ਡਿਸਟੈਂਸ ਅਤੇ ਆਨਲਾਈਨ ਐਜੂਕੇਸ਼ਨ ਨੂੰ ਵਿਹਾਰਕ ਵਿਕਲਪ ਵਜੋਂ ਉਤਸ਼ਾਹਤ ਕਰਨਾ ਸਮੇਂ ਦੀ ਲੋੜ: ਵੀ.ਸੀ. - ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ
ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐਮ.ਆਰ.ਐਸ.ਪੀ.ਟੀ.ਯੂ.) ਅਤੇ ਇਸ ਨਾਲ ਜੁੜੇ ਪ੍ਰਾਈਵੇਟ ਐਫੀਲਿਏਟਡ ਕਾਲਜਾਂ ਨੇ ਵੀ ਡਿਸਟੈਂਸ ਅਤੇ ਆਨਲਾਈਨ ਐਜੂਕੇਸ਼ਨ ਨੂੰ ਉਤਸ਼ਾਹਿਤ ਕਰਨ ਅਤੇ ਹੁਨਰ ਵਿਕਾਸ ਦੇ ਕੋਰਸਾਂ ਨੂੰ ਬਿਹਤਰ ਬਣਾਉਣ ਲਈ ਸਾਂਝੇ ਯਤਨਾਂ ਅਤੇ ਤਾਲਮੇਲ ਨਾਲ ਕੋਸ਼ਿਸ਼ ਆਰੰਭ ਦਿੱਤੀ ਹੈ।
ਬਠਿੰਡਾ: ਬਦਲਦੇ ਹਾਲਾਤਾਂ ਅਤੇ ਕੋਵਿਡ ਮਹਾਂਮਾਰੀ ਦੇ ਚਲਦੇ ਵੱਧ ਤੋਂ ਵੱਧ ਉੱਚ ਸਿੱਖਿਆ ਸੰਸਥਾਵਾਂ ਆਪਣੇ ਵਿਦਿਆਰਥੀਆਂ ਤੱਕ ਪਹੁੰਚਣ ਲਈ ਡਿਸਟੈਂਸ ਅਤੇ ਆਨਲਾਈਨ ਐਜੂਕੇਸ਼ਨ ਨੂੰ ਉੱਚ ਸਿੱਖਿਆ ਦੇ ਖੇਤਰ ਵਿੱਚ ਇੱਕ ਵਿਕਲਪਿਕ ਅਤੇ ਵਿਹਾਰਕ ਢੰਗ ਵਜੋਂ ਵਿਕਸਿਤ ਕਰ ਰਹੀਆਂ ਹਨ।
ਇਸ ਦੇ ਮੱਦੇਨਜ਼ਰ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐਮ.ਆਰ.ਐਸ.ਪੀ.ਟੀ.ਯੂ.) ਅਤੇ ਇਸ ਨਾਲ ਜੁੜੇ ਪ੍ਰਾਈਵੇਟ ਐਫੀਲਿਏਟਡ ਕਾਲਜਾਂ ਨੇ ਵੀ ਡਿਸਟੈਂਸ ਅਤੇ ਆਨਲਾਈਨ ਐਜੂਕੇਸ਼ਨ ਨੂੰ ਉਤਸ਼ਾਹਿਤ ਕਰਨ ਅਤੇ ਹੁਨਰ ਵਿਕਾਸ ਦੇ ਕੋਰਸਾਂ ਨੂੰ ਬਿਹਤਰ ਬਣਾਉਣ ਲਈ ਸਾਂਝੇ ਯਤਨਾਂ ਅਤੇ ਤਾਲਮੇਲ ਨਾਲ ਕੋਸ਼ਿਸ਼ ਆਰੰਭ ਦਿੱਤੀ ਹੈ। ਐਮ.ਆਰ.ਐੱਸ.ਪੀ.ਟੀ.ਯੂ., ਉਪ ਕੁਲਪਤੀ, ਪ੍ਰੋ. ਬੂਟਾ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ ਅੱਜ ਇਥੇ ਵੀ.ਸੀ. ਦਫ਼ਤਰ ਵਿਖੇ ਹੋਈ ਇੱਕ ਮੀਟਿੰਗ ਵਿਚ ਯੂਨੀਵਰਸਿਟੀ ਨਾਲ ਜੁੜੇ ਵੱਖ-ਵੱਖ ਪ੍ਰਾਈਵੇਟ ਕਾਲਜਾਂ ਦੇ ਚੇਅਰਮੈਨ / ਡਾਇਰੈਕਟਰਾਂ ਅਤੇ ਯੂਨੀਵਰਸਿਟੀ ਅਧਿਕਾਰੀਆਂ ਵਲੋਂ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਦੇ ਸਹਿਯੋਗ ਨਾਲ ਡਿਸਟੈਂਸ ਅਤੇ ਆਨਲਾਈਨ ਐਜੂਕੇਸ਼ਨ ਨੂੰ ਉਤਸ਼ਾਹਤ ਕਰਨ ਲਈ ਵਿਚਾਰ ਵਟਾਂਦਰੇ ਕੀਤੇ। ਜ਼ਿਕਰਯੋਗ ਹੈ ਕਿ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਦੀ ਸਥਾਪਨਾ ਪਟਿਆਲਾ ਵਿਖੇ 2019 ਵਿੱਚ ਸ਼ਤਾਬਦੀ ਸਮਾਰੋਹਾਂ ਦੌਰਾਨ ਕੀਤੀ ਗਈ ਹੈ।
ਮੀਟਿੰਗ ਦੌਰਾਨ ਆਨ ਲਾਈਨ ਅਤੇ ਹੁਨਰ ਵਿਕਾਸ ਦੇ ਕੋਰਸਾਂ ਵਿੱਚ ਸੁਧਾਰ ਕਰਨ ਤੋਂ ਇਲਾਵਾ ਦਾਖਲਾ ਅਭਿਆਨ ਅਤੇ ਆਉਣ ਵਾਲੇ ਅਕਾਦਮਿਕ ਸੈਸ਼ਨਾਂ ਦੀ ਰਣਨੀਤੀ ਬਾਰੇ ਵੀ ਵਿਚਾਰ ਵਟਾਂਦਰੇ ਕੀਤੇ ਗਏ। ਉਦਯੋਗ ਅਤੇ ਸਮਾਜ ਦੀਆਂ ਜਰੂਰਤਾਂ ਦੀ ਪੂਰਤੀ ਲਈ ਇਕ ਏਕੀਕ੍ਰਿਤ ਅਤੇ ਟੈਕਨਾਲੋਜੀ ਮੁਖੀ ਸਿੱਖਿਆ ਦੇ ਨਾਲ ਤਕਨੀਕੀ ਤੌਰ ‘ਤੇ ਹੁਨਰਮੰਦ ਮਨੁੱਖੀ ਸ਼ਕਤੀ ਪੈਦਾ ਕਰਨ ਲਈ ਵਧੀਆ ਪ੍ਰਤਿਭਾ ਲਿਆਉਣ ਲਈ ਇਕ ਵਿਧੀ ਸਥਾਪਤ ਕਰਨ ਦਾ ਵੀ ਫੈਸਲਾ ਲਿਆ ਗਿਆ। ਪ੍ਰਚਾਰ ਦੀਆਂ ਗਤੀਵਿਧੀਆਂ ਅਤੇ ਸਿਖਲਾਈ ਅਤੇ ਪਲੇਸਮੈਂਟ ਸੈੱਲ ਨੂੰ ਗਤੀਸ਼ੀਲ ਅਤੇ ਪ੍ਰਭਾਵਸ਼ਾਲੀ ਬਣਾਉਣ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ।