ਪੰਜਾਬ

punjab

ਦਫ਼ਤਰਾਂ ਦੇ ਬਦਲੇ ਸਮੇਂ 'ਤੇ ਸਰਕਾਰੀ ਮੁਲਾਜ਼ਮਾਂ ਨੇ ਕਿਹਾ- ਸਕੂਲ ਅਤੇ ਦਫ਼ਤਰਾਂ ਦਾ ਇੱਕੋ ਟਾਈਮ ਹੋਣ ਕਾਰਨ ਹੋ ਰਹੀ ਹੈ ਪਰੇਸ਼ਾਨੀ

By

Published : May 2, 2023, 11:27 AM IST

ਸਰਕਾਰ ਵੱਲੋਂ ਸਰਕਾਰੀ ਦਫ਼ਤਰਾਂ ਦੇ ਬਦਲੇ ਸਮੇਂ ਮੁਤਾਬਕ ਬਠਿੰਡਾ ਵਿਖੇ ਕਈ ਸਰਕਾਰੀ ਵਿਭਾਗਾਂ ਵਿੱਚ ਮੁਲਾਜ਼ਮ ਸਮੇਂ ਸਿਰ ਪਹੁੰਚੇ, ਪਰ ਕਈ ਗੈਰ ਹਾਜ਼ਰ ਪਾਏ ਗਏ। ਮੁਲਾਜ਼ਮਾਂ ਦਾ ਕਹਿਣਾ ਸਕੂਲ ਅਤੇ ਦਫ਼ਤਰਾਂ ਦਾ ਇੱਕੋ ਟਾਈਮ ਹੋਣ ਕਾਰਨ ਵੱਡੀਆਂ ਦਿੱਕਤਾ ਦਰਪੇਸ਼ ਆ ਰਹੀਆਂ ਹਨ।

Time Change Of Government Offices In bathinda
Time Change Of Government Offices In bathinda

ਦਫ਼ਤਰਾਂ ਦੇ ਬਦਲੇ ਸਮੇਂ 'ਤੇ ਸਰਕਾਰੀ ਮੁਲਾਜ਼ਮਾਂ ਨੇ ਕਿਹਾ- ਸਕੂਲ ਅਤੇ ਦਫ਼ਤਰਾਂ ਦਾ ਇੱਕੋ ਟਾਈਮ ਹੋਣ ਕਾਰਨ ਹੋ ਰਹੀ ਹੈ ਪਰੇਸ਼ਾਨੀ

ਬਠਿੰਡਾ:ਪੰਜਾਬ ਸਰਕਾਰ ਵੱਲੋਂ ਬਿਜਲੀ ਦੀ ਬਚਤ ਨੂੰ ਲੈਕੇ ਸਰਕਾਰੀ ਦਫ਼ਤਰਾਂ ਦਾ ਸਮਾਂ 2 ਮਈ ਤੋਂ ਸਾਢੇ ਸੱਤ ਵਜੇ ਦਾ ਕੀਤਾ ਗਿਆ ਹੈ। ਸਰਕਾਰ ਵੱਲੋਂ ਹਦਾਇਤ ਕੀਤੀ ਗਈ ਸੀ ਕਿ ਸਾਰੇ ਸਰਕਾਰੀ ਕਰਮਚਾਰੀ ਸਾਢੇ ਸੱਤ ਵਜੇ ਦਫ਼ਤਰ ਆਉਣਗੇ। ਸਮਾਂ ਤਬਦੀਲੀ ਦੇ ਅੱਜ ਪਹਿਲੇ ਦਿਨ ਸਰਕਾਰੀ ਦਫ਼ਤਰ ਵਿੱਚ ਮੁਲਾਜ਼ਮ ਦੇਰੀ ਨਾਲ ਪਹੁੰਚੇ। ਕਈ ਸਰਕਾਰੀ ਵਿਭਾਗਾਂ ਵਿਚ ਵਿਭਾਗ ਮੁੱਖੀ ਤੈਅ ਸਮੇਂ ਉੱਤੇ ਪਹੁੰਚੇ ਹੋਏ ਸਨ, ਪਰ ਬਹੁਤੇ ਕਰਮਚਾਰੀ ਗੈਰ ਹਾਜ਼ਰ ਰਹੇ।

ਕਿਤੇ ਸਟਾਫ਼ ਮੌਜੂਦ, ਕਿਤੇ ਮਿਲੇ ਜਿੰਦਰੇ:ਇੰਨਾਂ ਹੀ ਨਹੀਂ, ਕਈ ਦਫ਼ਤਰਾਂ ਨੂੰ ਤਾਲੇ ਵੀ ਲੱਗੇ ਹੋਏ ਦਿਖਾਈ ਦਿੱਤੇ। ਆਰਟੀਓ ਦਫ਼ਤਰ ਵਿੱਚ ਕਈ ਕਮਰਿਆਂ ਨੂੰ ਜਿੰਦਰੇ ਲੱਗੇ ਹੋਏ ਨਜ਼ਰ ਆਏ, ਪਰ ਆਰਟੀਓ ਖੁਦ ਆਪਣੇ ਦਫ਼ਤਰ ਵਿੱਚ ਮੌਜੂਦ ਰਹੇ। ਬਠਿੰਡਾ ਦੇ ਆਰਟੀਓ ਰਾਜਦੀਪ ਸਿੰਘ ਬਰਾੜ ਦਾ ਕਹਿਣਾ ਰਿਹਾ ਕਿ ਉਨ੍ਹਾਂ ਦਾ ਸਟਾਫ ਸਮੇਂ ਸਿਰ ਆਪਣੇ ਦਫ਼ਤਰ ਪਹੁੰਚ ਗਿਆ, ਪਰ ਪਿਛਲੇ ਦੋ-ਤਿੰਨ ਦਿਨਾਂ ਤੋਂ ਛੁੱਟੀ ਹੋਣ ਕਾਰਨ ਚਾਬੀਆਂ ਇਧਰ-ਉੱਧਰ ਦਿੱਤੀਆਂ ਹੁੰਦੀਆਂ ਹਨ, ਉਸ ਕਾਰਨ ਦਫ਼ਤਰ ਖੋਲ੍ਹਣ ਵਿੱਚ ਦੇਰੀ ਹੋਈ ਹੈ।

ਸੁਵਿਧਾ ਕੇਂਦਰ ਦੇ ਸਮੇਂ 'ਚ ਬਦਲਾਅ ਲਈ ਵੀ ਕੀਤੀ ਜਾਵੇਗੀ ਗੱਲ:ਡਿਪਟੀ ਕਮਿਸ਼ਨਰ, ਬਠਿੰਡਾ ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮੁਲਾਜ਼ਮ ਤੈਅ ਕੀਤੇ ਸਮੇਂ ਉੱਤੇ ਆਪਣੇ ਦਫ਼ਤਰਾਂ ਵਿੱਚ ਮੌਜੂਦ ਹਨ। ਉਨ੍ਹਾਂ ਵੱਲੋਂ ਬਕਾਇਦਾ ਵੱਖ-ਵੱਖ ਵਿਭਾਗਾਂ ਤੋਂ ਜਾਣਕਾਰੀ ਇਕੱਠੀ ਕੀਤੀ ਗਈ ਹੈ ਕਿ ਕੋਈ ਕਰਮਚਾਰੀ ਲੇਟ ਤਾਂ ਨਹੀਂ ਆਇਆ। ਉਨ੍ਹਾਂ ਕਿਹਾ ਕੇ ਸੁਵਿਧਾ ਕੇਂਦਰ ਦੇ ਸਮੇਂ ਸਬੰਧੀ ਉਹ ਸਰਕਾਰ ਨਾਲ ਵਿਚਾਰ ਚਰਚਾ ਕਰਨਗੇ, ਕਿਉਂਕਿ ਜ਼ਿਆਦਾਤਰ ਸੇਵਾਵਾ ਸੁਵਿਧਾ ਕੇਂਦਰ ਵੱਲੋਂ ਹੀ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਹਨ। ਉਸ ਦਾ ਸਮਾਂ 9 ਵਜੇ ਦਾ ਹੈ। ਉਸ ਦਾ ਸਮਾਂ ਵੀ ਤਬਦੀਲ ਕਰਵਾਉਣ ਸਬੰਧੀ ਸਰਕਾਰ ਨੂੰ ਲਿਖ ਕੇ ਭੇਜਿਆ ਜਾਵੇਗਾ।

ਅਧਿਕਾਰੀਆਂ ਦੇ ਏਸੀ ਬੰਦ ਕਰ ਦੇਵੇ ਸਰਕਾਰ:ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਕੁਲਦੀਪ ਸ਼ਰਮਾ ਨੇ ਕਿਹਾ ਕਿ ਸਰਕਾਰ ਵੱਲੋਂ ਜੋ ਬਿਜਲੀ ਨੂੰ ਬਚਾਉਣ ਲਈ ਦਫ਼ਤਰਾਂ ਦਾ ਸਮਾਂ ਤਬਦੀਲ ਕੀਤਾ ਗਿਆ ਹੈ। ਉਸ ਨਾਲ ਮਹਿਲਾ ਕਰਮਚਾਰੀਆਂ ਨੂੰ ਥੋੜਾਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਸਕੂਲਾਂ ਅਤੇ ਸਰਕਾਰੀ ਦਫ਼ਤਰਾਂ ਦਾ ਸਮਾਂ ਇਕੋ ਹੀ ਕਰ ਦਿੱਤਾ ਗਿਆ ਹੈ। ਇਸ ਕਾਰਨ ਸਰਕਾਰੀ ਮੁਲਾਜ਼ਮਾਂ ਨੂੰ ਦਫ਼ਤਰ ਵਿੱਚ ਆਉਣ 'ਚ ਕਈ ਵਾਰ ਦੇਰੀ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਜੇਕਰ ਬਿਜਲੀ ਬਚਾਉਣਾ ਹੀ ਚਾਹੁੰਦੀ ਹੈ, ਤਾਂ ਉਨ੍ਹਾਂ ਨੂੰ ਚਾਹੀਦਾ ਹੈ ਕਿ ਸਰਕਾਰੀ ਅਧਿਕਾਰੀਆਂ ਦੇ ਦਫ਼ਤਰਾਂ ਦੇ ਏਸੀ ਬੰਦ ਕਰਵਾਏ ਜਾਣ, ਕਿਉਂਕਿ ਛੋਟੇ ਮੁਲਾਜ਼ਮਾਂ ਦੇ ਦਫ਼ਤਰਾਂ ਵਿੱਚ ਏਸੀ ਨਹੀਂ ਲਗੇ ਹੋਏ ਜਿਸ ਨਾਲ ਸਰਕਾਰ ਦੀ ਵੱਡੀ ਪੱਧਰ ਉੱਤੇ ਬਿਜਲੀ ਦੀ ਬਚਤ ਹੋਵੇਗੀ।

ਇਹ ਵੀ ਪੜ੍ਹੋ :ਸਰਕਾਰੀ ਦਫ਼ਤਰਾਂ ਦਾ ਸਮਾਂ ਬਦਲਿਆ, ਕੁਝ ਮੁਲਾਜ਼ਮ ਸਮੇਂ ਸਿਰ, ਕਈ ਕੁਰਸੀਆਂ ਤੋਂ ਰਹੇ ਗੈਰ ਹਾਜ਼ਰ

ABOUT THE AUTHOR

...view details