ਬਠਿੰਡਾ 'ਚ ਕਾਰ ਸਵਾਰ ਅਣਪਛਾਤੇ ਵਿਅਕਤੀ ਪੁਲਿਸ ਮੁਲਾਜ਼ਮ ਤੋਂ SLR ਬੰਦੂਕ ਖੋਹ ਕੇ ਫ਼ਰਾਰ ਬਠਿੰਡਾ :ਸੂਬੇ 'ਚ ਬੇਸ਼ੱਕ ਸਰਕਾਰ ਤੇ ਪੁਲਿਸ ਕਾਨੂੰਨ ਵਿਵਸਥਾ ਸਹੀ ਹੋਣ ਦੇ ਵੱਡੇ ਵੱਡੇ ਦਾਅਵੇ ਕਰਦੇ ਹਨ ਪਰ ਨਿੱਤ ਦਿਨ ਹੋ ਰਹੀਆਂ ਵਾਰਦਾਤਾਂ ਇੰਨਾਂ ਦਾਅਵਿਆਂ ਦਾ ਨੱਕ ਚਿੜਾ ਰਹੀਆਂ ਹਨ। ਮਾਮਲਾ ਬਠਿੰਡਾ ਦਾ ਹੈ, ਜਿਥੇ ਸ਼ੁੱਕਰਵਾਰ ਸਵੇਰੇ ਤੜਕਸਾਰ ਸਾਢੇ ਤਿੰਨ ਵਜੇ ਦੇ ਕਰੀਬ ਇੱਕ ਵੱਡੀ ਵਾਰਦਾਤ ਹੋ ਗਈ ਤੇ ਪੁਲਿਸ ਹੱਥ 'ਤੇ ਹੱਥ ਧਰਦੀ ਰਹਿ ਗਈ।
ਪੁਲਿਸ ਮੁਲਾਜ਼ਮ ਦੀ ਬੰਦੂਕ ਖੋਹੀ:ਦੱਸਿਆ ਜਾ ਰਿਹਾ ਕਿ ਸਵੇਰੇ ਤੜਕਸਾਰ ਸਕੋਡਾ ਕਾਰ 'ਚ ਆਏ ਅਣਪਛਾਤੇ ਵਿਅਕਤੀਆਂ ਨੇ ਥਾਣਾ ਕੈਂਟ ਨੇੜੇ ਨਾਕਾ ਤੋੜਿਆ ਅਤੇ ਫਿਰ ਪੁਲਿਸ ਮੁਲਾਜ਼ਮ ਦੀ ਐਸਐਲਆਰ ਬੰਦੂਕ ਖੋਹ ਕੇ ਮੌਕੇ ਤੋਂ ਬਠਿੰਡਾ ਸ਼ਹਿਰ ਵੱਲ ਫਰਾਰ ਹੋ ਗਏ। ਜਿਸ ਤੋਂ ਬਾਅਦ ਬਠਿੰਡਾ ਪੁਲਿਸ ਨੇ ਸੂਚਨਾ ਮਿਲਦੇ ਹੀ ਸਾਰੇ ਸ਼ਹਿਰ ਨੂੰ ਸੀਲ ਕਰਕੇ ਸਕੋਡਾ ਕਾਰ 'ਚ ਸਵਾਰ ਨੌਜਵਾਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਤੇ ਹਾਲੇ ਤੱਕ ਮੁਲਜ਼ਮਾਂ ਬਾਰੇ ਪੁਲਿਸ ਕੁਝ ਵੀ ਪਤਾ ਨਹੀਂ ਲਗਾ ਸਕੀ। ਜਿਸ 'ਚ ਗੱਡੀ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ।
ਸੂਚਨਾ ਦੇ ਅਧਾਰ 'ਤੇ ਨਾਕਾਬੰਦੀ:ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਥਾਣਾ ਕੈਂਟ ਦੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਚੰਡੀਗੜ੍ਹ ਤੋਂ ਬਠਿੰਡਾ ਜਾ ਰਹੀ ਸਕੋਡਾ ਕਾਰ 'ਚ ਸ਼ੱਕੀ ਵਿਅਕਤੀ ਬੈਠੇ ਹਨ। ਸੂਚਨਾ ਦੇ ਆਧਾਰ 'ਤੇ ਥਾਣਾ ਕੈਂਟ ਦੀ ਪੁਲਿਸ ਨੇ ਸ਼ਹਿਰ 'ਚ ਕਈ ਥਾਵਾਂ 'ਤੇ ਨਾਕਾਬੰਦੀ ਕੀਤੀ। ਇਸ ਦੌਰਾਨ ਜਦੋਂ ਥਾਣਾ ਕੈਂਟ ਨੇੜੇ ਕੀਤੀ ਹੋਈ ਨਾਕਾਬੰਦੀ 'ਤੇ ਸਕੋਡਾ ਗੱਡੀ ਪੁੱਜੀ ਤਾਂ ਪੁਲਿਸ ਵਲੋਂ ਗੱਡੀ ਨੂੰ ਰੋਕਣ ਦਾ ਇਸ਼ਾਰਾ ਕੀਤਾ ਗਿਆ।
ਆਰੋਪੀ ਪੁਲਿਸ ਨਾਕਾ ਤੋੜ ਕੇ ਹੋਏ ਫ਼ਰਾਰ:ਪੁਲਿਸ ਵਲੋਂ ਮਿਲੇ ਇਸ਼ਾਰੇ ਤੋਂ ਬਾਅਦ ਵੀ ਕਾਰ ਸਵਾਰਾਂ ਨੇ ਗੱਡੀ ਰੋਕਣ ਦੀ ਬਜਾਏ ਬੈਰੀਕੇਡ ਤੋੜ ਕੇ ਪੁਲਿਸ ਮੁਲਾਜ਼ਮਾਂ 'ਤੇ ਗੱਡੀ ਚੜਾ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ ਕਾਰ 'ਚ ਸਵਾਰ ਬਦਮਾਸ਼ਾਂ ਨੇ ਪੁਲਿਸ ਮੁਲਾਜ਼ਮ ਦੀ ਐਸਐਲਆਰ ਬੰਦੂਕ ਤੱਕ ਖੋਹ ਲਈ ਅਤੇ ਮੌਕੇ ਤੋਂ ਫ਼ਰਾਰ ਹੋ ਗਏ।
ਪੁਲਿਸ ਦੇ ਹੱਥ ਹੁਣ ਤੱਕ ਖਾਲੀ:ਇਸ ਸਾਰੀ ਕਾਰਵਾਈ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ। ਜਦਕਿ ਬਠਿੰਡਾ ਪੁਲਿਸ ਨੂੰ ਅਲਰਟ 'ਤੇ ਰੱਖਿਆ ਗਿਆ। ਜਿਸ ਤੋਂ ਬਾਅਦ ਬਠਿੰਡਾ ਸ਼ਹਿਰ ਦੇ ਸਾਰੇ ਸਥਾਨਾਂ ਦੀ ਪੁਲਿਸ ਨੇ ਸ਼ਹਿਰ ਦੀ ਨਾਕਾਬੰਦੀ ਕਰਕੇ ਸਕੋਡਾ ਕਾਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਤੇ ਹਾਲੇ ਤੱਕ ਪੁਲਿਸ ਦੇ ਹੱਥ ਖਾਲੀ ਹਨ।