ਆਖਰ ਕਿਉਂ ਪੰਜਾਬ ਵਿਚ ਤੇਜ਼ੀ ਨਾਲ ਫੇਲ੍ਹ ਹੋ ਰਹੇ ਹਨ ਗਰੀਨ ਐਨਰਜੀ ਪੰਪ ? ਖਾਸ ਰਿਪੋਰਟ ਬਠਿੰਡਾ :ਲਗਾਤਾਰ ਵਧ ਰਹੇ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਸਰਕਾਰ ਵੱਲੋਂ ਪੰਜਾਬ ਵਿਚ ਗਰੀਨ ਐਨਰਜੀ ਪੰਪ ਦੀ ਸਹੂਲਤ ਦਿੱਤੀ ਗਈ ਸੀ। ਇਨ੍ਹਾਂ ਪੰਪਾਂ ਉਤੇ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਨਾਲੋਂ ਬਹੁਤ ਘੱਟ ਰੇਟਾਂ ਉਤੇ ਸੀਐਨਜੀ ਗੈਸ ਉਪਲੱਬਧ ਕਰਵਾਈ ਗਈ ਸੀ ਅਤੇ ਪੰਜਾਬ ਦੇ ਲੋਕਾਂ ਨੇ ਇਸ ਯੋਜਨਾ ਦਾ ਭਰਵਾਂ ਸਵਾਗਤ ਕੀਤਾ ਸੀ। ਲੋਕਾਂ ਵੱਲੋਂ ਪਟਰੋਲ ਡੀਜ਼ਲ ਦੀਆਂ ਗੱਡੀਆਂ ਨਾਲੋਂ ਸੀਐਨਜੀ ਗੱਡੀਆਂ ਨੂੰ ਤਰਜ਼ੀਹ ਦੇਣੀ ਸ਼ੁਰੂ ਕਰ ਦਿੱਤੀ ਸੀ, ਪਰ ਪਿਛਲੇ ਕਰੀਬ ਇੱਕ ਸਾਲ ਤੋਂ ਲੋਕਾਂ ਦਾ ਰੁਝਾਨ ਤੇਜ਼ੀ ਨਾਲ ਇਨ੍ਹਾਂ ਸੀਐਨਜੀ ਪੰਪਾਂ ਤੋਂ ਘਟਿਆ ਹੈ, ਜਿਸ ਦਾ ਵੱਡਾ ਕਾਰਨ ਪੈਟਰੋਲ ਪੰਪ ਐਸੋਸੀਏਸ਼ਨ ਦੇ ਪ੍ਰਧਾਨ ਵਿਨੋਦ ਕੁਮਾਰ ਬਾਂਸਲ ਨੇ ਸਰਕਾਰ ਦੀ ਇਸ ਯੋਜਨਾ ਨੂੰ ਯੋਜਨਾਬੱਧ ਤਰੀਕੇ ਨਾਲ ਨਾ ਚਲਾਉਣ ਨੂੰ ਦੱਸਿਆ ਹੈ।
ਸੀਐਨਜੀ ਦੇ ਰੇਟ ਵਧਣ ਕਾਰਨ ਲੋਕਾਂ ਦਾ ਘਟਿਆ ਰੁਝਾਨ :ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਵਿੱਚ ਗਰੀਨ ਐਨਰਜੀ ਪੰਪ ਲਗਾਉਣੇ ਸ਼ੁਰੂ ਕੀਤੇ ਗਏ ਸਨ, ਉਸ ਸਮੇਂ ਸੀਐਨਜੀ ਦਾ ਰੇਟ ਪ੍ਰਤੀ ਕਿਲੋ 55 ਰੁਪਏ ਦੇ ਕਰੀਬ ਸੀ, ਜੋ ਕਿ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਨਾਲੋਂ ਕਰੀਬ ਅੱਧੀ ਕੀਮਤ ਉਤੇ ਉਪਲੱਭਦ ਸੀ ਅਤੇ ਲੋਕਾਂ ਵੱਲੋਂ ਸੀਐਨਜੀ ਦੀ ਐਵਰੇਜ ਜ਼ਿਆਦਾ ਹੋਣ ਕਾਰਨ ਤੇਜ਼ੀ ਨਾਲ ਸੀਐਨਜੀ ਵਾਹਨਾਂ ਦੀ ਖਰੀਦ ਕੀਤੀ ਜਾ ਰਹੀ ਸੀ, ਤਾਂ ਜੋ ਉਹ ਚਾਰ ਪੈਸਿਆਂ ਦੀ ਉਹ ਬੱਚਤ ਕਰ ਸਕਣ, ਪਰ ਮੌਜੂਦਾ ਸਮੇਂ ਵਿਚ ਸੀਐਨਜੀ ਗੈਸ ਦਾ ਰੇਟ ਡੀਜ਼ਲ ਦੇ ਬਰਾਬਰ ਚਲਾ ਗਿਆ ਹੈ, ਜਿਸ ਕਾਰਨ ਤੇਜ਼ੀ ਨਾਲ ਲੋਕਾਂ ਦਾ ਸੀਐਨਜੀ ਉਹਨਾਂ ਪ੍ਰਤੀ ਰੁਝਾਨ ਘਟਿਆ ਜਿਸ ਦਾ ਅਸਰ ਸੀ ਐਨ ਜੀ ਪੰਪਾਂ ਦੀ ਸੇਲ ਉਪਰ ਵੀ ਪਿਆ ਹੈ।
ਸੀਐਨਜੀ ਦੀ ਸੇਲ ਘੱਟ ਕੇ 40 ਫ਼ੀਸਦ 'ਤੇ ਪਹੁੰਚੀ :ਹੁਣ ਸੀਐਨਜੀ ਪੰਪਾਂ ਦੀ ਸੇਲ ਘਟ ਕੇ 40 ਫੀਸਦ ਹੀ ਰਹਿ ਗਈ ਹੈ। ਦੂਸਰਾ ਪੈਟਰੌਲ ਪੰਪ ਮਾਲਕਾਂ ਨੂੰ ਸੀਐਨਜੀ ਉਪਰ ਬਹੁਤ ਘੱਟ ਕਮਿਸ਼ਨ ਦਿੱਤਾ ਜਾ ਰਿਹਾ ਹੈ। ਤੀਸਰਾ ਸੀਐਨਜੀ ਪੰਪ 50 ਕਿਲੋ ਵਾਟ ਦਾ ਬਿਜਲੀ ਕੁਨੈਕਸ਼ਨ ਅਤੇ ਨਵੀਂ ਐਨਓਸੀ ਦੀ ਸ਼ਰਤ ਲਗਾਈ ਗਈ ਹੈ, ਜਿਸ ਕਾਰਨ ਪੈਟਰੋਲ ਪੰਪ ਮਾਲਕਾਂ ਨੂੰ ਵੱਡੀ ਪੱਧਰ ਉਤੇ ਇਨਵੈਸਟਮੈਂਟ ਕਰਨੀ ਪਈ ਪਰ ਲੋਕਾਂ ਵਿੱਚ ਸੀਐਨਜੀ ਪ੍ਰਤੀ ਘਟਦਾ ਰੁਝਾਨ ਕਾਰਨ ਪੰਪ ਮਾਲਕ ਪਰੇਸ਼ਾਨ ਹਾਨ।
ਇਹ ਵੀ ਪੜ੍ਹੋ :International Labor Day: ਮਜ਼ਦੂਰਾਂ ਨੇ ਸਰਕਾਰ ਖ਼ਿਲਾਫ਼ ਕੱਢੀ ਭੜਾਸ, ਕਿਹਾ- "ਸਾਡੇ ਲਈ ਕਾਹਦਾ ਮਜਦੂਰ ਦਿਵਸ"
ਸਰਕਾਰ ਨੂੰ ਸੀਐਨਜੀ ਦੇ ਰੇਟਾਂ ਵਿੱਚ ਕਟੌਤੀ ਕਰਨ ਦੀ ਅਪੀਲ :ਇਸਦੇ ਨਾਲ ਹੀ ਲੋਕਾਂ ਦਾ ਰੁਝਾਨ ਮੁੜ ਡੀਜ਼ਲ ਅਤੇ ਪਟਰੋਲ ਦੀਆਂ ਗੱਡੀਆਂ ਵਾਲ ਵਧਣ ਲੱਗ ਗਿਆ ਹੈ, ਜਿਸ ਨਾਲ ਪ੍ਰਦੂਸ਼ਨ ਘੱਟ ਹੋਣ ਦੀ ਬਜਾਏ ਹੋਰ ਵਧੇਗਾ। ਉਨ੍ਹਾਂ ਦੱਸਿਆ ਕਿ ਸੀਐਨਜੀ ਦਾ ਰੇਟ ਘੱਟ ਹੋਣ ਕਾਰਨ ਲੋਕਾਂ ਵੱਲੋਂ ਤੇਜ਼ੀ ਨਾਲ ਸੀਐਨਜੀ ਵਾਹਨਾਂ ਦੀ ਖਰੀਦ ਸ਼ੁਰੂ ਕੀਤੀ ਗਈ ਸੀ ਅਤੇ ਪੁਰਾਣੇ ਵਾਹਨਾਂ ਵਿਚ ਸੀਐਨਜੀ ਕਿੱਟ ਲਾਅਉਣੀਆਂ ਸ਼ੁਰੂ ਕੀਤੀਆਂ ਸਨ। ਉਨ੍ਹਾਂ ਕਿਹਾ ਕਿ ਪੰਜਾਬ ਸੂਬੇ ਦੀ ਸਰਹੱਦ ਨਾਲ ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਲਗਦੇ ਹਨ, ਜਿੱਥੇ ਪੈਟਰੋਲ ਡੀਜ਼ਲ ਅਤੇ ਸੀਐਨਜੀ ਕੀਮਤਾਂ ਦਾ ਬਹੁਤ ਫਰਕ ਹੈ, ਜਿਸ ਕਾਰਨ ਪੰਜਾਬ ਦੇ ਪਟਰੋਲ ਪੰਪ ਮਾਲਕਾਂ ਨੂੰ ਘਾਟਾ ਝੱਲਣਾ ਪੈ ਰਿਹਾ ਹੈ ਅਤੇ ਵੱਡੀ ਗਿਣਤੀ ਵਿੱਚ ਤਸਕਰਾਂ ਵੱਲੋਂ ਇਸਦਾ ਫਾਇਦਾ ਚੁੱਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਜੇਕਰ ਦੇਸ਼ ਵਿੱਚ ਇੱਕ ਕਾਨੂੰਨ ਲਾਗੂ ਹੁੰਦਾ ਹੈ ਤਾਂ ਪਟਰੋਲ ਡੀਜ਼ਲ ਅਤੇ ਸੀ ਐਨ ਜੀ ਦੀਆਂ ਕੀਮਤਾਂ ਵੀ ਇੱਕੋ ਲਾਗੂ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਇਹ ਕਾਰੋਬਾਰ ਪ੍ਰਫੁੱਲਿਤ ਹੋ ਸਕੇ ਅਤੇ ਪ੍ਰਦੂਸ਼ਣ ਘੱਟ ਕੀਤਾ ਜਾ ਸਕੇ।