ਪੰਜਾਬ 'ਚ ਪਰਾਲੀ ਸਾੜਨ ਦੇ ਮਾਮਲੇ ਘਟੇ, ਪਰ ਪ੍ਰਦੂਸ਼ਣ ਕੰਟਰੋਲ 'ਚ ਨਹੀਂ ਬਠਿੰਡਾ : ਪੰਜਾਬ ਵਿੱਚ ਪਰਾਲੀ ਦੇ ਪ੍ਰਦੂਸ਼ਣ ਨੂੰ ਲੈ ਕੇ ਜਿੱਥੇ ਮਨੁੱਖੀ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ, ਉੱਥੇ ਹੀ, ਇਸ ਨੂੰ ਲੈ ਕੇ ਸਿਆਸਤ ਬੁਰੀ ਤਰ੍ਹਾਂ ਗਰਮਾਈ ਹੋਈ ਹੈ। ਦਿੱਲੀ ਵਿੱਚ ਹਵਾ ਪ੍ਰਦੂਸ਼ਣ ਲਈ ਜਿੱਥੇ ਪੰਜਾਬ ਵਿਚਲੀ ਪਰਾਲੀ ਨੂੰ ਅੱਗ ਲਗਾਉਣ ਲਈ ਜਿੰਮੇਵਾਰ ਦੱਸਿਆ ਜਾ ਰਿਹਾ ਹੈ। ਉੱਥੇ ਹੀ, ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਪਰਾਲੀ ਦੇ ਰੱਖ ਰਖਾਅ ਲਈ ਵੱਡੀ ਪੱਧਰ 'ਤੇ ਪ੍ਰਬੰਧ ਕੀਤੇ ਜਾਣ ਦੇ ਦਾਅਵੇ ਕੀਤੇ ਗਏ ਅਤੇ ਇਸ ਸਾਲ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਗਿਰਾਵਟ ਆਉਣ ਦਾ ਹਵਾਲਾ ਵੀ ਦਿੱਤਾ ਗਿਆ।
ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਐਡਵਾਈਜ਼ਰੀ ਜਾਰੀ: ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪਿਛਲੇ ਸਾਲ ਨਾਲੋਂ ਇਸ ਸਾਲ ਪਰਾਲੀ ਜਲਾਉਣ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਗਿਰਾਵਟ ਆਈ ਹੈ, ਪਰ ਹਵਾ ਵਿੱਚ ਪ੍ਰਦੂਸ਼ਿਤ ਵਧਣਾ ਬਾਤ ਦਸਤੂਰ ਜਾਰੀ ਹੈ। ਇਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਬਕਾਇਦਾ ਐਡਵਾਈਜ਼ਰੀ ਜਾਰੀ ਕਰਦੇ ਹੋਏ ਕਿਸੇ ਕਾਰਨ ਤੋਂ ਬਾਹਰ ਨਿਕਲਣ ਸਮੇਂ ਮਾਸਕ ਲਗਾਉਣਾ ਲਈ ਆਖਿਆ ਗਿਆ ਹੈ। ਹੁਣ ਜੇਕਰ ਪਿਛਲੇ ਤਿੰਨ ਸਾਲਾਂ ਦੇ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ (Pollution In Punjab) ਅੰਕੜਿਆਂ ਦੀ ਪੜਤਾਲ ਕੀਤੀ ਜਾਵੇ ਤਾਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਹਰ ਸਾਲ ਤੇਜ਼ੀ ਨਾਲ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲਿਆਂ ਵਿੱਚ ਗਿਰਾਵਟ ਆ ਰਹੀ ਹੈ।
ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਘਟੇ:ਪੰਜਾਬ ਵਿੱਚ 15 ਸਤੰਬਰ ਤੋਂ 5 ਨਵੰਬਰ, 2023 ਤੱਕ 2021 ਵਿੱਚ 28,792, 2022 ਵਿੱਚ 29, 400 ਅਤੇ 2023 'ਚ 17403 ਮਾਮਲੇ ਪਰਾਲੀ ਨੂੰ ਅੱਗ ਲਗਾਉਣ ਦੇ ਸਾਹਮਣੇ ਆਏ ਹਨ। ਇਨ੍ਹਾਂ ਅੰਕੜਿਆਂ ਤੋਂ ਸਾਫ ਜਾ ਰਿਹਾ ਹੈ ਕਿ ਕਿਤੇ ਨਾ ਕਿਤੇ ਪੰਜਾਬ ਸਰਕਾਰ ਦੇ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਕੀਤੇ ਗਏ ਉਪਰਾਲੇ ਅਤੇ ਕਿਸਾਨਾਂ ਵੱਲੋਂ ਦਿੱਤੇ ਗਏ ਸਹਿਯੋਗ ਕਾਰਨ ਅੰਕੜੇ ਤੇਜ਼ੀ ਨਾਲ ਘਟੇ ਹਨ। ਜੇਕਰ ਇਦਾਂ ਹੀ ਸਰਕਾਰ ਅਤੇ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲਿਆਂ ਸੰਵੇਦਨਸ਼ੀਲਤਾ ਦਿਖਾਈ ਗਈ, ਤਾਂ ਆਉਂਦੇ ਸਮੇਂ ਵਿੱਚ ਇਹ ਅੰਕੜੇ ਹੋਰ ਘੱਟ ਹੋ ਸਕਦੇ ਹਨ।
ਸਿਹਤ ਵਿਭਾਗ ਵਲੋਂ ਦਮੇ ਤੇ ਦਿਲ ਦੇ ਮਰੀਜ਼ਾਂ ਲਈ ਖਾਸ ਹਿਦਾਇਤਾਂ: ਦੂਜੇ ਪਾਸੇ, ਪੰਜਾਬ ਵਿੱਚ ਪਰਾਲੀ ਨੂੰ ਅੱਗ ਲੱਗਣ ਕਾਰਨ ਹੋਏ ਪ੍ਰਦੂਸ਼ਣ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਸ ਐਡਵਾਈਜਰੀ ਸਬੰਧੀ ਜਾਣਕਾਰੀ ਦਿੰਦੇ ਹੋਏ ਸੀਨੀਅਰ ਮੈਡੀਕਲ ਅਫਸਰ ਡਾਕਟਰ ਸਤੀਸ਼ ਜਿੰਦਲ ਨੇ ਦੱਸਿਆ ਕਿ ਲਗਾਤਾਰ ਠੰਡ ਵਧਣ ਅਤੇ ਹਵਾ ਵਿੱਚ ਪ੍ਰਦੂਸ਼ਣ ਵਧਣ ਕਾਰਨ ਦੂਸ਼ਿਤ ਕਣਾਂ ਪੈਦਾ ਹੋ ਕੇ ਹੇਠਾਂ ਆ ਜਾਂਦੇ ਹਨ। ਇਸ ਕਾਰਨ ਹਸਪਤਾਲਾਂ ਵਿੱਚ ਐਲਰਜੀ, ਦਮੇ ਅਤੇ ਦਿਲ ਦੇ ਮਰੀਜ਼ ਨੂੰ ਸਾਹ ਸਬੰਧੀ ਸਮੱਸਿਆਵਾਂ, ਚਮੜੀ ਦੇ ਰੋਗਾਂ ਤੇ ਅੱਖਾਂ ਵਿੱਚ ਜਲਨ ਦੀ ਸ਼ਿਕਾਇਤ ਹੋ ਰਹੀ ਹੈ।
ਸਿਹਤ ਵਿਭਾਗ ਵੱਲੋਂ ਪੰਜਾਬ ਸਰਕਾਰ ਰਾਹੀਂ ਇਹ ਐਡਵਾਈਜ਼ਰੀ ਜਾਰੀ ਕਰਾਈ ਗਈ ਹੈ ਕਿ ਸੂਰਜ ਚੜਨ ਤੋਂ ਪਹਿਲਾਂ ਦਿਲ ਦੇ ਮਰੀਜ਼ਾਂ ਅਤੇ ਦਮੇ ਦੇ ਮਰੀਜ਼ਾਂ ਨੂੰ ਸੈਰ ਲਈ ਨਹੀਂ ਨਿਕਲਣਾ ਚਾਹੀਦਾ। ਮਾਸਕ ਦੀ ਵਰਤੋਂ ਕਰਨੀ ਚਾਹੀਦੀ ਹੈ ਤੇ ਸਾਫ ਸੁਥਰੇ ਖਾਣੇ ਦਾ ਹੀ ਸੇਵਨ ਕਰਨਾ ਚਾਹੀਦਾ ਹੈ ਜਿਸ ਨਾਲ ਰੋਗਾਂ ਨਾਲ ਲੜਨ ਦੀ ਅੰਦਰੂਨੀ ਸ਼ਕਤੀ ਤੇਜ਼ ਹੋਵੇ।
ਸਿਰਫ਼ ਕਿਸਾਨ ਹਵਾ ਪ੍ਰਦੂਸ਼ਣ ਲਈ ਜਿੰਮੇਵਾਰ ਨਹੀਂ: ਡਾਕਟਰ ਸਤੀਸ਼ ਜਿੰਦਲ ਨੇ ਕਿਹਾ ਕਿ ਇਹ ਵੱਧ ਰਹੇ ਪ੍ਰਦੂਸ਼ਣ ਲਈ ਇਕੱਲੇ ਕਿਸਾਨ ਜਿੰਮੇਵਾਰ ਨਹੀਂ ਹਨ, ਕਿਤੇ ਨਾ ਕਿਤੇ ਹਰ ਉਹ ਮਨੁੱਖ ਜਿੰਮੇਵਾਰ ਹੈ, ਜੋ ਕੁਦਰਤੀ ਹਵਾ ਨੂੰ ਪਲੀਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਗਲੀਆਂ ਵਿੱਚ ਇਕੱਠੇ ਹੋਏ ਦਰਖਤਾਂ ਦੇ ਪੱਤਿਆਂ ਨੂੰ ਅੱਗ ਲਗਾਉਣ ਨਾਲ ਵੀ ਪ੍ਰਦੂਸ਼ਣ ਹੁੰਦਾ ਹੈ ਅਤੇ ਪੁਰਾਣੀਆਂ ਡੀਜ਼ਲ ਦੀਆਂ ਕਾਰਾਂ ਤੋਂ ਵੀ ਹਵਾ ਵਿੱਚ ਪ੍ਰਦੂਸ਼ਣ ਵੱਧਦਾ ਹੈ। ਹੁਣ ਦਿਵਾਲੀ ਦਾ ਤਿਉਹਾਰ ਹੈ, ਇਸ ਮੌਕੇ ਚਲਾਏ ਗਏ ਪਟਾਕਿਆਂ ਨਾਲ ਵੀ ਹਵਾ ਵਿੱਚ ਪ੍ਰਦੂਸ਼ਣ ਵਧੇਗਾ। ਇਸ ਲਈ ਹਰ ਨਾਗਰਿਕ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਹਵਾ ਵਿਚਲੇ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਇਨ੍ਹਾਂ ਚੀਜ਼ਾਂ ਵੱਲ ਵੀ ਧਿਆਨ ਦੇਵੇ, ਤਾਂ ਜੋ ਅਸੀਂ ਚੰਗੀ ਅਤੇ ਤੰਦਰੁਸਤ ਜ਼ਿੰਦਗੀ ਜਿਉ ਸਕੀਏ।
ਫੈਕਟਰੀਆਂ ਕਰ ਰਹੀਆਂ ਹਵਾ ਪ੍ਰਦੂਸ਼ਣ:ਹਵਾ ਵਿੱਚ ਪ੍ਰਦੂਸ਼ਣ ਵਧਣ ਲਈ ਕਿਸਾਨਾਂ ਨੂੰ ਜਿੰਮੇਵਾਰ ਦੱਸਣ 'ਤੇ ਤਿੱਖੀ ਟਿੱਪਣੀ ਕਰਦੇ ਹੋਏ ਕਿਸਾਨ ਆਗੂ ਹਰਜਿੰਦਰ ਸਿੰਘ ਬੱਗੀ ਅਤੇ ਬਲਕਰਨ ਸਿੰਘ ਬਰਾੜ ਨੇ ਕਿਹਾ ਕਿ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਕਰੀਬ ਇੱਕ ਸਾਲ ਬਾਅਦ ਲਗਾਈ ਜਾਂਦੀ ਹੈ, ਪਰ ਥਾਂ-ਥਾਂ ਲੱਗੀਆਂ ਫੈਕਟਰੀਆਂ ਅਤੇ ਵਾਹਨਾਂ ਵੱਲੋਂ ਹਰ ਰੋਜ਼ ਹਵਾ ਵਿੱਚ ਪ੍ਰਦੂਸ਼ਣ ਫੈਲਾਇਆ ਜਾ ਰਿਹਾ ਹੈ। ਇਸ ਲਈ ਹਵਾ ਵਿਚਲੇ ਪ੍ਰਦੂਸ਼ਿਤ ਲਈ ਸਿਰਫ਼ ਕਿਸਾਨਾਂ ਨੂੰ ਜਿੰਮੇਵਾਰ ਠਹਿਰਾਉਣਾ ਸਰਾਸਰ ਗ਼ਲਤ ਹੈ।
ਮਸ਼ੀਨਾਂ ਦੀ ਪਿੰਡਾਂ ਵਿੱਚ ਕਾਣੀ ਵੰਡ: ਕਿਸਾਨ ਆਗੂ ਹਰਜਿੰਦਰ ਸਿੰਘ ਨੇ ਕਿਹਾ ਸਰਕਾਰ ਵੱਲੋਂ ਪਰਾਲੀ ਦੇ ਰੱਖ ਰਖਾਵ ਲਈ ਜੋ ਮਸ਼ੀਨਰੀ ਉਪਲੱਬਧ ਕਰਾਈ ਗਈ ਹੈ, ਉਸ ਵਿੱਚ ਕਾਣੀ ਵੰਡ ਕੀਤੀ ਗਈ ਹੈ, ਕਿਉਂਕਿ ਕਿਸੇ ਕਿਸੇ ਪਿੰਡ ਵਿੱਚ ਇਹ ਵੱਡੀ ਪੱਧਰ ਉੱਤੇ ਮਸ਼ੀਨਾਂ ਦਿੱਤੀਆਂ ਗਈਆਂ ਹਨ ਅਤੇ ਕਿਸੇ ਪਿੰਡ ਵਿੱਚ ਇੱਕ ਮਸ਼ੀਨ ਵੀ ਨਹੀਂ ਦਿੱਤੀ ਗਈ ਜਿਸ ਕਾਰਨ ਪਰਾਲੀ ਦੇ ਰੱਖ ਰਖਾਅ ਲਈ ਦਿੱਕਤ ਆ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਇਸ ਕਾਣੀ ਵੰਡ ਨੂੰ ਰੋਕ ਕੇ ਅਤੇ ਝੋਨੇ ਦਾ ਬਦਲ ਦਿੰਦੇ ਹੋਏ ਕੋਈ ਹੋਰ ਫਸਲ ਦੀ ਪੈਦਾਵਾਰ ਕਰਨ ਲਈ ਚੰਗੇ ਬੀਜ ਅਤੇ ਖਾਦਾਂ ਉਪਲਬਧ ਕਰਾਵੇ।
ਕੀ ਮੁੰਬਈ 'ਚ ਵੀ ਪੰਜਾਬ ਦੀ ਪਰਾਲੀ ਦਾ ਧੂੰਆ ਜਾ ਰਿਹਾ: ਕਿਸਾਨ ਆਗੂ ਬਲਕਾਰ ਸਿੰਘ ਬਰਾੜ ਨੇ ਕਿਹਾ ਕਿ ਦਿੱਲੀ ਵਿੱਚ ਵਧੇ ਪ੍ਰਦੂਸ਼ਣ ਲਈ ਪੰਜਾਬ ਦਾ ਕਿਸਾਨ ਬਿਲਕੁਲ ਜਿੰਮੇਵਾਰ ਨਹੀਂ ਹੈ, ਕਿਉਂਕਿ ਦਿੱਲੀ ਦੇ ਨਾਲ ਲੱਗਦੇ ਸੂਬਿਆਂ ਵਿੱਚ ਵੀ ਵੱਡੀ ਪੱਧਰ ਉੱਤੇ ਪਰਾਲੀ ਨੂੰ ਅੱਗ ਲਗਾਈ ਜਾ ਰਹੀ ਹੈ, ਪੰਜਾਬ ਤਾਂ ਦਿੱਲੀ ਤੋਂ ਸੈਂਕੜੇ ਕਿਲੋਮੀਟਰ ਦੂਰ ਹੈ। ਪੰਜਾਬ ਵਿੱਚ ਲਗਾਈ ਗਈ ਪਰਾਲੀ ਨੂੰ ਅੱਗ ਦਾ ਧੂਆਂ ਦਿੱਲੀ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਦੇਸ਼ ਦੇ ਕਈ ਕਈ ਮੁੰਬਈ ਵਰਗੇ ਵੱਡੇ ਸ਼ਹਿਰਾਂ ਵਿੱਚ ਤੇਜ਼ੀ ਨਾਲ ਪ੍ਰਦੂਸ਼ਣ ਵੱਧ ਰਿਹਾ ਹੈ, ਕੀ ਉੱਥੇ ਵੀ ਪੰਜਾਬ ਦੀ ਪਰਾਲੀ ਦਾ ਧੂਆਂ ਜਾ ਰਿਹਾ ਹੈ? ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਪੰਜਾਬ ਉੱਤੇ ਲਾਏ ਇਹ ਇਲਜ਼ਾਮ ਬੇਬੁਨਿਆਦ ਹਨ।