ਬਠਿੰਡਾ: ਅੱਜ ਵਿਕਾਸ ਦੇ ਨਾਂ ਉੱਤੇ ਧੜਾਧੜ ਕੱਟੇ ਜਾ ਰਹੇ ਦਰੱਖਤਾਂ ਕਾਰਨ ਹਵਾ ਅਤੇ ਪਾਣੀ ਵਿੱਚ ਪ੍ਰਦੂਸ਼ਣ ਲਗਾਤਾਰ ਵੱਧ ਰਿਹਾ ਹੈ ਪਰ ਦੂਜੇ ਪਾਸੇ ਬਠਿੰਡਾ ਦੇ ਪਿੰਡ ਗੋਬਿੰਦਪੁਰਾ ਵਿੱਚ ਸੈਂਕੜੇ ਸਦੀਆਂ ਪੁਰਾਣੀ ਝਿੜੀ ਵਿਰਾਸਤੀ ਦਰੱਖਤਾਂ ਨੂੰ ਆਪਣੇ ਵਿੱਚ ਸਮੋਈ ਬੈਠੀ ਹੈ। ਇਹ ਝਿੜੀ ਕਰੀਬ ਚਾਰ ਸੌ ਏਕੜ ਵਿੱਚ ਬਣੀ ਹੈ।
ਕੀ ਇਤਿਹਾਸ ਹੈ ਪਿੰਡ ਗੋਬਿੰਦਪੁਰਾ ਦੀ ਝਿੜੀ
ਪਿੰਡ ਗੋਬਿੰਦਪੁਰਾ ਵਿੱਚ ਬਣੀ ਇਸ ਝਿੜੀ ਦੇ ਇਤਿਹਾਸ ਨੂੰ ਸਾਂਝਾ ਕਰਦੇ ਹੋਏ ਪਿੰਡ ਵਾਸੀਆਂ ਨੇ ਕਿਹਾ ਕਿ ਇਸ ਥਾਂ ਉੱਤੇ ਭਾਈ ਭਗਤੂ ਜੀ ਗਾਵਾਂ ਚਰਾਉਂਦੇ ਸਨ। ਇੱਕ ਦਿਨ ਉਨ੍ਹਾਂ ਦੀ ਮਾਤਾ ਜੀ ਨੇ ਉਨ੍ਹਾਂ ਤੋਂ ਸਵਾਲ ਕੀਤਾ ਕਿ ਤੁਸੀਂ ਆਪਣੀਆਂ ਗਾਵਾਂ ਨੂੰ ਪਾਣੀ ਕਿੱਥੋਂ ਪਿਆਉਂਦੇ ਹੋ, ਮੈਂ ਵੇਖਣਾ ਚਾਹੁੰਦੀ ਹਾਂ?
ਬਾਬਾ ਜੀ ਨੇ ਕਿਹਾ ਕਿ ਮੈਂ ਤੁਹਾਡੇ ਲਈ ਪਾਣੀ ਲੈ ਕੇ ਆਉਂਦਾ ਹਾਂ ਜੇਕਰ ਫੇਰ ਵੀ ਤੁਹਾਨੂੰ ਜ਼ਰੂਰਤ ਪਈ ਤਾਂ ਉਨ੍ਹਾਂ ਨੇ ਇੱਕ ਇੱਟ ਚੁੱਕ ਕੇ ਪਾਣੀ ਪੀਣ ਲਈ ਕਿਹਾ। ਮਾਤਾ ਜੀ ਨੇ ਬਾਬਾ ਜੀ ਦੇ ਜਾਣ ਉਪਰੰਤ ਜਦੋਂ ਇੱਟ ਚੁੱਕੀ ਤਾਂ ਹਰ ਪਾਸੇ ਪਾਣੀ ਹੀ ਪਾਣੀ ਹੋ ਗਿਆ। ਜਿਸ ਉੱਤੇ ਬਾਬਾ ਭਗਤੂ ਜੀ ਨੇ ਕਿਹਾ ਕਿ ਤੁਸੀਂ ਮੈਨੂੰ ਪ੍ਰਤੱਖ ਨਹੀਂ ਕਰਨਾ ਸੀ ਉਸ ਮਗਰੋਂ ਭਾਈ ਭਗਤੂ ਜੀ ਪਤਾ ਨਹੀਂ ਕਿੱਥੇ ਚਲੇ ਗਏ।