ਬਠਿੰਡਾ :28 ਅਕਤੂਬਰ ਨੂੰ ਬਠਿੰਡਾ ਦੇ ਮਾਲ ਰੋਡ ਉੱਤੇ ਹਰਮਨ ਕੁਲਚਾ ਦੇ ਮਾਲਕ ਹਰਜਿੰਦਰ ਸਿੰਘ ਮੇਲਾ ਦੇ ਕਤਲ ਮਾਮਲੇ ਵਿੱਚ ਬਠਿੰਡਾ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਜਾਣਕਾਰੀ ਮੁਤਾਬਿਕ ਪੁਲਿਸ ਨੇ ਗੈਂਗਸਟਰ ਅਰਸ਼ ਡੱਲਾ ਦੇ ਪਿਤਾ ਚਰਨਜੀਤ ਸਿੰਘ ਨੂੰ ਫਰੀਦਕੋਟ ਜੇਲ੍ਹ ਵਿੱਚੋਂ ਪ੍ਰੋਡਕਸ਼ਨ ਵਰੰਟ ਉੱਤੇ ਲਿਆ ਕੇ ਬਠਿੰਡਾ ਅਦਾਲਤ ਵਿੱਚ ਪੇਸ਼ ਕੀਤਾ ਹੈ। ਪੁਲਿਸ ਨੇ 10 ਦਿਨਾਂ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ ਪੰਜ ਦਿਨ ਦਾ ਰਿਮਾਂਡ ਦਿੱਤਾ ਹੈ। ਪੁਲਿਸ ਨੇ ਅਦਾਲਤ ਵਿੱਚ ਤਰਕ ਰੱਖਿਆ ਕਿ ਅਰਸ਼ ਡੱਲਾ ਦੇ ਪਿਤਾ ਚਰਨਜੀਤ ਸਿੰਘ ਵੱਲੋਂ ਪੈਸਿਆਂ ਦੇ ਲੈਣ ਦੇਣ ਵਿੱਚ ਸ਼ਮੂਲੀਅਤ ਹੈ।
ਗੈਂਗਸਟਰ ਲਵਪ੍ਰੀਤ ਲਵੀ ਨੂੰ ਕੀਤਾ ਸੀ ਗ੍ਰਿਫ਼ਤਾਰ :ਜ਼ਿਕਰਯੋਗ ਹੈ ਕਿ ਬਠਿੰਡਾ ਦੇ ਮਾਲ ਰੋਡ 'ਤੇ ਵਪਾਰੀ ਆਗੂ ਹਰਜਿੰਦਰ ਸਿੰਘ ਮਾਲੀ ਦਾ ਕਤਲ ਅਣਪਛਾਤੇ ਹਮਲਾਵਰਾਂ ਨੇ ਚਿੱਟੇ ਦਿਨ ਗੋਲੀਆਂ ਮਾਰ ਕੇ ਕਰ ਦਿੱਤਾ ਸੀ। ਇਸ ਕਤਲ ਦੇ ਮਾਮਲੇ ਵਿੱਚ ਹੁਣ ਮੋਹਾਲੀ ਦੇ ਜ਼ੀਰਕਪੁਰ 'ਚ ਗੈਂਗਸਟਰ ਨਾਲ ਹੋਏ ਮੁਕਾਬਲੇ ਦੌਰਾਨ ਪੁਲਿਸ ਨੇ ਗੈਂਗਸਟਰ ਲਵਪ੍ਰੀਤ ਲਵੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਮੁਤਾਬਿਕ ਐਨਕਾਊਂਟਰ ਮਗਰੋਂ ਗ੍ਰਿਫ਼ਤਾਰ ਕੀਤੇ ਗਏ ਸ਼ੂਟਰ ਲਵਪ੍ਰੀਤ ਨੇ ਹੀ ਬਠਿੰਡਾ ਵਿੱਚ ਵਪਾਰੀ ਆਗੂ ਹਰਜਿੰਦਰ ਸਿੰਘ ਨੂੰ ਗੋਲੀ ਮਾਰ ਕੇ ਕਤਲ ਕੀਤਾ ਸੀ।