ਬਠਿੰਡਾ: ਕੇਂਦਰ ਸਰਕਾਰ ਵੱਲੋਂ ਹਿੱਟ ਐਂਡ ਰਨ ਕਾਨੂੰਨ ਤਹਿਤ ਹਾਦਸਾ ਵਾਪਰਨ ਉੱਤੇ ਟਰੱਕ ਡਰਾਈਵਰ ਨੂੰ 10 ਸਾਲ ਦੀ ਸਜ਼ਾ ਅਤੇ 7 ਲੱਖ ਰੁਪਏ ਦੇ ਲਿਆਂਦੇ ਗਏ ਸੋਧ ਬਿੱਲ ਦਾ ਜਿੱਥੇ ਦੇਸ਼ ਦੇ ਡਰਾਈਵਰਾਂ ਵੱਲੋਂ ਵਿਰੋਧ ਕੀਤਾ ਗਿਆ ਉੱਥੇ ਹੀ ਉਹਨਾਂ ਵੱਲੋਂ 1 ਜਨਵਰੀ ਤੋਂ ਲਗਾਤਾਰ ਸਟੇਰਿੰਗ ਛੋੜੋ ਹੜਤਾਲ ਕੀਤੇ ਜਾਣ ਨਾਲ ਆਮ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਢੋਆ-ਢੁਆਈ ਦੇ ਰੁਕ ਜਾਣ ਕਾਰਨ ਰੋਜ਼ਾਨਾਂ ਦੀ ਵਰਤੋਂ ਵਿੱਚ ਆਉਣ ਵਾਲੀਆਂ ਕਈ ਵਸਤਾਂ ਦੇ ਉੱਪਰ ਇਸ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ।
25 ਤੋਂ 30% ਰੇਟਾਂ ਵਿੱਚ ਵਾਧਾ:ਭਾਵੇਂ ਕੇਂਦਰ ਸਰਕਾਰ ਵੱਲੋਂ ਟਰੱਕ ਡਰਾਈਵਰ ਨੂੰ ਭਰੋਸਾ ਦਿੱਤੇ ਜਾਣ ਤੋਂ ਬਾਅਦ ਹੜਤਾਲ ਖਤਮ ਕਰਵਾ ਦਿੱਤੀ ਗਈ ਹੈ ਪਰ ਇਸ ਦਾ ਅਸਰ ਹਾਲੇ ਵੀ ਵੇਖਣ ਨੂੰ ਮਿਲ ਰਿਹਾ ਹੈ। ਪੰਜਾਬ ਦੀਆਂ ਬਹੁਤੀਆਂ ਮੰਡੀਆਂ ਵਿੱਚ ਪਿਆਜ਼ ਦਾ ਸਟਾਕ ਖਤਮ ਹੋਣ ਦੇ ਕਿਨਾਰੇ ਹੈ ਕਿਉਂਕਿ ਪਿਆਜ਼ ਦੀ ਵੱਡੀ ਆਮਦ ਗੁਜਰਾਤ ਅਤੇ ਮੱਧ ਪ੍ਰਦੇਸ਼ ਤੋਂ ਹੁੰਦੀ ਹੈ। ਪਿਛਲੇ ਕਰੀਬ ਤਿੰਨ ਦਿਨ ਤੋਂ ਟਰੱਕਾਂ ਦਾ ਚੱਕਾ ਜਾਮ ਹੋਣ ਕਾਰਨ ਪੰਜਾਬ ਵਿੱਚ ਪਿਆਜ ਅਤੇ ਫਰੂਟ ਦੀ ਆਮਦ ਨਹੀਂ ਹੋਈ, ਜਿਸ ਕਾਰਨ ਇਹਨਾਂ ਦੇ ਰੇਟਾਂ ਵਿੱਚ ਭਾਰੀ ਇਜ਼ਾਫਾ ਹੋਇਆ ਹੈ। ਆੜਤੀ ਭੀਮ ਨੇ ਦੱਸਿਆ ਕਿ ਆਮ ਤੌਰ ਉੱਤੇ ਮੰਡੀ ਵਿੱਚ ਪਿਆਜ਼ ਅਤੇ ਆਲੂ ਦਾ ਵੱਡਾ ਸਟਾਕ ਜਮਾ ਹੁੰਦਾ ਹੈ ਕਿਉਂਕਿ ਇਹ ਰੋਜ਼ਾਨਾ ਦੀ ਵਰਤੋਂ ਵਿੱਚ ਆਉਣ ਵਾਲੀਆਂ ਵਸਤਾਂ ਹਨ ਪਰ ਟਰੱਕਾਂ ਦਾ ਚੱਕਾ ਜਾਮ ਹੋਣ ਕਾਰਨ ਮੰਡੀ ਵਿੱਚ ਦਾ ਸਟਾਕ ਖਤਮ ਹੋ ਗਿਆ ਹੈ ਅਤੇ 25 ਤੋਂ 30% ਰੇਟਾਂ ਵਿੱਚ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ।