ਲੁੱਟ ਖੋਹ ਕਰਨ ਵਾਲੇ ਨੌਜਵਾਨ ਦਾ ਪੁਲਿਸ ਨੇ ਕੀਤਾ ਐਨਕਾਊਂਟਰ ਬਠਿੰਡਾ:ਬੀਤੇ ਦਿਨੀ ਗਰੋਥ ਸੈਂਟਰ ਵਿੱਚ ਲੁੱਟ ਖੋਹ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਦਾ ਪੁਲਿਸ ਨੇ ਸਵੇਰੇ-ਸਵੇਰੇ ਐਨਕਾਊਂਟਰ ਕਰ ਦਿੱਤਾ ਹੈ। ਜਖ਼ਮੀ ਨੌਜਵਾਨ ਤੋਂ 12 ਬੋਰ ਦਾ ਦੇਸੀ ਕੱਟਾ ਅਤੇ ਬਿਨਾਂ ਨੰਬਰ ਹੀ ਮੋਟਰਸਾਈਕਲ ਬਰਾਮਦ ਕੀਤੀ ਗਈ। ਲੁੱਟਾਂ ਖੋਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਉੱਤੇ ਅੱਧੀ ਦਰਜਨ ਦੇ ਕਰੀਬ ਮਾਮਲੇ ਦਰਜ ਹਨ। ਪੁਲਿਸ ਨੇ ਜਖਮੀ ਨੌਜਵਾਨ ਨੂੰ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਹੈ।
ਬੀਤੇ ਦਿਨ ਤੋਂ ਭਾਲ ਰਹੀ ਸੀ ਪੁਲਿਸ:ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਖਿਲਾਫ ਵਿੱਢੀ ਗਈ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ, ਜਦੋਂ ਸੋਮਵਾਰ ਦੀ ਚੜ੍ਹਦੀ ਸਵੇਰ ਬਠਿੰਡਾ ਦੇ ਗਰੋਥ ਸੈਂਟਰ ਵਿੱਚ ਇੱਕ ਨੌਜਵਾਨ ਵੱਲੋਂ ਪੁਲਿਸ ਨੂੰ ਦੇਖ ਕੇ ਗੋਲੀ ਚਲਾ ਦਿੱਤੀ ਅਤੇ ਜਵਾਬੀ ਕਾਰਵਾਈ ਵਿੱਚ ਇਹ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਜਖ਼ਮੀ ਨੌਜਵਾਨ ਪਰਮਿੰਦਰ ਸਿੰਘ ਬਾਲੀਆ ਜਿਸ ਖਿਲਾਫ ਪਹਿਲਾਂ ਵੀ ਲੁੱਟਾਂ ਖੋਹਾਂ ਦੇ ਕਰੀਬ ਅੱਧੀ ਦਰਜਨ ਮਾਮਲੇ ਦਰਜ ਹਨ, ਵੱਲੋਂ ਬੀਤੇ ਦਿਨੀਂ ਗਰੋਥ ਸੈਂਟਰ ਵਿੱਚ ਇੱਕ ਡਰਾਈਵਰ ਨਾਲ ਲੁੱਟ ਖੋਹ ਕੀਤੀ ਗਈ ਸੀ। ਇਸ ਤੋਂ ਬਾਅਦ ਪੁਲਿਸ ਵੱਲੋਂ ਗਰੋਥ ਸੈਂਟਰ ਵਿੱਚ ਲਗਾਤਾਰ ਗਸ਼ਤ ਕੀਤੀ ਜਾ ਰਹੀ ਸੀ ਅਤੇ ਲੁੱਟ ਖੋਹ ਦੀ ਅੰਜਾਮ ਦੇਣ ਵਾਲੇ ਨੌਜਵਾਨਾਂ ਦੀ ਭਾਲ ਵੀ ਕੀਤੀ ਜਾ ਰਹੀ ਸੀ।
ਲੱਤ 'ਤੇ ਗੋਲੀ ਲੱਗਣ ਨਾਲ ਜਖ਼ਮੀ: ਅੱਜ ਸਵੇਰੇ ਜਦੋਂ ਪੁਲਿਸ ਵੱਲੋਂ ਗਰੋਥ ਸੈਂਟਰ ਵਿੱਚ ਇੱਕ ਨੌਜਵਾਨ ਆਉਂਦਾ ਦੇਖਿਆ, ਤਾਂ ਨੌਜਵਾਨ ਵੱਲੋਂ ਪੁਲਿਸ ਉੱਤੇ ਗੋਲੀ ਚਲਾ ਦਿੱਤੀ ਗਈ। ਜਵਾਬੀ ਕਾਰਵਾਈ ਵਿੱਚ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਸਰਕਾਰੀ ਹਸਪਤਾਲ ਵਿੱਚ ਤੈਨਾਤ ਐਮਰਜੈਂਸੀ ਡਾਕਟਰ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਸੀਆਈਏ ਟੀਮ ਵੱਲੋਂ ਇੱਕ ਨੌਜਵਾਨ ਨੂੰ ਲਿਆਂਦਾ ਗਿਆ ਹੈ ਜਿਸ ਦੇ ਲੱਤ ਵਿੱਚ ਗੋਲੀ ਵੱਜੀ ਹੋਈ ਸੀ। ਉਸ ਦਾ ਇਲਾਜ ਕੀਤਾ ਜਾ ਰਿਹਾ ਹੈ।
ਪੂਰੇ ਮਾਮਲੇ ਦੀ ਜਾਂਚ ਜਾਰੀ: ਉਧਰ ਥਾਣਾ ਸਦਰ ਦੇ ਇੰਚਾਰਜ ਹਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਪਾਰਟੀ 'ਤੇ ਗੋਲੀ ਚਲਾਉਣ ਵਾਲੇ ਨੌਜਵਾਨ ਪਰਮਿੰਦਰ ਸਿੰਘ ਖਿਲਾਫ ਕਰੀਬ ਅੱਧੀ ਦਰਜਨ ਮਾਮਲੇ ਦਰਜ ਹਨ ਅਤੇ ਪੁਲਿਸ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਸੀ। ਗਰੋਥ ਸੈਂਟਰ ਵਿੱਚ ਪਰਮਿੰਦਰ ਸਿੰਘ ਵੱਲੋਂ ਪੁਲਿਸ ਪਾਰਟੀ ਉੱਤੇ ਜਦੋਂ ਗੋਲੀ ਚਲਾਈ ਗਈ, ਤਾਂ ਜਵਾਬੀ ਕਾਰਵਾਈ ਵਿੱਚ ਪਰਮਿੰਦਰ ਸਿੰਘ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਉਸ ਕੋਲੋਂ ਇੱਕ ਬਿਨਾਂ ਨੰਬਰ ਤੋਂ ਮੋਟਰਸਾਈਕਲ ਅਤੇ ਦੇਸੀ ਕੱਟਾ 12 ਬੋਰ ਬਰਾਮਦ ਹੋਇਆ ਹੈ। ਐਨਕਾਊਂਟਰ ਵਾਲੀ ਥਾਂ ਉੱਪਰ ਪੁਲਿਸ ਅਧਿਕਾਰੀ ਪਹੁੰਚ ਕੇ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਨ।