ਬਠਿੰਡਾ: ਸਿਆਣੇ ਕਹਿੰਦੇ ਨੇ ਅੱਖਾਂ ਗਈਆਂ ਜਹਾਨ ਗਈਆਂ, ਦੰਦ ਗਏ ਸਵਾਦ ਗਏ ਪਰ ਬਠਿੰਡਾ ਦੇ ਨਰੂਆਣਾ ਰੋਡ ’ਤੇ ਰਹਿ ਰਹੀ 106 ਸਾਲਾ ਬੇਬੇ ਸਰੋਜ ਰਾਣੀ ਜਿਸ ਨੂੰ ਨਾ ਬੀਪੀ ਨਾ ਸ਼ੂਗਰ ਦੀ ਬਿਮਾਰੀ ਹੈ। ਅੱਜ ਵੀ ਮਾਤਾ ਆਪਣਾ ਸਾਰਾ ਕੰਮਕਾਰ ਆਪਣੇ ਹੱਥੀਂ ਕਰਦੀ ਹੈ। ਪਾਕਿਸਤਾਨ ਵਿੱਚ ਜੰਮੀ ਪਲੀ ਅਤੇ ਉਥੇ ਹੀ ਵਿਆਹ ਕਰਵਾ 1947 ਦੀ ਵੰਡ ਸਮੇਂ ਪੰਜਾਬ ਦੇ ਮਲੇਰਕੋਟਲਾ ਆਪਣੇ ਭੈਣ ਭਰਾਵਾਂ ਨਾਲ ਪਹੁੰਚੀ।
ਤੰਦਰੁਸਤ ਸਿਹਤ ਦਾ ਰਾਜ਼ ਬੇਬੇ ਦੀ ਜ਼ੁਬਾਨੀ:ਮਾਤਾ ਸਰੋਜ ਆਪਣੀ ਜ਼ਿੰਦਗੀ ਦੇ ਦਸ ਤੋਂ ਉੱਪਰ ਦਹਾਕਿਆਂ ਵਿੱਚ ਵੱਖ-ਵੱਖ ਰੰਗ ਦੇਖ ਚੁੱਕੀ ਹੈ। ਉਨੀ ਸੌ ਚੌਰਾਸੀ ਵਿਚ ਦਿੱਲੀ ਵਿਖੇ ਦੰਗਿਆਂ ਵਿੱਚ ਆਪਣਾ ਜਵਾਨ ਪੁੱਤ ਖੋਣ ਵਾਲੀ ਮਾਤਾ ਸਰੋਜ ਰਾਣੀ ਨੇ ਦੱਸਿਆ ਕਿ ਉਸ ਦੀ ਤੰਦਰੁਸਤ ਸਿਹਤ ਦਾ ਰਾਜ਼ ਉਸ ਦੀ ਖੁਰਾਕ ਹੈ। ਅੱਜ ਵੀ ਉਸ ਵੱਲੋਂ ਦਸ ਦਸ ਕਿਲੋਮੀਟਰ ਲਗਾਤਾਰ ਸਫ਼ਰ ਪੈਦਲ ਕੀਤਾ ਜਾਂਦਾ ਹੈ।
ਕਿਹੋ ਜਿਹੀ ਹੈ ਬੇਬੇ ਦੀ ਖੁਰਾਕ?: ਇਸਦੇ ਨਾਲ ਹੀ ਬੇਬੇ ਨੇ ਦੱਸਿਆ ਇਸ ਉਮਰ ਵਿੱਚ ਉਹ ਪੂਰੀ ਤੰਦਰੁਸਤ ਹੈ ਅਤੇ ਕਿਸੇ ਤਰ੍ਹਾਂ ਦੀ ਬਿਮਾਰੀ ਦੀ ਸ਼ਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਅੱਜ ਦੀਆਂ ਖੁਰਾਕਾਂ ਸਹੀ ਨਹੀਂ ਰਹੀਆਂ ਜਿਸ ਕਾਰਨ ਬਿਮਾਰੀਆਂ ਜ਼ਿਆਦਾ ਵਧ ਚੁੱਕੀਆਂ ਹਨ। ਬੇਬੇ ਨੇ ਦੱਸਿਆ ਕਿ ਉਹ ਰੋਜ਼ਾਨਾ ਦੇਸੀ ਘਿਓ ਦੀ ਵਰਤੋਂ ਹੁਣ ਵੀ ਕਰਦੀ ਹੈ। ਉਨ੍ਹਾਂ ਦੱਸਿਆ ਕਿ ਉਹ ਰੋਜ਼ਾਨਾ ਆਪਣੇ ਖਾਣ-ਪੀਣ ਵਾਲੇ ਸਮਾਨ ਵਿੱਚ ਦੇਸੀ ਘਿਓ ਦੀ ਵਰਤੋਂ ਕਰਦੀ ਹੈ। ਮਾਤਾ ਸਰੋਜ ਰਾਣੀ ਨੇ ਦੱਸਿਆ ਕਿ ਜੇਕਰ ਤੁਸੀਂ ਆਪਣਾ ਸੁਖੀ ਜੀਵਨ ਜਿਊਣਾ ਹੈ ਤਾਂ ਆਪਣੀ ਖੁਰਾਕ ਨੂੰ ਸਹੀ ਰੱਖੋ।