ਬੰਬੀਹਾ ਗਰੁੱਪ ਦੇ ਤਿੰਨ ਗੈਂਗਸਟ ਚੜ੍ਹੇ ਪੁਲਿਸ ਹੱਥੇ ਬਠਿੰਡਾ :ਮੋਗਾ ਅਤੇ ਬਠਿੰਡਾ ਵਿਖੇ ਟਾਰਗੇਟ ਕਿਲਿੰਗ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਲਈ ਇਸ਼ਾਰੇ ਦੀ ਉਡੀਕ ਵਿਚ ਬੈਠੇ ਤਿੰਨ ਗੈਂਗਸਟਰਾਂ ਨੂੰ ਪੁਲਿਸ ਨੇ ਅਤਿ ਆਧੁਨਿਕ ਹਥਿਆਰਾਂ ਨਾਲ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਐੱਸਐੱਸਪੀ ਬਠਿੰਡਾ ਜੇ ਏਲਨਚੇਜ਼ੀਅਨ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਸੀਆਈਏ ਸਟਾਫ਼ ਦੇ ਇੰਚਾਰਜ ਤਰਜਿੰਦਰ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਬੰਬੀਹਾ ਗਰੁੱਪ ਦੇ ਗੈਂਗਸਟਰਾਂ ਵੱਲੋਂ ਬਠਿੰਡਾ ਅਤੇ ਮੋਗਾ ਵਿਖੇ ਟਾਰਗੇਟ ਕਿਲਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ।
ਹਥਿਆਰਾਂ ਸਣੇ ਦਬੋਚੇ :ਸੀਆਈਏ ਇੰਚਾਰਜ ਤਰਜਿੰਦਰ ਸਿੰਘ ਵੱਲੋਂ ਇਸ ਗੁਪਤ ਸੂਚਨਾ ਦੇ ਆਧਾਰ ਉਤੇ ਰਿੰਗ ਰੋਡ 'ਤੇ ਪੱਕਾ ਧੋਬੀਆਣਾ ਵਿਖੇ ਮੋਟਰਸਾਈਕਲ ਸਵਾਰ ਹਨੀ ਕੇਕੜਾ ਹਿੰਮਤ ਅਤੇ ਹੀਰਾ ਲਾਲ ਨੂੰ ਗ੍ਰਿਫਤਾਰ ਕਰ ਕੇ ਇਨ੍ਹਾਂ ਕੋਲੋਂ ਇਕ ਪਿਸਤੌਲ 32 ਬੋਰ ਮੇਡ ਇਨ ਚਾਇਨਾ ਇੱਕ ਪਿਸਤੌਲ ਗੱਲੋਕ ਮੇਡ ਇਨ ਤੁਰਕੀ, ਇੱਕ ਰਿਵਾਲਵਰ 455 ਬੋਰ ਮੇਡ ਇਨ ਅਮਰੀਕਾ ਬਰਾਮਦ ਕੀਤਾ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕੀ ਇਨ੍ਹਾਂ ਨੂੰ ਮੋਗਾ ਅਤੇ ਬਠਿੰਡਾ ਵਿੱਚ ਟਾਰਗੇਟ ਕਿਲਿੰਗ ਕਰਨ ਲਈ ਕਿਹਾ ਗਿਆ ਸੀ ਪਰ ਉਸਤੋਂ ਪਹਿਲਾਂ ਹੀ ਬਠਿੰਡਾ ਪੁਲਿਸ ਨੇ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।
ਇਹ ਵੀ ਪੜ੍ਹੋ :Handcrafted Campaign Release Bandi Singh: ਬੰਦੀ ਸਿੰਘਾਂ ਦੀ ਰਿਹਾਈ ਮੁਹਿੰਮ 'ਚ ਰੰਗਿਆ ਨਜ਼ਰ ਆਵੇਗਾ ਖਾਲਸੇ ਦਾ ਹੋਲਾ-ਮਹੱਲਾ, ਪ੍ਰਕਾਸ਼ ਸਿੰਘ ਬਾਦਲ ਨੇ ਕੀਤੇ ਦਸਤਖ਼ਤ
ਵਾਰਦਾਤ ਕਰਨ ਲਈ ਇਸ਼ਾਰੇ ਦੀ ਕਰ ਰਹੇ ਸੀ ਉਡੀਕ :ਪੁਲਿਸ ਅਧਿਕਾਰੀਆਂ ਨੇ ਖਦਸ਼ਾ ਜ਼ਾਹਰ ਕੀਤੀ ਹੈ, ਜੋ ਜਗਰਾਵਾਂ ਵਿਖੇ ਵਾਰਦਾਤ ਹੋਈ ਹੈ, ਉਸ ਵਿਚ ਵੀ ਇਹ ਲੋਕ ਸ਼ਾਮਲ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਟਾਰਗੇਟ ਕਲਿੰਗ ਲਈ ਇਨ੍ਹਾਂ ਨੂੰ ਇਸ਼ਾਰੇ ਦੀ ਉਡੀਕ ਸੀ, ਫਿਰ ਇਨ੍ਹਾਂ ਵੱਲੋਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਣਾ ਸੀ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਫਿਲਹਾਲ ਇਹ ਰਿਮਾਂਡ ਉਤੇ ਹਨ ਅਤੇ ਹੋਰ ਵੀ ਕਈ ਤਰ੍ਹਾਂ ਦੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਗੈਂਗਸਟਰਵਾਦ ਆਏ ਦਿਨ ਵਧਦਾ ਹੀ ਜਾ ਰਿਹਾ ਹੈ, ਜੋ ਕਿ ਪ੍ਰਸ਼ਾਸਨ ਲਈ ਇਕ ਵੱਡੀ ਚੁਣੌਤੀ ਹੈ। ਹਾਲਾਂਕਿ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਗੱਲ ਦਾ ਦਾਅਵਾ ਕੀਤਾ ਜਾਂਦਾ ਹੈ ਕਿ ਗੈਂਗਸਟਰਵਾਦ ਪੰਜਾਬ ਵਿਚੋਂ ਖਤਮ ਕੀਤਾ ਜਾ ਰਿਹਾ ਹੈ ਤੇ ਅਮਨ ਸ਼ਾਂਤੀ ਕਾਇਮ ਰੱਖੀ ਜਾ ਰਹੀ ਹੈ, ਪਰ ਜਦੋਂ ਅਪਰਾਧਿਕ ਮਾਮਲੇ ਸਾਹਮਣੇ ਆਉਂਦੇ ਹਨ ਤਾਂ ਇਹ ਦਾਅਵੇ ਜ਼ਮੀਨੀ ਪੱਧਰ ਉਤੇ ਸਿਰਫ ਦਾਅਵੇ ਹੀ ਰਹਿ ਜਾਂਦੇ ਹਨ।