ਬਠਿੰਡਾ: ਮੌਸਮ ਵਿੱਚ ਆਈ ਵੱਡੇ ਪੱਧਰ ਦੀ ਤਬਦੀਲੀ ਕਾਰਨ ਹੁਣ ਵੱਡੇ ਪੱਧਰ ਉੱਤੇ ਬਿਮਾਰੀਆਂ ਨੇ ਵੀ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਭਾਵੇਂ ਸਿਹਤ ਵਿਭਾਗ ਵੱਲੋਂ ਬਿਮਾਰੀਆਂ ਨੂੰ ਫੈਲਣ ਤੋਂ ਰੋਕਣ ਲਈ ਵੱਡੇ ਪੱਧਰ ਉੱਤੇ ਪ੍ਰਬੰਧ ਕਰਨ ਦੇ ਦਾਅਵੇ ਕੀਤੇ ਜਾਂਦੇ ਰਹੇ ਹਨ, ਪਰ ਇਸ ਦੇ ਬਾਵਜੂਦ ਜ਼ਿਲ੍ਹਾ ਬਠਿੰਡਾ ਦੇ ਪਿੰਡ ਮਹਿਤਾ ਵਿੱਚ ਮਲੇਰੀਏ ਦੇ ਤਿੰਨ ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਵਿਚ ਹੜਕੰਪ ਮਚ ਗਿਆ ਹੈ। ਇਸ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਪਿੰਡ ਮਹਿਤਾ ਵਿੱਚ ਵੱਡੀ ਪੱਧਰ ਉੱਤੇ ਫੌਗਿੰਗ ਕਰਵਾਈ ਗਈ ਅਤੇ ਘਰ-ਘਰ ਜਾ ਕੇ ਪਾਣੀ ਦੇ ਨਮੂਨੇ ਵੀ ਲਾਏ ਗਏ ਅਤੇ ਲੋਕਾਂ ਨੂੰ ਮਲੇਰੀਆ ਤੋਂ ਬਚਣ ਸਬੰਧੀ ਹਦਾਇਤਾਂ ਦਿੱਤੀਆਂ ਗਈਆਂ ਹਨ।
ਪਿੰਡ ਮਹਿਤਾ ਵਿੱਚ ਫੋਗਿੰਗ ਕਰਵਾਈ: ਜ਼ਿਲ੍ਹਾ ਮਲੇਰੀਆ ਅਫਸਰ ਡਾਕਟਰ ਮਾਯੰਕ ਨੇ ਦੱਸਿਆ ਕਿ ਜਿਲ੍ਹਾ ਬਠਿੰਡਾ ਵਿੱਚ ਮਲੇਰੀਏ ਦੇ ਤਿੰਨ ਕੇਸ ਸਾਹਮਣੇ ਆਏ ਹਨ। ਜਿਨ੍ਹਾਂ ਵਿੱਚੋਂ ਦੋ ਵਿਅਕਤੀ ਰਾਜਸਥਾਨ ਤੋਂ ਪਰਤੇ ਸਨ। ਮਲੇਰੀਏ ਦੇ ਤਿੰਨ ਕੇਸ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਉੱਥੇ ਟੀਮਾਂ ਭੇਜੀਆਂ ਗਈਆਂ ਹਨ। ਜਿਨ੍ਹਾਂ ਵੱਲੋਂ ਘਰ-ਘਰ ਜਾ ਕੇ ਲੋਕਾਂ ਨੂੰ ਜਿੱਥੇ ਮਲੇਰੀਏ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ ਉੱਥੇ ਹੀ ਮਲੇਰੀਏ ਫੈਲਣ ਤੋਂ ਰੋਕਣ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸਿਹਤ ਵਿਭਾਗ ਵੱਲੋਂ ਪਿੰਡ ਮਹਿਤਾ ਵਿੱਚ ਫੋਗਿੰਗ ਕਰਵਾਈ ਜਾ ਰਹੀ ਹੈ।