ਬਠਿੰਡਾ:ਜ਼ਿਲ੍ਹੇ ਦੇ ਪਿੰਡ ਨਰੂਆਣਾ ਦੇ ਰਹਿਣ ਵਾਲੇ ਅਮਰੀਕ ਸਿੰਘ ਨੂੰ ਨਾਭਾ ਜੇਲ੍ਹ ਵਿੱਚ ਬੰਦ ਗੈਂਗਸਟਰ ਅਮਨਦੀਪ ਸਿੰਘ ਉਰਫ਼ ਅਮਨਾ ਉਬਾ ਅਤੇ ਗੈਂਗਸਟਰ ਸੁੱਖਾ ਦੁਣਕੇ ਵੱਲੋ ਫੋਨ ਕਰਕੇ 10 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ। ਇਸ ਸਬੰਧੀ ਏ ਜੀ ਟੀ ਐਫ ਅਤੇ ਸੈਂਟਰਲ ਏਜੰਸੀ ਵੱਲੋਂ ਬਠਿੰਡਾ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ। ਬਠਿੰਡਾ ਪੁਲਿਸ ਵੱਲੋਂ ਇਸ ਮਾਮਲੇ ਵਿਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਪੁਲਿਸ ਨੇ ਐਕਸ਼ਨ ਕਰਦਿਆਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ:ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਬਠਿੰਡਾ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸਨ ਅਤੇ ਮੁੱਢਲੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਅਮਰੀਕ ਸਿੰਘ ਦੇ ਘਰ ਦੀ ਰੇਕੀ ਪ੍ਰਦੀਪ ਸਿੰਘ ਤੇਜਵੀਰ ਸਿੰਘ ਅਤੇ ਅੰਮ੍ਰਿਤਪਾਲ ਵੱਲੋਂ ਕੀਤੀ ਗਈ ਹੈ। ਪੁਲਿਸ ਨੇ ਇਨ੍ਹਾਂ ਨੂੰ ਗ੍ਰਿਫਤਾਰ ਕਰਕੇ ਮੁਲਜ਼ਮਾਂ ਕੋਲੋਂ ਦੇਸੀ ਕੱਟਾ ਅਤੇ 315 ਬੋਰ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਪੁਲਿਸ ਨੇ ਰੇਕੀ ਕਰਨ ਲਈ ਵਰਤੀ ਗਈ ਸਕੂਟਰੀ ਅਤੇ ਮੋਬਾਇਲ ਫੋਨ ਜਿਸ ਰਾਹੀਂ ਵੀਡੀਓ ਬਣਾਈ ਗਈ ਸੀ ਉਸ ਨੂੰ ਵੀ ਬਰਾਮਦ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੇ ਪੁੱਛਗਿੱਚ ਤੋਂ ਮਗਰੋਂ ਦੱਸਿਆ ਕਿ ਉਨ੍ਹਾਂ ਨੇ ਜੇਲ੍ਹ ਵਿੱਚ ਬੰਦ ਗੈਂਗਸਟਰ ਦੇ ਕਹਿਣ ਉੱਤੇ ਕਿਸਾਨ ਦੇ ਘਰ ਦੀ ਰੇਕੀ ਕੀਤੀ ਸੀ ਅਤੇ ਉਨ੍ਹਾਂ ਨੇ ਪੂਰੇ ਘਰ ਦੀ ਵੀਡੀਓ ਵੀ ਬਣਾਈ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕਿਸਾਨ ਫਿਰੌਤੀ ਨਹੀਂ ਦਿੰਦਾ ਤਾਂ ਉਹ ਉਸ ਦਾ ਨੁਕਸਾਨ ਕਰਨ ਲਈ ਵੱਡਾ ਐਕਸ਼ਨ ਕਰ ਸਕਦੇ ਸੀ।