ਬਠਿੰਡਾ :ਦਿੱਲੀ ਤੋਂ ਹੀਰਿਆਂ ਅਤੇ ਗਹਿਣਿਆਂ ਦਾ ਬੈਗ ਲੈ ਕੇ ਆ ਰਹੇ ਵਪਾਰੀ ਤੋਂ ਸੰਗਰੂਰ ਰੇਲਵੇ ਸਟੇਸ਼ਨ 'ਤੇ ਰੇਲਗੱਡੀ 'ਚ ਪੁਲਿਸ ਮੁਲਾਜ਼ਮਾਂ ਦੇ ਭੇਸ ਵਿੱਚ ਲੁੱਟ ਕਰਨ ਦੇ ਮਾਮਲੇ 'ਚ ਬਠਿੰਡਾ ਪੁਲਿਸ ਨੇ ਮ੍ਰਿਤਕ ਗੈਂਗਸਟਰ ਵਿੱਕੀ ਗੌਂਡਰ ਦੇ ਸਾਥੀ ਮੁਲਜ਼ਮ ਨਿਸ਼ਾਨ ਸਿੰਘ ਅਤੇ ਮੁਲਜ਼ਮ ਸਰਪੰਚ ਜੈ ਰਾਮ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਉਕਤ ਮਾਮਲੇ 'ਚ ਫ਼ਰਾਰ ਦੂਜੇ ਪੁਲਿਸ ਮੁਲਾਜ਼ਮ ਵਿਨੋਦ ਨੂੰ ਗ੍ਰਿਫ਼ਤਾਰ ਕਰਨ ਲਈ ਯਤਨ ਕਰ ਰਹੀ ਹੈ।
ਇਸ ਤਰ੍ਹਾਂ ਹੋਈ ਸੀ ਵਾਰਦਾਤ : ਦੱਸ ਦਈਏ ਕਿ ਰਾਜੂ ਨਾਮ ਦਾ ਵਪਾਰੀ ਇੱਕ ਬੈਗ ਵਿੱਚ ਤਿੰਨ ਕਿੱਲੋ ਤੋਂ ਵੱਧ ਹੀਰੇ ਅਤੇ ਗਹਿਣੇ ਲੈ ਕੇ ਦਿੱਲੀ ਤੋਂ ਰੇਲਗੱਡੀ ਰਾਹੀਂ ਬਠਿੰਡਾ ਵੱਲ ਆ ਰਿਹਾ ਸੀ ਤਾਂ ਦੋ ਪੁਲਿਸ ਦੀਆਂ ਵਰਦੀਆਂ ਅਤੇ ਤਿੰਨ ਸਿਵਲ ਕੱਪੜਿਆਂ ਵਾਲੇ ਮੁਲਜ਼ਮਾਂ ਨੇ ਉਸਨੂੰ ਸੰਗਰੂਰ ਵਿਖੇ ਰੇਲਗੱਡੀ ਵਿੱਚ ਕਾਬੂ ਕਰ ਲਿਆ। ਰੇਲਵੇ ਸਟੇਸ਼ਨ ਤੋਂ ਬੈਗ ਲੁੱਟ ਕੇ ਲੈ ਗਏ ਸਨ। ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਜਦੋਂ ਮੁਲਜ਼ਮ ਕਾਰ ਰਾਹੀਂ ਬਠਿੰਡਾ ਪੁੱਜੇ ਤਾਂ ਨਾਰਥ ਅਸਟੇਟ ਸਥਿਤ ਪੁਲਿਸ ਚੌਂਕੀ ਨੂੰ ਦੇਖ ਕੇ ਉਨ੍ਹਾਂ ਨੇ ਲੁੱਟੇ ਹੀਰਿਆਂ ਅਤੇ ਗਹਿਣਿਆਂ ਵਾਲਾ ਬੈਗ ਸੁੱਟ ਦਿੱਤਾ ਅਤੇ ਫਰਾਰ ਹੋ ਗਏ।