ਬਠਿੰਡਾ: ਪਾਕਿਸਤਾਨ ਸਰਕਾਰ ਵੱਲੋਂ ਕਰਤਾਰਪੁਰ ਸਾਹਿਬ ਕਾਰੀਡੋਰ ਨੂੰ ਖੋਲ੍ਹਣ ਦੀਆਂ ਖ਼ਬਰਾਂ ਸਾਹਮਣੇ ਆਉਣ 'ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪਾਕਿਸਤਾਨ ਸਰਕਾਰ ਦੇ ਇਸ ਫੈਸਲੇ ਦੀ ਸ਼ਲਾਘਾ ਕਰਦਿਆਂ, ਭਾਰਤ ਸਰਕਾਰ ਤੋਂ ਵੀ ਤੁਰੰਤ ਲਾਂਘਾ ਖੋਲਣ ਦੀ ਮੰਗ ਕੀਤੀ ਹੈ। ਦਮਦਮਾ ਸਾਹਿਬ ਵਿਖੇ ਆਪਣੀ ਰਿਹਾਇਸ਼ ਤੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕੋਵਿਡ ਨਿਯਮਾਂ ਤਹਿਤ ਪਾਕਿਸਤਾਨ ਸਰਕਾਰ ਨੇ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਦਾ ਐਲਾਨ ਕੀਤਾ ਹੈ।
ਹੁਣ ਖੁੱਲ੍ਹਦਿਲੀ ਦਿਖਾਉਂਦੇ ਹੋਏ ਭਾਰਤ ਸਰਕਾਰ ਵੀ ਕੋਵਿਡ ਨਿਯਮਾਂ ਨੂੰ ਅਪਣਾ ਕੇ ਲਾਂਘਾ ਖੋਲਣ ਦਾ ਐਲਾਨ ਕਰੇ, ਭਾਂਵੇ ਹਰ ਰੋਜ਼ 200-300 ਸਿੱਖ ਸ਼ਰਧਾਲੂਆਂ ਨੂੰ ਹੀ ਜਾਣ ਦੀ ਇਜਾਜ਼ਤ ਮਿਲੇ ਪਰ ਹੁਣ ਲਾਂਘਾ ਖੋਲ੍ਹ ਦੇਣਾ ਚਾਹੀਦਾ ਹੈ। ਓਹਨਾਂ ਕਿਹਾ ਕਿ ਲਾਂਘਾ ਖੁੱਲਣ ਨਾਲ ਦੋਂਵੇਂ ਦੇਸ਼ਾਂ ਦੇ ਸੰਬੰਧ ਵੀ ਸੁਖਾਵੇਂ ਹੋਣਗੇ।