ਬਠਿੰਡਾ: ਬੰਗੀ ਨਗਰ ਦੀ ਰਹਿਣ ਵਾਲੀ ਸੁਰਜੀਤ ਕੌਰ ਦੇ ਮਕਾਨ ਦੀ ਛੱਤ ਡਿੱਗਣ ਕਾਰਨ ਆਪਣੀਆਂ ਦੋ ਪੋਤੀਆਂ ਨਾਲ ਖੁੱਲ੍ਹੇ ਆਸਮਾਨ ਹੇਠ ਰਹਿਣ ਲਈ ਮਜਬੂਰ ਹੈ। ਘਰ ਦੇ ਇੱਕੋ ਇੱਕ ਕਮਾਉਣ ਵਾਲੇ ਜੀ ਸੁਰਜੀਤ ਕੌਰ ਦੇ ਜਵਾਨ ਪੁੱਤਰ ਦੀ ਰੀੜ੍ਹ ਦੀ ਹੱਡੀ ਤੇ ਸੱਟ ਵੱਜਣ ਕਾਰਨ ਮੰਜੇ ਤੇ ਪਿਆ ਹੈ।
ਸੁਰਜੀਤ ਕੌਰ ਨੇ ਦੱਸਿਆ ਕਿ ਇੱਕ ਮਹੀਨਾ ਪਹਿਲਾਂ ਉਸ ਦੇ ਚਾਲੀ ਸਾਲ ਪੁਰਾਣੇ ਮਕਾਨ ਦੀ ਛੱਤ ਡਿੱਗ ਗਈ। ਇਸ ਘਟਨਾ ਦੌਰਾਨ ਉਸ ਦਾ ਪੁੱਤਰ ਛੱਤ ਥੱਲੇ ਆ ਗਿਆ। ਜਿਸ ਕਾਰਨ ਉਸ ਦੀ ਰੀੜ੍ਹ ਦੀ ਹੱਡੀ ਤੇ ਸੱਟ ਲੱਗ ਗਈ। ਸੁਰਜੀਤ ਕੌਰ ਨੇ ਦੱਸਿਆ ਕਿ ਹੁਣ ਉਹ ਆਪਣੇ ਜਵਾਨ ਪੁੱਤਰ ਦੇ ਇਲਾਜ ਦੇ ਨਾਲ ਦੋ ਜਵਾਨ ਪੋਤੀਆਂ ਦੀ ਪੜ੍ਹਾਈ ਦੇ ਫ਼ਿਕਰ ਨੂੰ ਲੈ ਕੇ ਫ਼ਿਕਰਮੰਦ ਹੈ।
ਘਰ ਦੀ ਡਿੱਗੀ ਛੱਤ, ਜਵਾਨ ਪੋਤੀਆਂ ਨਾਲ ਸੜਕ 'ਤੇ ਰੁੱਲ ਰਹੀ ਬਿਰਧ ਮਾਤਾ ਉਸ ਕੋਲ ਆਮਦਨ ਦਾ ਕੋਈ ਸਾਧਨ ਨਹੀਂ ਅਤੇ ਖੁੱਲ੍ਹੇ ਆਸਮਾਨ ਥੱਲੇ ਰਹਿਣ ਲਈ ਮਜਬੂਰ ਹੈ। ਜਦੋਂ ਕਿ ਉਸਦੇ ਜ਼ਖ਼ਮੀ ਪੁੱਤਰ ਨੂੰ ਗੁਆਂਢੀਆਂ ਵੱਲੋਂ ਇਕ ਛੋਟੇ ਜਿਹੇ ਕਮਰੇ ਦਾ ਆਸਰਾ ਦਿੱਤਾ ਗਿਆ ਹੈ।
ਸੁਰਜੀਤ ਕੌਰ ਨੇ ਕਿਹਾ ਕਿ ਭਾਵੇਂ ਸਮੇਂ ਸਮੇਂ ਤੇ ਲੀਡਰ ਉਸ ਕੋਲ ਵੋਟਾਂ ਮੰਗਣ ਲਈ ਆਉਂਦੇ ਰਹੇ ਪਰ ਕਿਸੇ ਨੇ ਵੀ ਉਸ ਦੀ ਬਾਂਹ ਨਹੀਂ ਫੜੀ। ਉਸ ਨੂੰ ਉਹਦੇ ਘਰ ਦੇ ਗੁਜ਼ਾਰੇ ਲਈ ਲੋਕਾਂ ਦੇ ਘਰੋਂ ਆਟਾ ਤੱਕ ਮੰਗ ਕੇ ਲਿਆਉਣਾ ਪੈਂਦਾ ਹੈ। ਹੁਣ ਉਸਦੀ ਵੱਡੀ ਪੋਤੀ ਦੀ ਪੜ੍ਹਾਈ ਵੀ ਛੁੱਟ ਗਈ ਹੈ। ਜਦੋਂਕਿ ਛੋਟੀ ਪੋਤੀ ਸਕੂਲ ਜਾ ਰਹੀ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਸ ਦੇ ਮਕਾਨ ਦੀ ਹਾਲਤ ਵੇਖਦੇ ਹੋਏ ਉਸ ਦੀ ਮਾਲੀ ਮਦਦ ਕੀਤੀ ਜਾਵੇ।
ਉਧਰ ਗੰਭੀਰ ਜ਼ਖ਼ਮੀ ਹਾਲਤ ਵਿਚ ਪਏ ਸੁਰਜੀਤ ਕੌਰ ਦੇ ਪੁੱਤਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸੱਟ ਲੱਗਣ ਤੋਂ ਬਾਅਦ ਉਹ ਹੁਣ ਕੰਮ ਕਰਨ ਤੋਂ ਲਾਚਾਰ ਹੋ ਚੁੱਕਿਆ ਹੈ। ਖੁੱਲ੍ਹੇ ਆਸਮਾਨ ਥੱਲੇ ਪਿਆ ਉਸ ਦਾ ਸਾਮਾਨ ਖਰਾਬ ਹੋ ਰਿਹਾ ਹੈ। ਉਸ ਦੀ ਬਿਰਧ ਮਾਤਾ ਦੋਵੇਂ ਬੱਚੀਆਂ ਨੂੰ ਸੜਕ ਤੇ ਖੁੱਲ੍ਹੇ ਆਸਮਾਨ ਥੱਲੇ ਰਹਿਣ ਲਈ ਮਜਬੂਰ ਹੈ।
ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਪੇਂਟਰ ਦਾ ਕੰਮ ਕਰਦਾ ਸੀ ਜਿਸ ਨਾਲ ਘਰ ਦਾ ਗੁਜ਼ਾਰਾ ਚੱਲਦਾ ਸੀ ਪਰ ਸੱਟ ਲੱਗਣ ਤੋਂ ਬਾਅਦ ਉਹ ਲਾਚਾਰ ਹੋ ਗਿਆ ਹੈ। ਛੱਤ ਡਿੱਗਣ ਤੋਂ ਬਾਅਦ ਉਸੇ ਘਰ ਦਾ ਸਾਰਾ ਸਾਮਾਨ ਬਰਬਾਦ ਹੋ ਗਿਆ ਹੈ। ਲੋਕਾਂ ਵੱਲੋਂ ਹੀ ਉਸ ਦੇ ਗੁਜ਼ਾਰੇ ਲਈ ਮਾਲੀ ਇਮਦਾਦ ਥੋੜ੍ਹੀ ਬਹੁਤ ਮਦਦ ਕੀਤੀ ਜਾ ਰਹੀ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਸ ਦੀ ਮਾਲੀ ਇਮਦਾਦ ਕੀਤੀ ਜਾਵੇ।
ਇਹ ਵੀ ਪੜ੍ਹੋ:-ਰਾਸ਼ਟਰਪਤੀ ਜ਼ੇਲੇਂਸਕੀ ਨੇ ਯੂਕਰੇਨ ਛੱਡਣ ਤੋਂ ਕੀਤਾ ਇਨਕਾਰ, ਦੇਸ਼ ਵਾਸੀਆਂ ਨੂੰ ਡਟੇ ਰਹਿਣ ਦੀ ਅਪੀਲ