ਕਿਸਾਨਾਂ ਨਾਲ ਗੱਲਬਾਤ ਕਰਦਾ ਹੋਇਆ ਪੱਤਰਕਾਰ ਬਠਿੰਡਾ:ਪੰਜਾਬ 'ਚ ਪਰਾਲੀ ਦੀ ਸਾਂਭ ਸੰਭਾਲ ਹਰ ਵਾਰ ਇੱਕ ਵੱਡਾ ਮੁੱਦਾ ਬਣਦਾ ਹੈ, ਕਿਉਂਕਿ ਜਿਆਦਾ ਖਰਚ ਆਉਣ ਕਾਰਨ ਕਈ ਕਿਸਾਨ ਖੇਤ 'ਚ ਪਰਾਲੀ ਨੂੰ ਅੱਗ ਲਗਾ ਦਿੰਦੇ ਹਨ, ਜਿਸ ਨਾਲ ਪ੍ਰਦੂਸ਼ਣ ਵੱਧਣ ਦੇ ਮਾਮਲੇ ਸਾਹਮਣੇ ਆਉਂਦੇ ਹਨ। ਉਧਰ ਪੰਜਾਬ ਸਰਕਾਰ ਵੱਲੋਂ ਇਸ ਵਾਰ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਵੱਡੇ ਪੱਧਰ 'ਤੇ ਸਬਸਿਡੀ ਵਾਲੀਆਂ ਮਸ਼ੀਨਾਂ ਉਪਲਬਧ ਕਰਾਉਣ ਦਾ ਯਤਨ ਕੀਤਾ ਗਿਆ ਹੈ ਤਾਂ ਜੋ ਪਰਾਲੀ ਦੀ ਸਾਂਭ ਸੰਭਾਲ ਕੀਤੀ ਜਾ ਸਕੇ ਅਤੇ ਪਰਾਲੀ ਕਾਰਨ ਹੋ ਰਹੇ ਪ੍ਰਦੂਸ਼ਣ ਤੋਂ ਵਾਤਾਵਰਨ ਨੂੰ ਬਚਾਇਆ ਜਾ ਸਕੇ। ਉਥੇ ਹੀ ਪਰਾਲੀ ਦੀ ਸਾਂਭ ਸੰਭਾਲ ਲਈ ਸਰਕਾਰ ਵੱਲੋਂ ਉਪਲਬਧ ਕਰਾਈ ਜਾ ਰਹੀ ਮਸ਼ੀਨਰੀ ਦਾ ਭਾਵ ਵੱਧਣ ਕਾਰਨ ਕਿਸਾਨ ਪਰੇਸ਼ਾਨ ਹੋ ਰਹੇ ਹਨ ਕਿਉਂਕਿ ਸਰਕਾਰ ਵੱਲੋਂ ਪੁਰਾਣੇ ਭਾਅ 'ਤੇ ਹੀ ਕਿਸਾਨਾਂ ਨੂੰ 50% ਸਬਸਿਡੀ ਦਿੱਤੀ ਜਾ ਰਹੀ ਹੈ। (Stubble Burn issue)
ਸਰਕਾਰ ਦੇ ਦਾਅਵੇ ਨਿਕਲ ਰਹੇ ਖੋਖਲੇ:ਇਸ ਸਬੰਧੀ ਬਠਿੰਡਾ ਦੇ ਪਿੰਡ ਘੁੱਦਾ ਦੇ ਕਿਸਾਨ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜੋ ਪਰਾਲੀ ਦੇ ਰੱਖ ਰਖਾਵ ਲਈ ਕਿਸਾਨਾਂ ਨੂੰ 50 ਪ੍ਰਤੀਸ਼ਤ ਸਬਸਿਡੀ 'ਤੇ ਮਸ਼ੀਨਰੀ ਉਪਲਬਧ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ, ਉਹ ਸਰਾਸਰ ਖੋਖਲੇ ਹਨ ਕਿਉਂਕਿ ਪਰਾਲੀ ਦੇ ਰੱਖ ਰਖਾਵ ਲਈ ਜਿਸ ਮਸ਼ੀਨਰੀ ਦਾ ਪ੍ਰਯੋਗ ਕੀਤਾ ਜਾਂਦਾ ਹੈ, ਉਸ ਮਸ਼ੀਨਰੀ ਦੇ ਭਾਵ ਵਿੱਚ ਕੰਪਨੀਆਂ ਨੇ ਚੋਖਾ ਇਜਾਫਾ ਕੀਤਾ ਹੈ ਪਰ ਕੇਂਦਰ ਸਰਕਾਰ ਵੱਲੋਂ ਮਸ਼ੀਨਰੀ ਦੇ ਪੁਰਾਣੇ ਭਾਅ 'ਤੇ ਹੀ ਕਿਸਾਨਾਂ ਨੂੰ ਸਬਸਿਡੀ ਦਿੱਤੀ ਜਾ ਰਹੀ ਹੈ।
ਕੰਪਨੀਆਂ ਵਲੋਂ ਮਸ਼ੀਨਰੀਆਂ ਦੀਆਂ ਕੀਮਤਾਂ 'ਚ ਦਿਨ ਪਰ ਦਿਨ ਵਾਧਾ ਕੀਤਾ ਜਾ ਰਿਹਾ ਹੈ ਪਰ ਸਰਕਾਰ ਵਲੋਂ ਮਿਲ ਰਹੀ ਸਬਸਿਡੀ ਪੁਰਾਣੇ ਰੇਟਾਂ 'ਤੇ ਮਿਲ ਰਹੀ ਹੈ, ਜਿਸ ਕਾਰਨ ਕਿਸਾਨਾਂ ਨੂੰ ਇਸ ਦਾ ਲਾਭ ਨਹੀਂ ਹੋ ਰਿਹਾ। ਸਗੋਂ ਕਿਸਾਨਾਂ 'ਤੇ ਇਸ ਨਾਲ ਆਰਥਿਕ ਭਾਰ ਵੱਧ ਰਿਹਾ ਹੈ। ਲਖਵਿੰਦਰ ਸਿੰਘ, ਕਿਸਾਨ
ਮਸ਼ੀਨਾਂ ਦੇ ਭਾਅ ਵਧੇ ਪਰ ਸਬਸਿਡੀ ਪੁਰਾਣੇ ਰੇਟਾਂ 'ਤੇ: ਕਿਸਾਨ ਨੇ ਦੱਸਿਆ ਕਿ ਇਸ ਕਾਰਨ ਹੀ ਕਿਸਾਨਾਂ ਦੀ ਵੱਡੀ ਲੁੱਟ ਹੋ ਰਹੀ ਹੈ ਕਿਉਂਕਿ 50% ਦੀ ਥਾਂ ਕਿਸਾਨਾਂ ਨੂੰ ਮਾਤਰ 30 ਤੋਂ 35 ਪ੍ਰਤੀਸ਼ਤ ਹੀ ਸਬਸਿਡੀ ਮਿਲ ਰਹੀ ਹੈ ਅਤੇ ਮਸ਼ੀਨਰੀ ਖਰੀਦਣ ਵਾਲੇ ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਪਰਾਲੀ ਦੇ ਰੱਖ ਰਖਾਵ ਲਈ ਛੋਟੀ ਤੋਂ ਛੋਟੀ ਮਸ਼ੀਨਰੀ 70 ਹਜਾਰ ਤੋਂ ਸ਼ੁਰੂ ਹੁੰਦੀ ਹੈ ਅਤੇ ਇਹ ਲੱਖਾਂ ਰੁਪਏ 'ਚ ਚਲੀ ਜਾਂਦੀ ਹੈ। ਜੇਕਰ ਇੱਕ ਕਿਸਾਨ ਵੱਲੋਂ ਪਰਾਲੀ ਦੇ ਰੱਖ ਰਖਾਵ ਲਈ ਮਸ਼ੀਨਰੀ ਖਰੀਦ ਕਰਨੀ ਹੋਵੇ ਤਾਂ ਉਸ ਨੂੰ ਘੱਟੋ ਘੱਟ 50 ਲੱਖ ਰੁਪਏ ਖਰਚ ਕਰਨੇ ਪੈਂਦੇ ਹਨ, ਪਰ ਜੇਕਰ ਇਸੇ ਤਰ੍ਹਾਂ ਕੰਪਨੀਆਂ ਵੱਲੋਂ ਰੇਟ ਵਧਾਏ ਜਾਂਦੇ ਰਹੇ ਤਾਂ ਕਿਸਾਨਾਂ ਨੂੰ ਫਿਰ ਤੋਂ ਪਰਾਲੀ ਨੂੰ ਅੱਗ ਲਾਉਣ ਲਈ ਮਜਬੂਰ ਹੋਣਾ ਪਵੇਗਾ। ਕਿਸਾਨਾਂ ਦਾ ਕਹਿਣਾ ਕਿ ਕੇਂਦਰ ਸਰਕਾਰ ਵੱਲੋਂ ਦਿੱਤੀ ਜਾ ਰਹੀ 50% ਸਬਸਿਡੀ ਦਾ ਕਿਸਾਨਾਂ ਨੂੰ ਕੋਈ ਲਾਭ ਨਹੀਂ ਹੋ ਰਿਹਾ, ਸਗੋਂ ਨੁਕਸਾਨ ਝੱਲਣਾ ਪੈ ਰਿਹਾ ਹੈ।
ਜੋ ਮਸ਼ੀਨਾਂ ਸਰਕਾਰਾਂ ਨੂੰ ਵਾਢੀ ਸੀਜ਼ਨ ਸ਼ੁਰੂ ਹੋਣ ਤੋਂ ਕਰੀਬ ਦੋ ਮਹੀਨੇ ਪਹਿਲਾਂ ਦੇਣੀਆਂ ਚਾਹੀਦੀਆਂ ਸੀ, ਉਸ ਨੂੰ ਹੁਣ ਕਿਸਾਨ ਲਈ ਉਪਲਬਧ ਕਰਵਾਇਆ ਜਾ ਰਿਹਾ ਹੈ। ਜਦਕਿ ਕਈ ਕਿਸਾਨ ਪਰਾਲੀ ਦੀ ਸਾਂਭ ਸੰਭਾਲ ਤੋਂ ਔਖੇ ਹੋਏ ਅੱਗਾਂ ਲਾਉਣ ਲਈ ਮਜ਼ਬੂਰ ਹੋ ਰਹੇ ਹਨ, ਕਿਉਂਕਿ ਕਿਸਾਨਾਂ ਨੂੰ ਨਹੀਂ ਕਈ ਤਰ੍ਹਾਂ ਦੇ ਖਰਚੇ ਕਰਨੇ ਪੈਂਦੇ ਹਨ, ਜੋ ਉਨ੍ਹਾਂ ਦੀ ਜੇਬ੍ਹ 'ਤੇ ਅਸਰ ਪਾਉਂਦੇ ਹਨ।- ਕਿਸਾਨ
ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਮਿਲਦੀਆਂ ਮਸ਼ੀਨਾਂ: ਕਿਸਾਨਾਂ ਦਾ ਕਹਿਣਾ ਸੀ ਕਿ ਸਰਕਾਰ ਵੱਲੋਂ ਪਰਾਲੀ ਦੇ ਰੱਖ ਰਖਾਵ ਲਈ 50 ਪ੍ਰਤੀਸ਼ਤ ਸਬਸਿਡੀ 'ਤੇ ਉਪਲਬਧ ਕਰਵਾਈ ਗਈ ਮਸ਼ੀਨਰੀ ਸੀਜ਼ਨ ਸ਼ੁਰੂ ਹੋਣ ਤੋਂ ਕਰੀਬ ਦੋ ਮਹੀਨੇ ਪਹਿਲਾਂ ਦਿੱਤੀ ਜਾਣੀ ਚਾਹੀਦੀ ਹੈ ਪਰ ਖੇਤੀਬਾੜੀ ਵਿਭਾਗ ਵੱਲੋਂ ਉਸ ਸਮੇਂ ਕਿਸਾਨਾਂ ਨੂੰ ਪਰਾਲੀ ਦੇ ਰੱਖ ਰਖਾਵ ਲਈ ਮਸ਼ੀਨਰੀ ਉਪਲਬਧ ਕਰਾਈ ਗਈ ਹੈ ਜਦੋਂ 5 ਪ੍ਰਤੀਸ਼ਤ ਤੋਂ ਉੱਪਰ ਝੋਨਾ ਮੰਡੀਆਂ ਵਿੱਚ ਆ ਚੁੱਕਿਆ ਹੈ। ਜੇਕਰ ਇੱਕ ਕਿਸਾਨ ਵੱਲੋਂ ਪਰਾਲੀ ਦੀ ਸੰਭਾਲ ਲਈ ਸਬਸਿਡੀ ਵਾਲੀ ਮਸ਼ੀਨਰੀ ਖਰੀਦਣੀ ਹੁੰਦੀ ਹੈ ਤਾਂ ਉਸ ਨੂੰ ਹੋਰ ਵੀ ਕਈ ਤਰ੍ਹਾਂ ਦੇ ਖਰਚੇ ਕਰਨੇ ਪੈਂਦੇ ਹਨ ਅਤੇ ਪਰਾਲੀ ਦੀਆਂ ਗੱਠਾਂ ਦੀ ਸਾਂਭ ਸੰਭਾਲ ਲਈ ਵੀ ਐਗਰੀਮੈਂਟ ਕਰਨੇ ਪੈਂਦੇ ਹਨ ਪਰ ਸਰਕਾਰ ਵੱਲੋਂ ਕਿਸਾਨਾਂ ਨੂੰ ਸੀਜ਼ਨ ਸ਼ੁਰੂ ਹੋਣ ਤੋਂ ਬਾਅਦ ਮਸ਼ੀਨਰੀ ਉਪਲਬਧ ਕਰਾਏ ਜਾਣ ਕਾਰਨ ਕਿਸਾਨਾਂ 'ਤੇ ਆਰਥਿਕ ਬੋਝ ਵਧਿਆ ਹੈ। ਜਿਸ ਕਾਰਨ ਸਰਕਾਰ ਵੱਲੋਂ ਉਪਲਬਧ ਕਰਾਈ ਜਾ ਰਹੀ 50 ਪ੍ਰਤੀਸ਼ਤ ਸਬਸਿਡੀ ਦਾ ਕਿਸਾਨਾਂ ਨੂੰ ਕੋਈ ਬਹੁਤਾ ਲਾਭ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ।
ਖੇਤੀਬਾੜੀ ਵਿਭਾਗ ਦਾ ਅਧਿਕਾਰੀ ਜਾਣਕਾਰੀ ਦਿੰਦਾ ਹੋਇਆ ਸਰਕਾਰ ਤੱਕ ਰੱਖ ਰਹੇ ਕਿਸਾਨਾਂ ਦੀ ਮੰਗ:ਉਧਰ ਦੂਸਰੇ ਪਾਸੇ ਖੇਤੀਬਾੜੀ ਵਿਭਾਗ ਵਿੱਚ ਤੈਨਾਤ ਇੰਜੀਨੀਅਰ ਗੁਰਜੀਤ ਸਿੰਘ ਵਿਰਕ ਨੇ ਕਿਹਾ ਕਿ ਉਨਾਂ ਵੱਲੋਂ ਪਹਿਲੀ ਟਰਮ ਵਿੱਚ 400 ਦੇ ਕਰੀਬ ਕਿਸਾਨਾਂ ਨੂੰ ਸਬਸਿਡੀ ਵਾਲੀਆਂ ਮਸ਼ੀਨਾਂ ਉਪਲਬਧ ਕਰਵਾਈਆਂ ਗਈਆਂ ਸਨ। ਜਦੋਂ ਕਿ ਬਾਕੀ ਦੀ ਅਪਰੂਵਲ ਆਉਣ ਤੋਂ ਬਾਅਦ ਕਿਸਾਨਾਂ ਨੂੰ 300 ਦੇ ਕਰੀਬ ਹੋਰ ਸਬਸਿਡੀ ਵਾਲੀਆਂ ਮਸ਼ੀਨਾਂ ਉਪਲਬਧ ਕਰਵਾਈਆਂ ਗਈਆਂ ਹਨ। ਇਹਨਾਂ ਸਬਸਿਡੀ ਵਾਲੀਆਂ ਮਸ਼ੀਨਾਂ ਦੇ ਭਾਅ ਵਿੱਚ ਵਾਧੇ ਸਬੰਧੀ ਬੋਲਦਿਆਂ ਉਹਨਾਂ ਕਿਹਾ ਕਿ ਕੋਰੋਨਾ ਕਾਲ ਤੋਂ ਬਾਅਦ ਪਹਿਲੀ ਵਾਰ ਕੰਪਨੀਆਂ ਵੱਲੋਂ ਭਾਅ ਵਧਾਏ ਗਏ ਹਨ, ਇਸ ਸਬੰਧੀ ਬਕਾਇਦਾ ਉਹਨਾਂ ਵੱਲੋਂ ਸਰਕਾਰ ਨੂੰ ਪੱਤਰ ਲਿਖਿਆ ਜਾ ਰਿਹਾ ਹੈ ਤਾਂ ਜੋ ਕਿਸਾਨਾਂ ਨੂੰ ਪੂਰੀ ਸਬਸਿਡੀ ਮਿਲ ਸਕੇ।