ਹਥਿਆਰਾਂ ਦੇ ਜ਼ੋਰ ਨਾਲ ਕਰਿਆਨਾ ਸਟੋਰ ਲੁੱਟਣ ਵਾਲੇ ਦੋ ਮੁਲਜ਼ਮ ਕਾਬੂ ਬਠਿੰਡਾ:ਸ਼ਹਿਰ ਦੇ ਇਕ ਕਰਿਆਨਾ ਸਟੋਰ ਵਿੱਚ 12 ਜਨਵਰੀ ਨੂੰ ਲੁੱਟ ਦੀ ਹੋਈ ਵਾਰਦਾਤ ਵਿੱਚ ਕਾਰਵਾਈ ਕਰਦਿਆਂ ਪੁਲਿਸ ਨੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਵਲੋਂ ਜਾਣਕਾਰੀ ਮਿਲੀ ਹੈ ਕਿ ਇਨ੍ਹਾਂ ਮੁਲਜ਼ਮਾਂ ਨੇ ਹਥਿਆਰਾਂ ਦੇ ਜ਼ੋਰ ਨਾਲ ਕਰਿਆਨਾ ਮਾਲਕ ਤੋਂ ਲੁੱਟ ਕੀਤੀ ਸੀ। ਦੋਵਾਂ ਮੁਲਜ਼ਮਾਂ ਪਾਸੋਂ ਹਥਿਆਰ ਤੇ ਇਕ ਕਾਰ ਵੀ ਬਰਾਮਦ ਹੋਈ ਹੈ।
ਇਕ ਪਿਸਤੌਲ 32 ਬੋਰ ਅਤੇ ਇਕ ਕਾਰ ਵੀ ਬਰਾਮਦ:ਪੁਲਿਸ ਵਲੋਂ ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮਾਂ ਪਾਸੋਂ ਇਕ ਪਿਸਤੌਲ 32 ਬੋਰ ਅਤੇ ਇਕ ਕਾਰ ਵੀ ਬਰਾਮਦ ਹੋਈ ਹੈ। ਪੁਲਿਸ ਅਨੁਸਾਰ 12 ਜਨਵਰੀ ਨੂੰ ਸਵੇਰੇ ਕਰੀਬ ਸੱਤ ਵਜੇ ਅਕਾਲਸਰ ਰੋਡ ਉੱਤੇ ਪਿਸਤੌਲ ਦਿਖਾ ਕੇ ਕਰਿਆਨੇ ਦੀ ਦੁਕਾਨ ਉੱਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਇਸੇ ਮਾਮਲੇ ਵਿੱਚ ਪੁਲਿਸ ਨੇ ਹਥਿਆਰਾਂ ਸਣੇ ਦੋ ਮੁਲਜ਼ਮ ਕਾਬੂ ਕੀਤੇ ਹਨ।
ਇਹ ਵੀ ਪੜ੍ਹੋ:ਮੋਹਾਲੀ ਵਿੱਚ ਰੇਪ ਪੀੜਤਾਂ ਨੇ ਦਿੱਤੀ ਚਿਤਾਵਨੀ, ਇਨਸਾਫ ਨਾ ਮਿਲਿਆ ਤਾਂ ਕਰ ਲਾਵਾਂਗੀ ਖੁਦਕੁਸ਼ੀ !
ਇਸ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਐੱਸਐੱਸਪੀ ਗੁਲਨੀਤ ਸਿੰਘ ਖੁਰਾਣਾ ਨੇ ਕਈ ਖੁਲਾਸੇ ਕੀਤੇ ਹਨ। ਉਨ੍ਹਾਂ ਦੱਸਿਆ ਕਿ ਇਲਾਕੇ ਵਿੱਚ ਲਗਾਤਾਰ ਚੋਰੀ ਤੇ ਹੋਰ ਲੁੱਟ ਖੋਹ ਦੀਆਂ ਵਾਰਦਾਤਾਂ ਦੇ ਮੱਦੇਨਜ਼ਰ ਪੁਲਿਸ ਪ੍ਰਸ਼ਾਸਨ ਚੌਕਸ ਹੈ। ਖੁਰਾਣਾ ਨੇ ਦੱਸਿਆ ਕਿ ਇਸੇ ਕੜੀ ਵਿੱਚ ਬੀਤੀ 12 ਜਨਵਰੀ ਨੂੰ ਵੀ ਅਕਾਲਸਰ ਰੋਡ 'ਤੇ ਸਥਿਤ ਇੱਕ ਕਰਿਆਨੇ ਦੀ ਦੁਕਾਨ ਤੋਂ ਬੰਦੂਕ ਦਾ ਡਰ ਦਿਖਾ ਕੇ ਲੁੱਟ ਦੀ ਵਾਰਦਾਤ ਕੀਤੀ ਗਈ ਸੀ। ਇਸ ਵਾਰਦਾਤ ਵਿੱਚ ਸ਼ਾਮਿਲ 4 ਮੁਲਜ਼ਮਾਂ ਵਿੱਚੋਂ ਦੋ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਫੜੇ ਗਏ ਦੋਵਾਂ ਮੁਲਜ਼ਮਾਂ ਖ਼ਿਲਾਫ਼ ਸੂਬੇ ਦੇ ਵੱਖ-ਵੱਖ ਥਾਣਿਆਂ ਵਿੱਚ ਕੁੱਲ 3 ਕੇਸ ਦਰਜ:ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਬਲਵੰਤ ਸਿੰਘ ਅਤੇ ਰਾਜਵੀਰ ਸਿੰਘ ਵਾਸੀ ਫਿਰੋਜ਼ਪੁਰ ਜ਼ਿਲ੍ਹਾ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਫੜੇ ਗਏ ਦੋਵਾਂ ਮੁਲਜ਼ਮਾਂ ਖ਼ਿਲਾਫ਼ ਸੂਬੇ ਦੇ ਵੱਖ-ਵੱਖ ਥਾਣਿਆਂ ਵਿੱਚ ਕੁੱਲ 3 ਕੇਸ ਦਰਜ ਹਨ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਫਿਲਹਾਲ ਇਸ ਮਾਮਲੇ ਵਿੱਚ ਸਰਦੂਲ ਸਿੰਘ ਅਤੇ ਗੁਰਬੇਜ ਸਿੰਘ ਭਗੌੜੇ ਹਨ ਅਤੇ ਇਨ੍ਹਾਂ ਦੋ ਭਗੌੜੇ ਦੋਸ਼ੀਆਂ ਖਿਲਾਫ ਸੂਬੇ ਦੇ ਵੱਖ-ਵੱਖ ਥਾਣਿਆਂ ਵਿੱਚ ਕੁੱਲ 6 ਅਪਰਾਧਿਕ ਮਾਮਲੇ ਦਰਜ ਹਨ। ਐਸਐਸਪੀ ਖੁਰਾਣਾ ਨੇ ਕਿਹਾ ਕਿ ਇਨ੍ਹਾਂ ਨੂੰ ਵੀ ਜਲਦੀ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅਪਰਾਧਿਕ ਵਾਰਦਾਤਾਂ ਵਿੱਚ ਸ਼ਾਮਿਲ ਲੋਕ ਬਖਸ਼ੇ ਨਹੀਂ ਜਾਣਗੇ।