ਪੰਜਾਬ

punjab

ETV Bharat / state

ਕਮਾਲ ਦੀ ਕਲਾਕਾਰੀ ! ਕੱਚ ਦੀਆਂ ਬੋਤਲਾਂ ਤੇ ਬੱਲਬਾਂ ਅੰਦਰ ਬਣਾਏ ਸ੍ਰੀ ਹਰਿਮੰਦਰ ਸਾਹਿਬ ਸਣੇ ਹੋਰ ਮਾਡਲ - ਸਵੈਟਰ ਬੁਣਨ ਵਾਲੀਆ ਸਲਾਈਆਂ

ਬਠਿੰਡਾ ਦੇ ਨੌਜਵਾਨ ਬਲਵਿੰਦਰ ਸਿੰਘ ਨੂੰ ਇਕ ਵੱਖਰਾ ਹੀ ਸ਼ੌਂਕ ਹੈ। ਇਸ ਸ਼ੌਂਕ ਤੇ ਹੁਨਰ ਦੀਆਂ ਤਸਵੀਰਾਂ ਨੇ ਜਿਸ ਨੂੰ ਵੇਖ ਕੇ ਹਰ ਕੋਈ "ਵਾਹ" ਕਹਿਣ ਲਈ ਮਜ਼ਬੂਰ ਹੋ ਜਾਂਦਾ ਹੈ, ਉੱਥੇ ਹੀ ਇਸ ਟੈਲੰਟ ਦੇ ਚਰਚੇ ਵੀ ਹਰ ਪਾਸੇ ਹਨ। ਦਰਅਸਲ, ਬਲਵਿੰਦਰ ਸਿੰਘ ਵਿਰਾਸਤੀ ਤੇ ਸੱਭਿਆਚਾਰਿਕ ਚੀਜ਼ਾਂ ਦੇ ਮਾਡਲ ਤਿਆਰ ਕਰਦਾ ਹੈ, ਜੋ ਕਿ ਆਮ ਤਰੀਕੇ ਨਹੀਂ ਬਲਕਿ ਬੱਲਬਾਂ ਤੇ ਬੋਤਲਾਂ ਅੰਦਰ ਫਿਟ ਕੀਤੇ ਹੋਏ ਹਨ।

Sri Harmandir Sahib and heirlooms Models Made inside glass bottles and bulbs
ਕਮਾਲ ਦੀ ਕਲਾਕਾਰੀ !

By

Published : Jun 4, 2023, 1:54 PM IST

ਬੋਤਲਾਂ ਤੇ ਬਲਬ ਅੰਦਰ ਬਣਾਏ ਸ੍ਰੀ ਹਰਿਮੰਦਰ ਸਾਹਿਬ ਸਣੇ ਹੋਰ ਮਾਡਲ

ਬਠਿੰਡਾ:ਪਿੰਡ ਸੇਮਾ ਦੇ ਨੌਜਵਾਨ ਬਲਵਿੰਦਰ ਸਿੰਘ ਨੂੰ ਵੱਖਰਾ ਸ਼ੌਕ ਹੈ, ਇਸ ਸ਼ੌਂਕ ਨੇ ਉਸ ਦੇ ਹੁਨਰ ਦੇ ਨਾਲ-ਨਾਲ ਉਸ ਨੂੰ ਇੱਕ ਵੱਖਰੀ ਪਛਾਣ ਦਿੱਤੀ ਹੈ। ਹੁਨਰ ਵੀ ਅਜਿਹਾ ਕਿ ਮਾਡਲ ਦੇਖ ਕੇ ਹਰ ਕੋਈ ਸੋਚੀ ਪੈ ਜਾਵੇ, ਕਿ ਆਖਰ ਇਸ ਨੂੰ ਕਿਵੇਂ ਤਿਆਰ ਕੀਤਾ ਗਿਆ ਹੈ। ਬਲਵਿੰਦਰ ਸਿੰਘ ਵੱਲੋਂ ਕੱਚ ਦੀਆਂ ਬੋਤਲਾਂ ਅਤੇ ਬੱਲਬ ਵਿੱਚ ਬਣਾਏ ਮਾਡਲ ਖਿੱਚ ਦਾ ਕੇਂਦਰ ਬਣ ਰਹੇ ਹਨ। ਬਲਵਿੰਦਰ ਸਿੰਘ ਨੇ ਪੰਜਾਬ ਦੀਆਂ ਵਿਰਾਸਤੀ ਚੀਜ਼ਾਂ ਨੂੰ ਅਨੋਖੇ ਢੰਗ ਨਾਲ ਬੋਤਲਾਂ ਅਤੇ ਲਾਈਟ ਬੱਲਬ ਵਿੱਚ ਸਜਾਇਆ ਹੈ।

ਸ੍ਰੀ ਹਰਿਮੰਦਰ ਸਾਹਿਬ ਸਣੇ ਕਈ ਮਾਡਲ ਕੀਤੇ ਤਿਆਰ:ਬਲਵਿੰਦਰ ਸਿੰਘ ਨੇ ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਉਨ੍ਹਾਂ ਨੂੰ 2003 ਤੋਂ ਇਹ ਸ਼ੌਕ ਪਿਆ। ਉਨ੍ਹਾਂ ਦੱਸਿਆ ਕਿ ਇੱਕ ਅਖਬਾਰ ਵਿੱਚ ਫੋਟੋ ਦੇਖੀ ਸੀ ਕਿ ਕਿਸੇ ਨੇ ਬੋਤਲ ਅੰਦਰ ਟੀਵੀ ਟਾਵਰ ਤਿਆਰ ਕੀਤਾ ਹੋਇਆ ਸੀ ਜਿਸ ਨੂੰ ਵੇਖ ਕੇ ਉਹ ਪ੍ਰੇਰਿਤ ਹੋਇਆ। ਫਿਰ ਉਸ ਨੇ ਇਸ ਸ਼ੌਂਕ ਨੂੰ ਅਮਲੀ ਜਾਮਾ ਪਵਾਇਆ। ਬਲਵਿੰਦਰ ਸਿੰਘ ਨੇ ਕਿਹਾ ਕਿ ਸਾਡੀਆਂ ਵਿਰਾਸਤੀ ਚੀਜ਼ਾਂ ਅਲੋਪ ਹੁੰਦੀਆਂ ਜਾ ਰਹੀਆਂ ਨੇ, ਜਿਨ੍ਹਾਂ ਨੂੰ ਬੱਲਬ ਤੇ ਬੋਤਲਾਂ ਅੰਦਰ ਸਜਾ ਰਿਹਾ ਹੈ। ਬਲਵਿੰਦਰ ਸਿੰਘ ਨੇ ਹੁਣ ਤੱਕ ਬੰਦ ਬੋਤਲ ਤੇ ਬੱਲਬ ਅੰਦਰ ਚਰਖਾ, ਮਧਾਣੀ, ਆਟਾ ਚੱਕੀ, ਬਲਦ ਗੱਡਾ, ਪੱਖਾ ਤੇ ਕੁਰਸੀ ਦੇ ਨਾਲ-ਨਾਲ ਸ੍ਰੀ ਹਰਿਮੰਦਰ ਸਾਹਿਬ ਅਤੇ ਅਮਰ ਜਵਾਨ ਜਯੋਤੀ ਮੈਮੋਰੀਅਲ ਦਾ ਮਾਡਲ ਬਣਾ ਚੁੱਕੇ ਹਨ।

ਸਵੈਟਰ ਬੁਣਨ ਵਾਲੀਆ ਸਲਾਈਆਂ ਨਾਲ ਕਲਾਕਾਰੀ:ਬਲਵਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਮਾਡਲਾਂ ਨੂੰ ਤਿਆਰ ਕਰਨ ਲਈ ਔਜਾਰ, ਸਿਰਫ਼ ਸਵੈਟਰ ਬੁਣਨ ਵਾਲੀਆ ਸਲਾਈਆ ਹੀ ਹਨ। ਉਸ ਨੇ ਦੱਸਿਆ ਕਿ ਇਹ ਬਹੁਤ ਹੀ ਬਰੀਕੀ ਵਾਲਾ ਕੰਮ ਹੈ ਜਿਸ ਨੂੰ ਸ਼ਾਂਤ ਮਨ ਦੇ ਨਾਲ ਹੀ ਕੀਤਾ ਜਾ ਸਕਦਾ ਹੈ। ਇਸ ਕਰਕੇ ਬਲਵਿੰਦਰ ਸਿੰਘ ਜਦੋਂ ਵੀ ਆਪਣੇ ਕੰਮ ਵਿਚੋਂ ਵਿਹਲਾ ਹੁੰਦਾ ਹੈ, ਤਾਂ ਅਕਸਰ ਅਜਿਹੀ ਕਲਾਕਾਰੀ ਕਰਦਾ ਹੈ। ਇਸ ਕਰਕੇ ਬਲਵਿੰਦਰ ਸਿੰਘ ਆਖਦੇ ਹਨ ਕਿ ਵਿਹਲਾ ਮਨ ਸ਼ੈਤਾਨ ਦਾ ਘਰ ਨਹੀਂ ਬਲਕਿ ਕਲਾਕਾਰੀਆਂ ਦਾ ਮਨ ਵੀ ਹੋ ਸਕਦਾ ਹੈ, ਜੇਕਰ ਇਸ ਨੂੰ ਚੰਗੇ ਪਾਸੇ ਸੋਚਿਆ ਜਾਵੇ।

ਅਨੋਖੀ ਕਲਾਕਾਰੀ ਦੇ ਚਰਚੇ : ਦੱਸ ਦਈਏ ਕਿ ਪੇਸ਼ੇ ਵਜੋਂ ਬਲਵਿੰਦਰ ਸਿੰਘ ਠੇਕੇ ਉੱਤੇ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਵਿੱਚ ਨੌਕਰੀ ਕਰਦਾ ਹੈ। ਜੇਕਰ, ਪੜਾਈ ਦੀ ਗੱਲ ਕਰੀਏ ਤਾਂ ਬਲਵਿੰਦਰ ਸਿੰਘ ਸਿਰਫ਼ ਬਾਰ੍ਹਵੀਂ ਪਾਸ ਹੈ। ਪਰ, ਬਲਵਿੰਦਰ ਸਿੰਘ ਦੀ ਇਹ ਅਨੋਖੀ ਕਲਾਕਾਰੀ ਦੇ ਚਰਚੇ ਹਰ ਪਾਸੇ ਹਨ। ਉਸ ਦੀ ਇਕ ਕਲਾਕਾਰੀ ਦਾ ਨਮੂਨਾ ਪਿੰਡ ਦੇ ਮੋਹਤਬਾਰਾਂ ਵੱਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਉਨ੍ਹਾਂ ਦੇ ਪਿੰਡ ਆਉਣ ਉੱਤੇ ਉਨ੍ਹਾਂ ਨੂੰ ਭੇਂਟ ਕੀਤਾ ਗਿਆ ਸੀ। ਉਸ ਨੇ ਦੱਸਿਆ ਕਿ ਉਹ ਇਹ ਚੀਜ਼ਾਂ ਵੇਚਣ ਲਈ ਤਿਆਰ ਨਹੀਂ ਕਰਦਾ,ਬਲਕਿ ਉਸ ਨੂੰ ਸ਼ੌਂਕ ਹੈ ਅਤੇ ਮਾਡਲ ਤਿਆਰ ਕਰਕੇ ਉਹ ਅਪਣੇ ਕੋਲ ਹੀ ਘਰ ਵਿੱਚ ਰੱਖਦਾ ਹੈ।

ਬਲਵਿੰਦਰ ਸਿੰਘ ਦੀ ਕਲਾਕਾਰੀ

ਆਖੀਰ ਵਿੱਚ, ਬਲਵਿੰਦਰ ਸਿੰਘ ਨੇ ਕਿਹਾ ਕਿ ਸਾਡੇ ਪੰਜਾਬੀਆਂ ਵਿੱਚ ਕਲਾ ਦੀ ਕਮੀ ਨਹੀਂ, ਬਸ ਅੱਜ ਕੱਲ੍ਹ ਦੀ ਨੌਜਵਾਨ ਪੀੜੀ ਨਸ਼ੇ ਵਰਗੇ ਮਾੜੇ ਕੰਮਾਂ ਵੱਲ ਸਮਾਂ ਬਤੀਤ ਕਰ ਰਹੀ ਹੈ। ਬਲਵਿੰਦਰ ਸਿੰਘ ਨੇ ਅਪੀਲ ਕੀਤੀ ਹੈ ਕਿ ਨੌਜਵਾਨਾਂ ਨੂੰ ਆਪਣੇ ਮਨ ਨੂੰ ਮਾੜੇ ਕੰਮ ਦੀ ਥਾਂ, ਚੰਗੇ ਕੰਮਾਂ ਵਿੱਚ ਲਾਉਣਾ ਚਾਹੀਦਾ ਹੈ। ਕੰਮ ਭਾਵੇਂ ਕੋਈ ਵੀ ਹੋਵੇ, ਬਸ਼ਰਤੇ ਉਹ ਸਮਾਜ ਪੱਖੀ ਹੋਵੇ ਜਿਸ ਨਾਲ ਤੁਹਾਡਾ ਸ਼ੌਕ ਵੀ ਪੂਰਾ ਹੋਵੇਗਾ ਤੇ ਸਮਾਜ ਨੂੰ ਵੀ ਚੰਗਾ ਸੁਨੇਹਾ ਮਿਲੇਗਾ।

ABOUT THE AUTHOR

...view details