ਬਠਿੰਡਾ:ਪੰਜਾਬ ਜਿਸ ਨੇ ਭਾਰਤ ਦੇਸ਼ ਵਿੱਚ ਹਰੀ ਕ੍ਰਾਂਤੀ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾਈ ਅਤੇ ਸਮੁੱਚੇ ਦੇਸ਼ ਲਈ ਅੰਨਦਾਤਾ ਬਣਿਆ। ਮਿਹਨਤਕਸ਼ ਲੋਕਾਂ ਵੱਲੋਂ ਪੰਜਾਬ ਦੀ ਧਰਤੀ ਨੂੰ ਉਪਜਾਊ ਕਰ ਜਿੱਥੇ ਸਮੁੱਚੇ ਦੇਸ਼ ਵਾਸੀਆਂ ਦਾ ਢਿੱਡ ਭਰਿਆ ਉਥੇ ਹੀ ਹੁਣ ਇਹ ਸੂਬਾ ਖ਼ੁਦ ਦੇ ਖਾਣ ਲਈ ਕਣਕ ਦੂਜੇ ਸੂਬਿਆਂ ਤੋਂ ਮੰਗਵਾਉਣ ਲਈ ਮਜਬੂਰ ਹੋ ਗਿਆ ਹੈ। ਪੰਜਾਬ ਵਿੱਚ ਹਰ ਸਾਲ ਪੰਜਾਬੀਆਂ ਵੱਲੋਂ ਖਾਣ ਲਈ ਹਜ਼ਾਰਾਂ ਕੁਇੰਟਲ ਕਣਕ ਮੱਧ ਪ੍ਰਦੇਸ਼ ਤੋਂ ਮੰਗਵਾਈ ਜਾ ਰਹੀ ਹੈ ਅਤੇ ਇਸ ਦੀ ਮੰਗ ਲਗਾਤਾਰ ਵਧਦੀ ਜਾ ਰਹੀ ਹੈ। ਇਸ ਦਾ ਵੱਡਾ ਕਾਰਨ ਕਿਸਾਨ ਪੰਜਾਬ ਦੇ ਕਿਸਾਨਾਂ ਵੱਲੋਂ ਲਗਾਤਾਰ ਵੱਡੀ ਗਿਣਤੀ ਵਿਚ ਕੀਟਨਾਸ਼ਕਾਂ ਦੀ ਵਰਤੋਂ ਕੀਤੇ ਜਾਣਾ ਮੰਨਿਆ ਜਾ ਰਿਹਾ ਹੈ।
ਮੱਧ ਪ੍ਰਦੇਸ਼ ਤੋਂ ਕੀਟਨਾਸ਼ਕ ਰਹਿਤ ਕਣਕ ਮੰਗਵਾਉਣ ਲਈ ਮਜਬੂਰ ਪੰਜਾਬੀ:ਪੰਜਾਬ ਵਿੱਚ ਲਗਾਤਾਰ ਵਧ ਰਹੀ ਕੀਟਨਾਸ਼ਕ ਦੀ ਵਰਤੋਂ ਕਾਰਨ ਇੱਥੋਂ ਦੀਆਂ ਫ਼ਸਲਾਂ ਵਿੱਚ ਜ਼ਹਿਰੀਲੇ ਤੱਤਾਂ ਦੀ ਮਾਤਰਾ ਵੱਧ ਜਾਣ ਕਾਰਨ ਬਿਮਾਰੀਆਂ ਫੈਲਣ ਦਾ ਖਦਸ਼ਾ ਵਧ ਗਿਆ ਹੈ ਜਿਸ ਕਾਰਨ ਹੁਣ ਜ਼ਿਆਦਾਤਰ ਪੰਜਾਬੀਆਂ ਵੱਲੋਂ ਆਪਣੇ ਖਾਣ ਲਈ ਕਣਕ ਮੱਧ ਪ੍ਰਦੇਸ਼ ਤੋਂ ਮੰਗਵਾਈ ਜਾ ਰਹੀ ਹੈ।
ਕਿਹਾ ਜਾ ਰਿਹਾ ਹੈ ਕਿ ਮੱਧ ਪ੍ਰਦੇਸ਼ ਵਿਚ ਜ਼ਹਿਰੀਲੇ ਖਾਦਾਂ ਦੀ ਵਰਤੋਂ ਬਹੁਤ ਘੱਟ ਕੀਤੀ ਜਾਂਦੀ ਹੈ ਜਿਸ ਕਾਰਨ ਇਸ ਕਣਕ ਤੋਂ ਮਨੁੱਖੀ ਸਿਹਤ ਨੂੰ ਬਹੁਤਾ ਨੁਕਸਾਨ ਨਹੀਂ ਹੁੰਦਾ। ਪਿਛਲੇ ਕੁਝ ਸਾਲਾਂ ਵਿੱਚ ਦੇਖਣ ਨੂੰ ਮਿਲਿਆ ਹੈ ਕਿ ਪੰਜਾਬ ਵਿੱਚ ਲਗਾਤਾਰ ਮੱਧ ਪ੍ਰਦੇਸ਼ ਦੀ ਕਣਕ ਦੀ ਆਮਦ ਵਿੱਚ ਵਾਧਾ ਹੋ ਰਿਹਾ ਹੈ ਅਤੇ ਵੱਡੀ ਗਿਣਤੀ ਵਿੱਚ ਪੰਜਾਬੀਆਂ ਵੱਲੋਂ ਵਪਾਰੀਆਂ ਤੋਂ ਮੱਧ ਪ੍ਰਦੇਸ਼ ਦੀ ਕਣਕ ਦੀ ਮੰਗ ਕੀਤੀ ਜਾ ਰਹੀ ਹੈ।
ਪਿਛਲੇ ਦੋ ਸਾਲਾਂ ਵਿੱਚ ਮੱਧ ਪ੍ਰਦੇਸ਼ ਦੀ ਕਣਕ ਦੀ ਮੰਗ ਹੋਈ ਦੁੱਗਣੀ: ਪੰਜਾਬ ਵਿੱਚ ਹੋ ਰਹੀ ਕੀਟਨਾਸ਼ਕਾਂ ਦੀ ਅੰਨ੍ਹੇਵਾਹ ਵਰਤੋਂ ਦੇ ਚੱਲਦਿਆਂ ਜਿੱਥੇ ਹੁਣ ਪੰਜਾਬੀਆਂ ਵੱਲੋਂ ਇੱਥੋਂ ਦੀ ਕਣਕ ਖਰੀਦਣ ਤੋਂ ਪ੍ਰਹੇਜ਼ ਕੀਤਾ ਜਾ ਰਿਹਾ ਹੈ ਉੱਥੇ ਹੀ ਮੱਧ ਪ੍ਰਦੇਸ਼ ਤੋਂ ਮੰਗਵਾਈ ਜਾਣ ਵਾਲੀ ਕਣਕ ਦੀ ਆਮਦ ਹੁਣ ਦੁੱਗਣੀ ਹੋ ਗਈ। ਮਾਰਕੀਟ ਕਮੇਟੀ ਬਠਿੰਡਾ ਦੇ ਅਧਿਕਾਰੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ 22 ਹਜ਼ਾਰ ਕੁਇੰਟਲ ਦੂਜੇ ਸੂਬਿਆਂ ਤੋਂ ਖਾਣਯੋਗ ਅਤੇ ਵਧੀਆ ਕੁਆਲਿਟੀ ਦੀ ਕਣਕ ਆਈ ਸੀ ਪਰ ਇਸ ਵਾਰ ਇਹ ਗਿਣਤੀ ਵਧ ਕੇ 56 ਹਜ਼ਾਰ ਕੁਇੰਟਲ ਚਲੀ ਗਈ ਹੈ ਕਿਉਂਕਿ ਕਿਤੇ ਨਾ ਕਿਤੇ ਪੰਜਾਬੀ ਹੁਣ ਖਾਣਯੋਗ ਕਣਕ ਦੂਜੇ ਸੂਬਿਆਂ ਤੋਂ ਵਧੀਆ ਕੁਆਲਿਟੀ ਦੀ ਮੰਗਵਾਉਣ ਲੱਗੇ ਹਨ। ਉਨ੍ਹਾਂ ਕਿਹਾ ਕਿ ਲਗਾਤਾਰ ਇਸਦੀ ਮੰਗ ਵੱਧਦੀ ਜਾ ਰਹੀ ਹੈ।
ਅੰਨ੍ਹੇਵਾਹ ਕੀਟਨਾਸ਼ਕਾਂ ਦੀ ਵਰਤੋਂ ਕਾਰਨ ਪੰਜਾਬ ਦੀ ਕਣਕ ਤੋਂ ਪਰਹੇਜ਼ ਕਰਨ ਲੱਗੇ ਲੋਕ:ਪੰਜਾਬ ਵਿਚ ਮੱਧ ਪ੍ਰਦੇਸ਼ ਤੋਂ ਕਣਕ ਲਿਆ ਕੇ ਵੇਚਣ ਵਾਲੇ ਵਪਾਰੀ ਪਵਨ ਕੁਮਾਰ ਨੇ ਦੱਸਿਆ ਕਿ ਉੱਥੇ ਕਣਕ ਦੀ ਬਿਜਾਈ ਬਿਨਾਂ ਰੇਹ ਸਪਰੇਅ ਦੇ ਕੀਤੀ ਜਾਂਦੀ ਹੈ ਵਪਾਰੀ ਨੇ ਦੱਸਿਆ ਕਿ ਮਾਤਰ ਸੱਤ ਕਿਲੋ ਡੀ ਏ ਪੀ ਨਾਲ ਹੀ ਉਨ੍ਹਾਂ ਵੱਲੋਂ ਕਣਕ ਦੀ ਫਸਲ ਨੂੰ ਪਾਲਿਆ ਜਾਂਦਾ ਹੈ ਜਿਸ ਕਾਰਨ ਮੱਧ ਪ੍ਰਦੇਸ਼ ਦੀ ਕਣਕ ਦੀ ਕਵਾਲਿਟੀ ਬਹੁਤ ਚੰਗੀ ਹੁੰਦੀ ਹੈ ਅਤੇ ਲੋਕਾਂ ਵੱਲੋਂ ਲਗਾਤਾਰ ਇਸ ਦੀ ਮੰਗ ਵਧਦੀ ਤੁਰੀ ਜਾ ਰਹੀ ਹੈ।