ਬਠਿੰਡਾ: ਸਿਵਲ ਹਸਪਤਾਲ ਦੇ ਬਲੱਡ ਬੈਂਕ ਦੇ ਕਰਮਚਾਰੀਆਂ ਵੱਲੋਂ ਵੱਡੀ ਲਾਪਰਵਾਹੀ ਕਰਦੇ ਹੋਏ ਐਚਆਈਵੀ ਪੌਜ਼ੀਟਿਵ ਖ਼ੂਨ ਥੈਲੀਸੀਮੀਆ ਤੋਂ ਪੀੜਤ ਬੱਚੀ ਨੂੰ ਲੱਗਾ ਦਿੱਤਾ ਗਿਆ ਸੀ। ਇੰਨੀ ਵੱਡੀ ਲਾਪਰਵਾਹੀ ਦੇ ਕਾਰਨਾਂ ਦੀ ਜਾਂਚ ਲਈ ਤਿੰਨ ਡਾਕਟਰਾਂ ਦੀ ਗਠਿਤ ਕੀਤੀ ਗਈ ਟੀਮ ਨੇ ਮੰਗਲਵਾਰ ਨੂੰ ਸਾਰੇ ਪੱਖਾਂ ਤੋਂ ਬਿਆਨ ਲੈ ਕੇ ਆਪਣੀ ਰਿਪੋਰਟ ਸਿਵਲ ਸਰਜਨ ਨੂੰ ਪੇਸ਼ ਕੀਤੀ, ਜਿਸ ਪਿੱਛੋਂ ਮਾਮਲੇ ਵਿੱਚ ਬਲੱਡ ਬੈਂਕ ਦੇ 3 ਕਰਮਚਾਰੀਆਂ ਦਾ ਸਿਵਲ ਸਰਜਨ ਨੇ ਤਬਾਦਲਾ ਕਰ ਦਿੱਤਾ ਹੈ।
ਬੱਚੀ ਨੂੰ ਐਚਆਈਵੀ ਪੌਜ਼ੀਟਿਵ ਖ਼ੂਨ ਚੜ੍ਹਾਉਣ ਦੇ ਮਾਮਲੇ 'ਚ ਬਲੱਡ ਬੈਂਕ ਇੰਚਾਰਜ ਸਮੇਤ ਤਿੰਨ ਦਾ ਤਬਾਦਲਾ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਧਿਕਾਰੀ ਡਾ. ਮਨਿੰਦਰ ਪਾਲ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਨੂੰ ਇੱਕ ਥੈਲੀਸੀਮੀਆ ਤੋਂ ਪੀੜਤ ਬੱਚੀ ਨੂੰ ਖ਼ੂਨ ਚੜ੍ਹਾਇਆ ਗਿਆ ਸੀ, ਜੋ ਕਿ ਐਚਆਈਵੀ ਪੀੜਤ ਦਾ ਸੀ। ਇਸ ਗੱਲ ਦੀ ਸੂਚਨਾ ਮਿਲਦੇ ਹੀ ਬਲੱਡ ਬੈਂਕ ਦੇ ਵਿੱਚ ਤੈਨਾਤ ਕਰਮਚਾਰੀਆਂ ਦੇ ਹੋਸ਼ ਉੱਡ ਗਏ।
ਬੱਚੀ ਨੂੰ ਐਚਆਈਵੀ ਪੌਜ਼ੀਟਿਵ ਖ਼ੂਨ ਚੜ੍ਹਾਉਣ ਦੇ ਮਾਮਲੇ 'ਚ ਬਲੱਡ ਬੈਂਕ ਇੰਚਾਰਜ ਸਮੇਤ ਤਿੰਨ ਦਾ ਤਬਾਦਲਾ ਐਸਐਮਓ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਲਾਪਰਵਾਹੀ ਜਾਨਲੇਵਾ ਵੀ ਸਾਬਿਤ ਹੋ ਜਾਂਦੀ ਹੈ। ਉਨ੍ਹਾਂ ਨੇ ਦੱਸਿਆ ਕਿ ਜਾਂਚ ਰਿਪੋਰਟ ਸਿਵਲ ਸਰਜਨ ਨੂੰ ਸੌਂਪੀ ਗਈ, ਜਿਸ ਤੋਂ ਬਾਅਦ ਬਲੱਡ ਬੈਂਕ ਇੰਚਾਰਜ ਡਾ. ਕਰਿਸ਼ਮਾ, ਸੀਨੀਅਰ ਲੈਬ ਤਕਨੀਸ਼ੀਅਨ ਬਲਦੇਵ ਸਿੰਘ ਰੋਮਾਣਾ ਅਤੇ ਇੱਕ ਹੋਰ ਲੈਬ ਤਕਨੀਸ਼ੀਅਨ ਨੂੰ ਆਰੋਪੀ ਪਾਇਆ ਗਿਆ। ਸਿਵਲ ਸਰਜਨ ਨੇ ਮੰਗਲਵਾਰ ਨੂੰ ਰਿਪੋਰਟ ਆਉਣ ਤੋਂ ਬਾਅਦ ਇਨ੍ਹਾਂ ਤਿੰਨਾਂ ਹੀ ਕਰਮਚਾਰੀਆਂ ਦਾ ਤਬਾਦਲਾ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚੋਂ ਕਰ ਦਿੱਤਾ ਹੈ।
ਡਾ. ਮਨਿੰਦਰ ਪਾਲ ਨੇ ਕਿਹਾ ਕਿ ਸਿਵਲ ਸਰਜਨ ਬਠਿੰਡਾ ਨੇ ਇਸ ਦੀ ਸੂਚਨਾ ਉੱਚ ਅਧਿਕਾਰੀਆਂ ਨੂੰ ਦੇ ਦਿੱਤੀ ਹੈ ਅਤੇ ਹੁਣ ਫ਼ੈਸਲਾ ਅਧਿਕਾਰੀ ਹੀ ਲੈਣਗੇ। ਉਧਰ, ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਨੇ ਸਰਕਾਰ ਤੋਂ ਇਸ ਮਾਮਲੇ ਵਿੱਚ ਨਿਰਪੱਖ ਜਾਂਚ ਦੀ ਮੰਗ ਵੀ ਕੀਤੀ ਹੈ।