ਪੰਜਾਬ ਸਰਕਾਰ ਵਲੋਂ ਝੋਨੇ ਦੀ ਸਿੱਧੀ ਬਿਜਾਈ ਵਾਲੀ ਸਕੀਮ ਫੇਲ੍ਹ ! ਬਠਿੰਡਾ:ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਕਰਵਾ ਅਤੇ ਪਾਣੀ ਦੀ ਬੱਚਤ ਉੱਤੇ ਦਾਅਵੇ ਕੀਤੇ ਜਾ ਰਹੇ ਸਨ, ਪਰ ਦੂਜੇ ਪਾਸੇ ਦੇਖਿਆ ਗਿਆ ਹੈ ਕਿ ਕਿਸਾਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਤੋਂ ਮੁੱਖ ਮੋੜਿਆ ਹੈ। ਝੋਨੇ ਦੀ ਸਿੱਧੀ ਬਿਜਾਈ ਹੇਠ ਪਿਛਲੇ ਸਾਲ ਨਾਲੋਂ ਅੱਧ ਨਾਲੋਂ ਜਿਆਦਾ ਰਕਬਾ ਘਟਿਆ ਹੈ। ਝੋਨੇ ਦੀ ਸਿੱਧੀ ਬਿਜਾਈ ਹੇਠ ਰਕਬਾ ਵਧਾਉਣ ਲਈ ਪੰਜਾਬ ਸਰਕਾਰ ਨੇ ਬਿਜਾਈ ਦੀ ਮਿਤੀ ਵਿੱਚ ਵਾਧਾ ਕੀਤਾ ਹੈ। ਕਿਸਾਨਾਂ ਦਾ ਮੰਨਣਾ ਹੈ ਕਿ ਬਿਜਾਈ ਨਾਲ ਝੋਨੇ ਦਾ ਝਾੜ ਘੱਟ ਜਾਂਦਾ ਹੈ। ਇਸ ਨਾਲ ਪਾਣੀ ਦੀ ਬੱਚਤ ਨਹੀਂ ਹੁੰਦੀ ਹੈ।
ਪਿਛਲੇ ਸਾਲ ਨਾਲੋਂ ਘਟਿਆ ਰਕਬਾ:ਪੰਜਾਬ ਵਿੱਚ ਲਗਾਤਾਰ ਧਰਤੀ ਹੇਠਲੇ ਪਾਣੀ ਦਾ ਪੱਧਰ ਡਿੱਗਣ ਕਾਰਨ ਪਾਣੀ ਦੀ ਬਚਤ ਨੂੰ ਲੈਕੇ ਸਰਕਾਰ ਵੱਲੋਂ ਸਿੱਧੀ ਝੋਨੇ ਦੀ ਬਿਜਾਈ ਲਈ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਸੀ ਅਤੇ ਲਗਾਤਾਰ ਖੇਤੀਬਾੜੀ ਵਿਭਾਗ ਵੱਲੋਂ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਸੀ ਕਿ ਉਹ ਝੋਨੇ ਦੀ ਸਿੱਧੀ ਬਿਜਾਈ ਕਰਨ, ਤਾਂ ਜੋ ਧਰਤੀ ਹੇਠਲੇ ਪਾਣੀ ਨੂੰ ਬਚਾਇਆ ਜਾ ਸਕੇ। ਪਰ, ਸਰਕਾਰ ਅਤੇ ਖੇਤੀਬਾੜੀ ਵਿਭਾਗ ਦੇ ਉਪਰਾਲਿਆਂ ਨੂੰ ਇਸ ਸਾਲ ਬੂਰ ਪੈਂਦਾ ਨਜ਼ਰ ਨਹੀਂ ਆਏ। ਕਿਸਾਨਾਂ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਤੋਂ ਮੁੱਖ ਮੋੜ ਲਿਆ ਹੈ। ਇਸ ਸਾਲ ਝੋਨੇ ਦੀ ਸਿੱਧੀ ਬਿਜਾਈ ਹੇਠ ਰਕਬਾ ਪਿਛਲੇ ਸਾਲ ਨਾਲੋਂ ਅੱਧੇ ਤੋਂ ਵੀ ਘੱਟ ਰਹਿ ਗਿਆ ਹੈ।
ਕਿਸਾਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਕਰਨ ਤੋਂ ਮੋੜਿਆ ਮੂੰਹ ਪਿਛਲੇ ਸਾਲ ਨਾਲੋਂ ਸਿੱਧੀ ਬਿਜਾਈ ਕਰਨ ਵਾਲੇ ਕਿਸਾਨ ਘਟੇ:ਸਾਲ 2021-22 ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ 35, 836 ਕਿਸਾਨਾਂ ਨੇ ਰਜਿਸਟਰ ਕਰਵਾਇਆ ਸੀ ਅਤੇ 21, 2301 ਏਕੜ ਵਿਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਸੀ, ਪਰ ਸਾਲ 2022-2023 ਵਿੱਚ ਝੋਨੇ ਦੀ ਸਿੱਧੀ ਬਿਜਾਈ ਨੂੰ ਲੈ ਕੇ ਮਾਤਰ 14, 644 ਕਿਸਾਨਾਂ ਨੇ ਰਜਿਸਟਰ ਕਰਵਾਇਆ ਹੈ ਅਤੇ 13, 5521 ਏਕੜ ਵਿਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਹੈ ਜਿਸ ਦੇ ਚੱਲਦੇ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਹੇਠ ਰਕਬਾ ਵਧਾਉਣ ਲਈ ਝੋਨਾ ਲਾਉਣ ਦੀ ਆਖ਼ਿਰੀ ਮਿਤੀ 10 ਜੂਨ ਕਰ ਦਿੱਤੀ ਹੈ।
ਕੀ ਕਹਿਣਾ ਹੈ ਖੇਤੀਬਾੜੀ ਮਾਹਿਰਾਂ ਦਾ: ਖੇਤੀਬਾੜੀ ਵਿਭਾਗ ਦੇ ਅਧਿਕਾਰੀ ਉਸਮਾਨ ਸਿੰਘ ਅਤੇ ਮਨਿੰਦਰ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਪਾਣੀ ਦੀ ਬਚਤ ਨੂੰ ਲੈਕੇ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਸ਼ੁਰੂ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਸਿੱਧੀ ਬਿਜਾਈ ਵੇਲ੍ਹੇ ਪਨੀਰੀ ਤੋਂ ਮਸ਼ੀਨ ਨਾਲ ਝੋਨਾ ਬੀਜਿਆ ਜਾਂਦਾ ਹੈ। ਇਸ ਤੋਂ ਪਹਿਲਾਂ ਕਿਸਾਨਾਂ ਵੱਲੋਂ ਝੋਨੇ ਦੀ ਪਨੀਰੀ ਦੇ ਨਾਲ-ਨਾਲ ਵੱਡੀ ਪੱਧਰ ਉੱਤੇ ਕੱਦੂ ਕਰਨ ਲਈ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ, ਪਰ ਝੋਨੇ ਦੀ ਸਿੱਧੀ ਬਿਜਾਈ ਹੋਣ ਨਾਲ ਪਾਣੀ ਦੀ ਬੱਚਤ ਹੁੰਦੀ ਹੈ ਅਤੇ ਲੇਬਰ ਦਾ ਵੀ ਖਰਚਾ ਘੱਟ ਹੁੰਦਾ ਹੈ, ਕਿਉਂਕਿ ਜੇਕਰ ਕੱਦੂ ਕਰਕੇ ਕਿਸਾਨਾਂ ਵੱਲੋਂ ਝੋਨੇ ਦੀ ਬਿਜਾਈ ਕੀਤੀ ਜਾਂਦੀ ਹੈ, ਤਾਂ ਇਸ ਨਾਲ ਜਿੱਥੇ ਝੋਨੇ ਨੂੰ ਲਾਉਣ ਲਈ ਖ਼ਰਚਾ ਵੀ ਵੱਧ ਹੁੰਦਾ ਹੈ, ਉੱਥੇ ਸਮਾਂ ਵੀ ਜ਼ਿਆਦਾ ਲੱਗਦਾ ਹੈ। ਪਰ, ਜੇਕਰ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਕਰਦੇ ਹਨ ਤਾਂ ਇਸ ਨਾਲ ਝਾੜ ਤੇ ਕੋਈ ਫ਼ਰਕ ਨਹੀਂ ਪੈਂਦਾ, ਪਰ ਕਿਸਾਨਾਂ ਦੇ ਖ਼ਰਚੇ ਵਿੱਚ ਕਾਫੀ ਕਮੀ ਆਉਂਦੀ ਹੈ।
ਝੋਨੇ ਦੀ ਸਿੱਧੀ ਬਿਜਾਈ ਕਰਨ ਤੋਂ ਪਹਿਲਾਂ ਕਿਸਾਨ ਰੱਖਣ ਧਿਆਨ ਪਿੰਡ-ਪਿੰਡ ਜਾ ਕੇ ਕੀਤਾ ਜਾ ਰਿਹਾ ਜਾਗਰੂਕ: ਪਿਛਲੇ ਸਾਲ ਕਿਸਾਨਾਂ ਵਿੱਚ ਸਿੱਧੀ ਬਿਜਾਈ ਨੂੰ ਲੈ ਕੇ ਰੁਝਾਨ ਬਹੁਤ ਜ਼ਿਆਦਾ ਸੀ, ਪਰ ਇਸ ਸਾਲ ਥੋੜਾ ਰੁਝਾਨ ਘਟਿਆ ਹੈ। ਇਸ ਦਾ ਵੱਡਾ ਕਾਰਨ ਕਿਸਾਨਾਂ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਹਲਕੀਆਂ ਜ਼ਮੀਨਾਂ ਵਿੱਚ ਕੀਤਾ ਜਾਣਾ ਹੈ, ਕਿਉਂਕਿ ਹਲਕੀ ਜ਼ਮੀਨ ਵਿਚ ਝੋਨੇ ਦੀ ਸਿੱਧੀ ਬਿਜਾਈ ਬਹੁਤੀ ਕਾਰਗਰ ਨਹੀਂ ਹੈ। ਹੁਣ ਕਿਸਾਨਾਂ ਨੂੰ ਮੁੜ ਤੋਂ ਝੋਨੇ ਦੀ ਸਿੱਧੀ ਬਿਜਾਈ ਲਈ ਪ੍ਰੇਰਿਤ ਕਰਨ ਲਈ ਪਿੰਡਾਂ ਵਿੱਚ ਕੈਂਪ ਲਗਾਏ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਕਿ ਝੋਨੇ ਦੀ ਸਿੱਧੀ ਬਿਜਾਈ ਲਈ ਅਜਿਹੀਆਂ ਕਿਸਮਾਂ ਦੀ ਚੋਣ ਕਰ ਜੋ ਘੱਟ ਸਮੇਂ ਵਿਚ ਪੈਦਾ ਹੋਣ, ਹਲਕੀ ਅਤੇ ਦਰਮਿਆਨੀ ਜਮੀਨ ਉੱਤੇ ਝੋਨੇ ਦੀ ਸਿੱਧੀ ਬਿਜਾਈ ਨਾ ਕਰਨ।
ਝੋਨੇ ਦੀ ਸਿੱਧੀ ਬਿਜਾਈ ਤੋਂ ਬਾਅਦ ਨਦੀਨਾਂ ਨੂੰ ਕੰਟਰੋਲ ਕਰਨ ਲਈ ਚਾਰ-ਪੰਜ ਪੱਤੀਆਂ ਪੁੰਗਰਨ ਤੋਂ ਬਾਅਦ ਨਦੀਨਨਾਸ਼ਕਾਂ ਦੀ ਵਰਤੋ ਕਰਨ। ਖੇਤੀਬਾੜੀ ਅਫਸਰ ਮਨਿੰਦਰ ਸਿੰਘ ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਲਈ ਇਸ ਵਾਰ ਵਾਤਾਵਰਨ ਬਹੁਤ ਅਨੁਕੂਲ ਨਹੀਂ ਰਿਹਾ ਜਿਸ ਕਾਰਨ ਝੋਨੇ ਦੀ ਸਿੱਧੀ ਬਿਜਾਈ ਥੋੜਾ ਲੇਟ ਹੋ ਗਈ ਅਤੇ ਸਰਕਾਰ ਵੱਲੋਂ 10 ਜੂਨ ਤੱਕ ਝੋਨੇ ਦੀ ਸਿੱਧੀ ਬਿਜਾਈ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ, ਤਾਂ ਜੋ ਝੋਨੇ ਦੀ ਸਿੱਧੀ ਬਿਜਾਈ ਹੇਠ ਰਕਬਾ ਵਧਾ ਕੇ ਪਾਣੀ ਦੀ ਬਚਤ ਕੀਤੀ ਜਾ ਸਕੇ।
ਕਿਸਾਨਾਂ ਨੂੰ ਝੱਲਣਾ ਪੈਂਦਾ ਆਰਥਿਕ ਨੁਕਸਾਨ:ਝੋਨੇ ਦੀ ਸਿੱਧੀ ਬਿਜਾਈ ਤੋਂ ਕਿਸਾਨਾਂ ਵੱਲੋਂ ਮੂੰਹ ਮੋੜੇ ਜਾਣ ਉੱਤੇ ਬੋਲਦਿਆਂ ਕਿਸਾਨ ਆਗੂ ਅਮਰਜੀਤ ਸਿੰਘ ਨੇ ਕਿਹਾ ਕਿ ਪਾਣੀ ਦੀ ਬਚਤ ਨੂੰ ਕਰਵਾਉਣ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਹਰ ਖੇਤ ਤਕ ਨਹਿਰੀ ਪਾਣੀ ਪਹੁੰਚਣ ਦਾ ਪ੍ਰਬੰਧ ਕਰੇ, ਕਿਉਂਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ ਜਿੱਥੇ ਝਾੜ ਘੱਟਦਾ ਹੈ, ਉੱਥੇ ਹੀ ਨਦੀਨ ਬਹੁਤ ਪੈਦਾ ਹੁੰਦੇ ਹਨ ਜਿਸ ਨਾਲ ਕਿਸਾਨਾਂ ਨੂੰ ਆਰਥਿਕ ਨੁਕਸਾਨ ਝੱਲਣਾ ਪੈਂਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਨੂੰ ਝੋਨੇ ਦਾ ਬਦਲ ਦੇਵੇ ਅਤੇ ਬਦਲਵੀਆਂ ਫਸਲਾਂ ਦੇ ਐਮਐਸਪੀ ਦਾ ਪ੍ਰਬੰਧ ਕਰਕੇ ਧਰਤੀ ਹੇਠਲਾ ਪਾਣੀ ਬਚਾਇਆ ਜਾ ਸਕਦ ਹੈ।