ਜਾਣੋ ਕੌਣ ਹੈ ਤੁਲਸੀ ਵਾਲਾ ਬਾਬਾ? ਘਰ ਘਰ ਜਾ ਕੇ ਵੰਡੇ ਜਾ ਰਹੇ ਹਨ ਤੁਲਸੀ ਦੇ ਬੂਟੇ ਬਠਿੰਡਾ: ਤੁਲਸੀ ਬਾਰੇ ਅਸੀਂ ਸਾਰੇ ਜਾਣਦੇ ਹਾਂ, ਪਰ ਕਦੇ ਧਿਆਨ ਨਹੀਂ ਦਿੰਦੇ ਕਿ ਇਸ ਦੇ ਕਿੰਨੇ ਸਾਰੇ ਫਾਇਦੇ ਹਨ ਅਤੇ ਇਹ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਇਸ ਤੁਲਸੀ ਦੇ ਨਿੱਕੇ ਜਿਹੇ ਪੌਦੇ ਨੂੰ ਅਸੀਂ ਬਹੁਤ ਸਾਰੇ ਲੋਕਾਂ ਦੇ ਘਰਾਂ 'ਚ ਲੱਗਿਆ ਦੇਖਦੇ ਹਾਂ ਅਤੇ ਸਾਨੂੰ ਵਧੀਆ ਵੀ ਲੱਗਦਾ ਹੈ। ਇਸੇ ਤੁਲਸੀ ਬਾਰੇ ਲੋਕਾਂ ਨੂੰ ਘਰ-ਘਰ ਜਾ ਕੇ ਜਾਣਕਾਰੀ ਦੇਣ ਅਤੇ ਤੁਲਸੀ ਦਾ ਪੌਦਾ ਦੇਣ ਦਾ ਬੀੜ੍ਹਾ ਤੁਲਸੀ ਬਾਬਾ ਨੇ ਚੁੱਕਿਆ ਹੈ।
ਜਾਣੋ ਕੌਣ ਹੈ ਤੁਲਸੀ ਵਾਲਾ ਬਾਬਾ: ਤੁਲਸੀ ਵਾਲਾ ਬਾਬਾ ਬਠਿੰਡਾ ਦਾ ਸੇਵਾਮੁਕਤ ਅਧਿਆਪਕ ਰਾਕੇਸ਼ ਨਰੂਲਾ ਹੈ। ਰਾਕੇਸ਼ ਨਰੂਲਾ ਵੱਲੋਂ ਤੁਲਸੀ ਮਿਸ਼ਨ ਸ਼ੁਰੂ ਕੀਤਾ ਗਿਆ ਹੈ। ਇਸ ਮਿਸ਼ਨ ਤਹਿਤ ਉਨ੍ਹਾਂ ਵੱਲੋਂ ਘਰ-ਘਰ ਜਾ ਕੇ ਲੋਕਾਂ ਨੂੰ ਤੁਲਸੀ ਦੇ ਗੁਣਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਅੱਜ ਸਾਰੇ ਲੋਕ ਇਨ੍ਹਾਂ ਨੂੰ ਤੁਲਸੀ ਵਾਲੇ ਬਾਬੇ ਦੇ ਨਾਮ ਨਾਲ ਜਾਣਦੇ ਹਨ।
ਲੋਕਾਂ ਨੂੰ ਆਪਣੀ ਸੰਸਕ੍ਰਿਤੀ ਨਾਲ ਜੋੜਣ ਦਾ ਯਤਨ:ਤੁਲਸੀ ਦੇ ਪੌਦੇ ਬਾਰੇ ਤਾਂ ਤੁਸੀਂ ਜਾਣਦੇ ਹੀ ਹੋਵੋਗੇ, ਪਰ ਅੱਜ ਬਾਬਾ ਤੁਲਸੀ ਤੋਂ ਤੁਲਸੀ ਦੇ ਗੁਣ ਬਾਰੇ ਵੀ ਜਾਣ ਲੈਂਦੇ ਹਾਂ। ਘਰ ਦੇ ਵਿੱਚ ਤੁਲਸੀ ਦਾ ਚੰਗਾ ਸਮਝਿਆ ਜਾਂਦਾ ਹੈ, ਪਰ ਕਿਉਂ ਇਸ ਗੱਲ ਦਾ ਜਵਾਬ ਤੁਲਸੀ ਬਾਬਾ ਤੋਂ ਜਾਣਦੇ ਹਾਂ, ਜੋ 24- 25 ਸਾਲ ਤੋਂ ਲੋਕਾਂ ਦੇ ਘਰਾਂ ਵਿਚ ਤੁਲਸੀ ਦੇ ਬੂਟੇ ਵੰਡ ਰਹੇ ਹਨ। ਪੇਸ਼ੇ ਤੋ ਤੁਲਸੀ ਬਾਬਾ ਸੇਵਾਮੁਕਤ ਸਰਕਾਰੀ ਅਧਿਆਪਕ ਹਨ, ਪਰ ਜਿੰਦਗੀ ਵਿਚ ਕੁਦਰਤੀ ਵਾਤਾਵਰਣ ਦੇ ਨਾਲ-ਨਾਲ ਆਪਣੀ ਸੰਸਕ੍ਰਿਤੀ ਦੇ ਨਾਲ ਵੀ ਲੋਕਾਂ ਨੂੰ ਜੋੜਣ ਦਾ ਯਤਨ ਕਰ ਰਹੇ ਹਨ।
ਤੁਲਸੀ ਦੀਆਂ ਕਿਸਮਾਂ:ਤੁਲਸੀ ਬਾਬਾ ਮੁਤਾਬਿਕ ਤੁਲਸੀ ਬਹੁਤ ਕਿਸਮਾਂ ਹਨ ਪਰ ਮੁੱਖ ਤੌਰ 'ਤੇ 7 ਕਿਸਮਾਂ ਪ੍ਰਚਲਿਤ ਹਨ, ਜਿੰਨਾਂ ਵਿੱਚੋਂ ਤੁਲਸੀ ਦੀ ਰਾਮਾ ਕਿਸਮ ਤੇ ਸਾਮਾਂ ਕਿਸਮਾਂ ਜਿਆਦਾ ਪ੍ਰਚਲਿਤ ਹੈ। ਆਯੂਰਵੇਦ ਦੇ ਪੱਖ ਤੋਂ ਸਾਮਾਂ ਕਿਸਮ ਦੀ ਤੁਲਸੀ ਮੁੱਖ ਮੰਨੀ ਗਈ ਹੈ, ਜੋ ਖਾਂਸੀ, ਜ਼ੁਖਾਮ, ਵਾਇਰਲ ਚਮੜੀ ਰੋਗ ਤੇ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਲਈ ਰਾਮ ਬਾਣ ਦਾ ਕੰਮ ਕਰਦੀ ਹੈ।
ਘਰ ਵਿੱਚ ਤੁਲਸੀ ਨੂੰ ਕਿਉਂ ਪਵਿੱਤਰ ਮੰਨਿਆ ਜਾਂਦਾ ਹੈ: ਤੁਲਸੀ ਬਾਬਾ ਦਸਦੇ ਹਨ ਕਿ ਰਾਮਾਂ ਕਿਸਮ ਦੀ ਤੁਲਸੀ ਜਿਸਦਾ ਰੰਗ ਗੁੜਾ ਹਰਾ ਹੁੰਦਾ ਹੈ ਤੇ ਇਹ ਆਮਤੌਰ ਉੱਤੇ ਲੋਕਾਂ ਦੇ ਘਰਾਂ ਦੇ ਵਿਚ ਪਾਈ ਜਾਂਦੀ ਹੈ। ਇਸ ਦਾ ਗੁਣ ਇਹ ਹੁੰਦਾ ਹੈ ਕਿ ਇਸ ਕਿਸਮ ਦੀ ਤੁਲਸੀ ਘਰ ਵਿਚੋਂ ਬੈਕਟੀਰੀਆ ਅਤੇ ਮਾੜੀ ਊਰਜਾ ਨੁੰ ਦੂਰ ਕਰਦੀ ਹੈ। ਘਰ ਵਿਚ ਸ਼ੁੱਧ ਵਾਤਾਵਰਣ ਤੇ ਚੰਗਾ ਮਾਹੌਲ ਪੈਦਾ ਕਰਦੀ ਹੈ। ਤੁਲਸੀ ਬਾਬਾ ਦਸਦੇ ਹਨ ਕਿ ਤੁਲਸੀ ਨੂੰ ਹਿੰਦੂ ਧਰਮ ਦੇ ਮੁਤਾਬਿਕ ਮਾਂ ਦਾ ਦਰਜਾ ਦਿੱਤਾ ਗਿਆ ਹੈ ਜਿਸ ਨੂੰ ਲੋਕ ਆਪਣੇ ਘਰ ਦੇ ਵਿਹੜੇ ਲਗਾ ਕੇ ਰੱਖਣਾ ਪਸੰਦ ਕਰਦੇ ਕਰਦੇ ਹਨ। ਤੁਲਸੀ ਬਾਬਾ ਹਰ ਰੋਜ਼ ਆਪਣੀ ਜਿੰਦਗੀ ਦਾ ਸਮਾਂ ਤੁਲਸੀ ਵੰਡਣ ਵਿਚ ਬਤੀਤ ਕਰਦੇ ਹਨ, ਜਿਨਾਂ ਦਾ ਮਕਸਦ ਹੈ ਕਿ ਹਰ ਘਰ ਤੁਲਸੀ ਹੋਵੇ ਲੋਕ ਤੁਲਸੀ ਦੇ ਗੁਣਾਂ ਬਾਰੇ ਜਾਨਣ ਅਤੇ ਨਿਰੋਗ ਜਿੰਦਗੀ ਬਤੀਤ ਕਰਨ।