ਬਠਿੰਡਾ:ਜ਼ਿਲ੍ਹੇ ਦੇ ਮਿਲਟਰੀ ਸਟੇਸ਼ਨ 80 ਆਰਟੀਲਰੀ ਰੈਜੀਮੈਂਟ ਦੇ ਚਾਰ ਜਵਾਨਾਂ ਦੀ ਫਾਇਰਿੰਗ ਵਿੱਚ ਮੌਤ ਹੋ ਜਾਣ ਦੇ ਮਾਮਲੇ ਦੀ ਫੌਜ ਦੇ ਅਧਿਕਾਰੀਆਂ ਵੱਲੋਂ ਵੱਡੇ ਪੱਧਰ 'ਤੇ ਜਾਂਚ ਕੀਤੀ ਜਾ ਰਹੀ ਹੈ। ਦੂਸਰੇ ਪਾਸੇ ਅੱਜ ਦੂਜੇ ਦਿਨ ਵੀ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਤੱਕ ਪੁਲਿਸ ਅਤੇ ਫੌਜ ਦੇ ਹੱਥ ਨਹੀਂ ਪਹੁੰਚ ਸਕੇ ਹਨ। ਫੌਜ ਅਤੇ ਪੁਲਿਸ ਦਾ ਸਾਂਝਾ ਸਰਚ ਆਪਰੇਸ਼ਨ ਚੱਲ ਰਿਹਾ ਹੈ, ਪਰ ਬਾਵਜੂਦ ਇਸ ਦੇ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਦਾ ਕੋਈ ਸੁਰਾਗ ਨਹੀਂ ਮਿਲਿਆ। ਇੱਥੇ ਦੱਸਣਯੋਗ ਹੈ ਕਿ ਕਿ ਬੁੱਧਵਾਰ ਸਵੇਰੇ ਜਦੋਂ ਚਾਰ ਜਵਾਨ ਛਾਉਣੀ ਦੇ ਅੰਦਰ ਸਥਿਤ ਰੈਜੀਮੈਂਟ ਦੀ ਬੈਰਕ ਵਿੱਚ ਸੌਂ ਰਹੇ ਸਨ ਤਾਂ ਉਨ੍ਹਾਂ ਉੱਤੇ ਹਮਲਾਵਰਾਂ ਨੇ ਫਾਇਰਿੰਗ ਕਰ ਦਿੱਤੀ , ਇਸ ਹਮਲੇ ਵਿੱਚ 4 ਜਵਾਨਾਂ ਦੀ ਮੌਤ ਹੋ ਗਈ। ਇਸ ਮਾਮਲੇ ਵਿੱਚ ਥਾਣਾ ਕੈਂਟ ਦੀ ਪੁਲਿਸ ਨੇ ਰੈਜੀਮੈਂਟ ਦੇ ਮੇਜਰ ਆਸ਼ੂਤੋਸ਼ ਸ਼ੁਕਲਾ ਦੇ ਬਿਆਨਾਂ ’ਤੇ ਦੋ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਸੀ।
ਦੂਜੇ ਦਿਨ ਜਾਂਚ ਜਾਰੀ : ਵੀਰਵਾਰ ਨੂੰ ਫੌਜ ਦੇ ਸੀਨੀਅਰ ਅਧਿਕਾਰੀਆਂ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਹਰ ਪਹਿਲੂ ਦੀ ਜਾਂਚ ਕੀਤੀ। ਪੁਲਿਸ ਅਤੇ ਫੌਜ ਦੀਆਂ ਵੱਖ-ਵੱਖ ਟੀਮਾਂ ਵੱਲੋਂ ਕੈਂਟ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਤਲਾਸ਼ੀ ਮੁਹਿੰਮ ਦੌਰਾਨ ਫੌਜ ਅਤੇ ਪੁਲਿਸ ਨੂੰ ਅਜੇ ਤੱਕ ਮੁਲਜ਼ਮਾਂ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਹਾਲਾਂਕਿ ਫੌਜ ਅਤੇ ਪੁਲਿਸ ਦੇ ਸਾਂਝੇ ਤਲਾਸ਼ੀ ਅਭਿਆਨ ਦੌਰਾਨ ਬੁੱਧਵਾਰ ਸ਼ਾਮ ਨੂੰ ਛਾਉਣੀ ਦੇ ਜੰਗਲਾਂ 'ਚੋਂ ਚੋਰੀ ਹੋਈ ਇੰਸਾਸ ਰਾਈਫਲ ਬਰਾਮਦ ਕਰ ਲਈ ਗਈ ਸੀ। ਜਿਸ ਨੂੰ ਅਗਲੇਰੀ ਜਾਂਚ ਲਈ ਲੈਬ ਵਿੱਚ ਭੇਜ ਦਿੱਤਾ ਗਿਆ ਹੈ, ਪਰ ਇਹ ਸਪੱਸ਼ਟ ਨਹੀਂ ਹੈ ਕਿ ਫੌਜ ਦੇ ਜਵਾਨਾਂ ਦਾ ਕਤਲ ਚੋਰੀ ਦੀ ਰਾਈਫਲ ਨਾਲ ਕੀਤਾ ਗਿਆ ਸੀ ਜਾਂ ਕਿਸੇ ਹੋਰ ਆਧੁਨਿਕ ਹਥਿਆਰ ਨਾਲ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ।