ਬਠਿੰਡਾ:ਸੂਬੇ ਭਰ ’ਚ ਮੌਸਮ ਨੇ ਆਪਣਾ ਮਿਜ਼ਾਜ ਬਦਲਿਆ। ਜਿਸ ਦੇ ਚੱਲਦੇ ਕਈ ਥਾਵਾਂ ’ਤੇ ਮੀਂਹ ਪਿਆ ਜਿਸ ਨਾਲ ਤਾਪਮਾਨ ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਦੱਸ ਦਈਏ ਕਿ ਸਬ ਡਵੀਜ਼ਨ ਤਲਵੰਡੀ ਸਾਬੋ ਚ ਵੀ ਸਵੇਰ ਤੋਂ ਹੀ ਭਾਰੀ ਮੀਂਹ ਪਿਆ। ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਕਾਫੀ ਰਾਹਤ ਮਿਲੀ। ਇਸ ਦੌਰਾਨ ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਗਿਆਨਾ ’ਚ ਆਸਾਮਾਨੀ ਬਿਜਲੀ ਡਿੱਗਣ ਨਾਲ ਇੱਕ ਕਿਸਾਨ ਦੀਆਂ ਦੋ ਮੱਝਾਂ ਅਤੇ ਇੱਕ ਕੱਟੀ ਦੀ ਮੌਤ ਹੋ ਗਈ।
ਮਿਲੀ ਜਾਣਕਾਰੀ ਮੁਤਾਬਿਕ ਕਿਸਾਨ ਗੁਰਮੀਤ ਸਿੰਘ ਦੀਆਂ ਮੱਝਾਂ ਬਾਹਰ ਵੇਹੜੇ ਚ ਹੀ ਇੱਕ ਦਰਖਤ ਥੱਲੇ ਬੰਨੀਆਂ ਹੋਈਆਂ ਸੀ ਕਿ ਅਚਾਨਕ ਆਸਮਾਨੀ ਬਿਜਲੀ ਡਿੱਗਣ ਨਾਲ ਦੋ ਮੱਝਾਂ ਅਤੇ ਇੱਕ ਕੱਟੀ ਦੀ ਮੌਤ ਹੋ ਗਈ ਜਦਕਿ ਇੱਕ ਮੱਝ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ। ਸਾਹਮਣੇ ਇਹ ਵੀ ਆਇਆ ਹੈ ਕਿ ਮ੍ਰਿਤਕ ਮੱਝਾਂ ਵਿੱਚੋਂ ਇੱਕ ਅਜੇ ਪਿਛਲੇ ਦਿਨੀਂ ਕੱਟੀ ਨੂੰ ਜਨਮ ਦੇ ਕੇ ਹਟੀ ਸੀ ਅਤੇ ਦੂਜੀ ਮੱਝ ਗਰਭ ਵਿੱਚ ਸੀ। ਦੱਸ ਦਈਏ ਕਿ ਕਿਸਾਨ ਗੁਰਮੀਤ ਸਿੰਘ ਦੀਆਂ ਲੱਖਾਂ ਦੀਆਂ ਮੱਝਾਂ ਦੇ ਮਰਨ ਨਾਲ ਉਨ੍ਹਾਂ ਨੂੰ ਵੱਡੀ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।