕਿ ਨਸ਼ਾ ਛੱਡਣ ਉਪਰੰਤ ਜੋ ਹਸਪਤਾਲ ਵੱਲੋਂ ਦਵਾਈ ਦਿੱਤੀ ਜਾਂਦੀ ਹੈ ਉਸ ਦਾ ਸੇਵਨ ਵੀ ਬੰਦ ਕਰ ਦਿੱਤਾ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ:ਹਾਈਕੋਰਟ ਤੋਂ ਰਾਹਤ, ਸੁਖਪਾਲ ਖਹਿਰਾ ਨੂੰ ਮਿਲੀ ਜ਼ਮਾਨਤ