ਗ੍ਰੋਥ ਸੈਂਟਰ ਵਿੱਚ ਬਣਿਆ ਓਟ ਸੈਂਟਰ ਬਠਿੰਡਾ:ਪੰਜਾਬ ਵਿੱਚ ਨਸ਼ਿਆਂ ਦੇ ਵਗ ਰਹੇ ਛੇਵੇਂ ਦਰਿਆ ਨੂੰ ਰੋਕਣ ਵਿੱਚ ਨਸ਼ਾ ਛਡਾਊ ਕੇਂਦਰ ਅਤੇ ਮੁੜ ਵਸੇਬਾ ਕੇਂਦਰ ਵੱਡਾ ਯੋਗਦਾਨ ਪਾ ਰਹੇ ਹਨ। ਪੰਜਾਬ ਦੇ ਨੌਜਵਾਨਾਂ ਨੂੰ ਵੱਡੀ ਪੱਧਰ ਉੱਤੇ ਹੈਰੋਇਨ ਦੇ ਨਸ਼ੇ ਨੇ ਆਪਣੀ ਗ੍ਰਿਫ਼ਤ ਵਿੱਚ ਲਿਆ ਹੋਇਆ ਹੈ, ਪਰ ਹੁਣ ਬਹੁਤੇ ਨੌਜਵਾਨ ਨਸ਼ੇ ਦਾ ਰਾਹ ਛੱਡ ਕੇ ਆਮ ਲੋਕਾਂ ਵਾਂਗ ਆਪਣੀ ਜ਼ਿੰਦਗੀ ਜਿਉਣ ਲਈ ਨਸ਼ਾ ਛੁਡਾਉ ਕੇਂਦਰਾਂ ਅਤੇ ਓਟ ਸੈਂਟਰਾਂ ਦਾ ਸਹਾਰਾ ਲੈ ਰਹੇ ਹਨ।
ਜ਼ਿਲ੍ਹੇ 'ਚ 24 ਹਜ਼ਾਰ ਤੋਂ ਵੱਧ ਨੌਜਵਾਨਾਂ ਦਾ ਚੱਲ ਰਿਹਾ ਇਲਾਜ: ਜ਼ਿਲ੍ਹਾ ਬਠਿੰਡਾ ਵਿੱਚ ਨੌਜਵਾਨਾਂ ਨੂੰ ਨਸ਼ੇ ਦੀ ਅਲਾਮਤ ਤੋਂ ਛੁਟਕਾਰਾ ਦਿਵਾਉਣ ਲਈ 22 ਓਟ ਸੈਂਟਰ ਖੋਲ੍ਹੇ ਗਏ ਹਨ। ਇਸ ਤੋਂ ਇਲਾਵਾ 50 ਬੈੱਡਾਂ ਦਾ ਨਸ਼ਾ ਛਡਾਊ ਕੇਂਦਰ ਸਰਕਾਰੀ ਹਸਪਤਾਲ ਵਿੱਚ ਚੱਲ ਰਿਹਾ ਹੈ ਅਤੇ 50 ਬੈਡ ਦਾ ਗ੍ਰੋਥ ਸੈਂਟਰ ਵਿੱਚ ਮੁੜ ਵਸੇਬਾ ਕੇਂਦਰ ਵਿਖੇ ਖੋਲ੍ਹਿਆ ਗਿਆ ਹੈ। ਮਨੋਰੋਗ ਮਾਹਿਰ ਡਾਕਟਰ ਅਰੁਣ ਨੇ ਦੱਸਿਆ ਕਿ ਜ਼ਿਲ੍ਹਾ ਬਠਿੰਡਾ ਵਿੱਚ ਨਸ਼ਾ ਛੱਡਣ ਲਈ 24,064 ਨੌਜਵਾਨ ਰਜਿਸਟਰਡ ਹਨ, ਜਿਨ੍ਹਾਂ ਦਾ ਇਲਾਜ ਨਸ਼ਾ ਛਡਾਊ ਕੇਂਦਰ ਅਤੇ ਮੁੜ ਵਸੇਬਾ ਸੈਂਟਰ ਵਿੱਚ ਕੀਤਾ ਜਾ ਰਿਹਾ ਹੈ।
ਵਰਦਾਨ ਸਾਬਤ ਹੋ ਰਿਹੈ ਗ੍ਰੋਥ ਸੈਂਟਰ ! ਉਨ੍ਹਾਂ ਦੱਸਿਆ ਕਿ 1 ਮਈ 2023 ਤੋਂ 31 ਮਈ, 2003 ਤੱਕ ਉਨ੍ਹਾਂ ਕੋਲ 193 ਨੌਜਵਾਨ ਨਸ਼ਾ ਛੱਡਣ ਲਈ ਆ ਚੁੱਕੇ ਹਨ। ਡਾਕਟਰ ਅਰੁਣ ਨੇ ਦੱਸਿਆ ਕਿ ਨਸ਼ਾ ਇਕ ਮਨੋਰੋਗ ਹੈ। ਇਸ ਦਾ ਇਲਾਜ ਲੰਬਾ ਚਲਦਾ ਹੈ। ਨਸ਼ਾ ਛੱਡਣ ਵਾਲੇ ਨੌਜਵਾਨਾਂ ਨੂੰ ਲਗਾਤਾਰ ਕੌਂਸਲਿੰਗ ਰਾਹੀਂ ਦਿਮਾਗੀ ਤੌਰ ਉੱਤੇ ਮਜਬੂਤ ਕੀਤਾ ਜਾਂਦਾ ਹੈ।
ਨਸ਼ਾ ਕਰਨਾ ਵੀ ਮਾਨਸਿਕ ਬਿਮਾਰੀ ਹੈ ਨਸ਼ਾ ਛੱਡਣ ਵਾਲੇ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਲਈ ਟ੍ਰੇਨਿੰਗ :ਬਠਿੰਡਾ ਦੇ ਗ੍ਰੋਥ ਸੈਂਟਰ ਵਿੱਚ ਚੱਲ ਰਹੇ ਮੁੜ ਵਸੇਬਾ ਸੈਂਟਰ ਦੇ ਮੈਨੇਜਰ ਰੂਪ ਸਿੰਘ ਮਾਨ ਨੇ ਦੱਸਿਆ ਕਿ ਜਦੋਂ ਵੀ ਕੋਈ ਨਸ਼ਾ ਛੱਡਣ ਲਈ ਨੌਜਵਾਨ 10 ਤੋ 15 ਦਿਨ ਨਸ਼ਾ ਛੁਡਾਊ ਕੇਂਦਰ ਵਿੱਚ ਲਗਾ ਕੇ ਆਉਂਦਾ ਹੈ, ਤਾਂ ਉਸ ਦੀ ਦਵਾਈ ਘਟਾਉਣ ਲਈ ਮੁੜ ਵਸੇਬਾ ਕੇਂਦਰ ਵਿਚ ਕਰੀਬ ਤਿੰਨ ਮਹੀਨੇ ਰੱਖਿਆ ਜਾਂਦਾ ਹੈ, ਤਾਂ ਜਦੋਂ ਉਹ ਘਰ ਜਾਵੇ, ਤਾਂ ਉਸ ਨੂੰ ਕਿਸੇ ਤਰ੍ਹਾਂ ਦੀ ਦਵਾਈ ਦੀ ਲੋੜ ਨਾ ਪਵੇ। ਇਸ ਤੋਂ ਇਲਾਵਾ ਮੁੜ ਵਸੇਬਾ ਕੇਂਦਰ ਵਿੱਚ ਵੱਖ-ਵੱਖ ਵਿਭਾਗਾਂ ਤੋਂ ਆਏ ਅਧਿਕਾਰੀਆਂ ਵੱਲੋਂ ਨਸ਼ਾ ਛੱਡਣ ਵਾਲੇ ਨੌਜਵਾਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ, ਤਾਂ ਜੋ ਉਹ ਨਸ਼ਾ ਛੱਡਣ ਉਪਰੰਤ ਆਪਣਾ ਸਵੈ-ਰੁਜ਼ਗਾਰ ਕਰ ਸਕਣ।
ਰੂਪ ਸਿੰਘ ਮਾਨ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਗ੍ਰੋਥ ਸੈਂਟਰ ਵਿੱਚ ਹੀ ਚੱਲ ਰਹੇ ਹੋਟਲ ਮੈਨਜਮੈਂਟ ਕਾਲਜ ਦੀ ਟੀਮ ਤੋਂ ਮੁੜ ਵਸੇਬਾ ਕੇਂਦਰ ਵਿਚ ਦਾਖਲ ਨਸ਼ਾ ਛੱਡਣ ਵਾਲੇ ਨੌਜਵਾਨਾਂ ਨੂੰ ਮੁਫ਼ਤ ਟ੍ਰੇਨਿੰਗ ਦਿਲਾਈ ਜਾਂਦੀ ਹੈ। ਇਸ ਸ਼੍ਰੇਣੀ ਦਾ ਨਸ਼ਾ ਛੱਡਣ ਵਾਲੇ ਨੌਜਵਾਨਾਂ ਨੂੰ ਕਾਫੀ ਲਾਭ ਹੋਇਆ ਹੈ। ਉਨ੍ਹਾਂ ਦੱਸਿਆ ਕਿ ਨਸ਼ਾ ਛੱਡਣ ਵਾਲੀ ਦਵਾਈ ਲੈਣ ਵਾਸਤੇ ਹਰ ਰੋਜ਼ ਉਨ੍ਹਾਂ ਕੋਲ 800 ਤੋਂ 1000 ਨੌਜਵਾਨ ਆਉਂਦੇ ਹਨ।
ਨਸ਼ਾ ਛੁਡਵਾਉਣ ਲਈ ਮਰੀਜਾਂ ਦੀ ਹਰ ਤਰ੍ਹਾਂ ਮਦਦ ਸਰਕਾਰੀ ਹਸਪਤਾਲ 'ਚ ਹਰ ਪ੍ਰਬੰਧ: ਇਸ ਤੋਂ ਇਲਾਵਾ, ਉਨ੍ਹਾਂ ਵੱਲੋਂ ਨੌਜਵਾਨਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕਰਨ ਲਈ ਪਿੰਡਾਂ ਵਿੱਚ ਕੈਂਪ ਲਗਾਏ ਜਾਂਦੇ ਹਨ। ਰੂਪ ਮਾਨ ਸਿੰਘ ਨੇ ਦੱਸਿਆ ਕਿ ਸੰਸਥਾਵਾਂ ਦਾ ਸਹਿਯੋਗ ਲਿਆ ਜਾਂਦਾ ਹੈ। ਸਕੂਲਾਂ ਅਤੇ ਕਾਲਜਾਂ ਵਿੱਚ ਸੈਮੀਨਾਰ ਕਰਵਾਏ ਜਾਂਦੇ ਹਨ। ਨੌਜਵਾਨਾਂ ਨੂੰ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਜੋ ਵੀ ਨੌਜਵਾਨ ਨਸ਼ਾ ਛੱਡਣਾ ਚਾਹੁੰਦਾ ਹੈ, ਉਹ ਸਰਕਾਰੀ ਹਸਪਤਾਲ ਵਿੱਚ ਚੱਲ ਰਹੇ ਨਸ਼ਾ ਛੁਡਾਊ ਕੇਂਦਰ ਵਿੱਚ ਆ ਕੇ ਆਪਣਾ ਇਲਾਜ ਕਰਵਾ ਸਕਦਾ ਹੈ, ਜਿੱਥੇ ਉਨ੍ਹਾਂ ਦੇ ਰਹਿਣ, ਖਾਣ-ਪੀਣ ਅਤੇ ਕਾਊਂਸਲਿੰਗ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨਸ਼ਾ ਛੱਡਣਾ ਕੋਈ ਔਖਾ ਕੰਮ ਨਹੀਂ ਹੈ।