ਬਠਿੰਡਾ: ਮਾਲਵਾ ਬੈਲਟ ਵਿੱਚ ਗੁਲਾਬੀ ਸੁੰਡੀ ਦਾ ਕਹਿਰ ਲਗਾਤਾਰ ਜਾਰੀ ਹੈ। ਜਿਸਦੇ ਸਿੱਟੇ ਵਜੋਂ ਚਿੱਟੇ ਸੋਨੇ ਵਜੋਂ ਜਾਣੀ ਜਾਂਦੀ ਨਰਮੇ ਦੀ ਫ਼ਸਲ ਪੂਰੀ ਤਰ੍ਹਾਂ ਨਾਲ ਬਰਬਾਦ ਹੋ ਗਈ ਹੈ। ਫ਼ਸਲ ਦੇ ਬਰਬਾਦ ਹੋਣ ਕਰਕੇ ਕਿਸਾਨਾਂ ਵੱਲੋਂ ਮੁਆਵਜੇ ਦੀ ਮੰਗ ਕੀਤੀ ਜਾ ਰਹੀ ਹੈ। ਇਸ ਮੁਆਵਜੇ ਦੀ ਮੰਗ ਵਿੱਚ ਕਿਸਾਨ ਮਜ਼ਦੂਰ ਵੀ ਸ਼ਾਮਿਲ ਹਨ। ਇਸਦੇ ਤਹਿਤ ਹੀ ਅੱਜ ਬਠਿੰਡਾ ਵਿਖੇ ਕਿਸਾਨਾਂ ਵੱਲੋਂ ਡੀ ਸੀ ਦਫ਼ਤਰ ਦਾ ਘਿਰਾਓ ਕੀਤਾ ਗਿਆ।
ਕਿਸਾਨਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਅਸੀਂ ਡੀ ਸੀ ਦਫ਼ਤਰ ਬਠਿੰਡਾ ਜ਼ਰੀਏ ਗੁਲਾਬੀ ਸੁੰਡੀ ਕਾਰਨ ਖ਼ਰਾਬ ਹੋਈ ਫ਼ਸਲ ਦੇ ਮੁਆਵਜੇ ਲਈ ਪੰਜਾਬ ਸਰਕਾਰ ਨੂੰ ਮੰਗ ਪੱਤਰ ਦੇਣ ਆਏ ਹਾਂ। ਜੇਕਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ ਤਾਂ ਉਨ੍ਹਾਂ ਵੱਲੋਂ ਸੰਘਰਸ਼ ਤੇਜ਼ ਕੀਤਾ ਜਾਵੇਗਾ।
ਕਿਸਾਨਾਂ ਦਾ ਕਹਿਣਾ ਹੈ ਕਿ ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਕਿਸਾਨਾਂ ਨੂੰ ਗੁਜਰਾਤ ਦੀਆਂ ਬੀਜ ਕੰਪਨੀਆਂ ਵੱਲੋਂ ਨਕਲੀ ਬੀਜ ਉਪਲੱਬਧ ਕਰਾਏ ਗਏ ਹਨ। ਬੀਟੀ ਬੀਜ਼ ਤਿਆਰ ਕਰਨ ਵਾਲੀਆਂ ਕੰਪਨੀਆਂ ਵੀ ਖੇਤੀ ਕਾਨੂੰਨ ਬਣਾਉਂਣ ਵਾਲਿਆਂ ਦੇ ਹੀ ਹੱਕ ਚ ਭੁਕਤਦੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਘਟੀਆਂ ਬੀਜ਼ ਸਾਜ਼ਿਸ਼ ਤਹਿਤ ਦਿੱਤੇ ਗਏ ਤਾਂ ਜੋ ਕਿਸਾਨੀ ਅੰਦੋਲਨ ਨੂੰ ਢਾਹ ਲੱਗ ਸਕੇ ਤੇ ਕਿਸਾਨ ਆਪਣੀਆਂ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰ ਦੇਣ। ਉਨ੍ਹਾਂ ਕਿਹਾ ਕਿ ਅਸੀਂ ਇਹ ਸੰਘਰਸ਼ ਜਾਰੀ ਰੱਖਾਗੇ ਅਤੇ ਕਿਸੇ ਵੀ ਕੀਮਤ ਤੇ ਆਪਣੀਆਂ ਜ਼ਮੀਨਾ ਨਹੀਂ ਛੱਡਾਗੇ।
ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਨਿੱਤ ਨਵੇਂ ਬਿਆਨ ਦੇ ਰਹੀ ਹੈ ਪਰ ਜ਼ਮੀਨੀ ਪੱਧਰ 'ਤੇ ਕਿਸਾਨਾਂ ਦੀ ਕੋਈ ਸਾਰ ਨਹੀਂ ਲੈ ਰਿਹਾ। ਜੇਕਰ ਪੰਜਾਬ ਸਰਕਾਰ ਨੇ ਕਿਸਾਨਾਂ ਦੀ ਬਾਂਹ ਨਾ ਫੜੀ ਤਾਂ ਮਜਬੂਰਨ ਉਨ੍ਹਾਂ ਨੂੰ ਆਪਣਾ ਸੰਘਰਸ਼ ਹੋਰ ਤੇਜ਼ ਕਰਨਾ ਪਵੇਗਾ।
ਇਹ ਵੀ ਪੜ੍ਹੋ:-ਗੁਲਾਬੀ ਸੁੰਡੀ ਦੇ ਕਹਿਰ ਨੇ ਕਿਸਾਨਾਂ ਦੀ ਵਧਾਈ ਚਿੰਤਾ