ਬਠਿੰਡਾ ਅਤੇ ਪਟਿਆਲਾ ਬੇਸਹਾਰਾ ਪਸ਼ੂਆਂ ਤੋਂ ਮੁਕਤ ! ਸਰਕਾਰ ਨੇ ਲਿਆਂਦਾ ਪਾਇਲਟ ਪ੍ਰੋਜੈਕਟ ਬਠਿੰਡਾ: ਬੇਸਹਾਰਾ ਪਸ਼ੂਆਂ ਦੀ ਸੂਚੀ ਅਤੇ ਇਨ੍ਹਾਂ ਬੇਜੁਬਾਨਾਂ ਕਾਰਨ ਵਾਪਰਨ ਵਾਲੀਆਂ ਘਟਨਾਵਾਂ ਦੀ ਸੰਖਿਆ ਦਿਨ-ਬ-ਦਿਨ ਵਧਦੀ ਹੀ ਜਾ ਰਹੀ ਹੈ। ਇਸ ਗੱਲ ਨੂੰ ਮੁੱਖ ਰੱਖਦਿਆਂ ਬੀਤੇ ਦਿਨ ਹੋਈ ਪੰਜਾਬ ਸਰਕਾਰ ਦੀ ਹੋਈ ਕੈਬਨਿਟ ਦੀ ਮੀਟਿੰਗ ਵਿੱਚ ਬਠਿੰਡਾ ਅਤੇ ਪਟਿਆਲਾ ਨੂੰ ਬੇਸਹਾਰਾ ਪਸ਼ੂਆਂ ਦੀ ਸੰਭਾਲ ਲਈ ਨਗਰ ਨਿਗਮ ਕਮਿਸ਼ਨਰ ਤੋਂ ਪਸ਼ੂਆਂ ਦੀ ਗਿਣਤੀ ਦੀ ਸੂਚੀ ਅਤੇ ਰੱਖ ਰਖਾਵ ਦੇ ਲਈ 15 ਦਿਨ ਦੇ ਅੰਦਰ ਯੋਜਨਾ ਮੰਗੀ ਗਈ ਹੈ।
ਪੰਜਾਬ ਸਰਕਾਰ ਵੱਲੋਂ ਪਾਇਲਟ ਪ੍ਰੋਜੈਕਟ ਦੀ ਪੇਸ਼ਕਸ਼ : ਬੇਸਹਾਰਾ ਪਸ਼ੂਆਂ ਤੋਂ ਮੁਕਤੀ ਦਿਵਾਉਣ ਲਈ ਬਠਿੰਡਾ ਅਤੇ ਪਟਿਆਲਾ ਨੂੰ ਚੁਣੇ ਜਾਣ ਦਾ ਗਊ ਪ੍ਰੇਮੀਆਂ ਵੱਲੋਂ ਸਵਾਗਤ ਕੀਤਾ ਗਿਆ ਹੈ। ਸਮਾਜ ਸੇਵੀ ਅਤੇ ਗਊਸ਼ਾਲਾ ਦੇ ਸੈਕਟਰੀ ਸਾਧੂ ਰਾਮ ਪਾਸਲਾ ਨੇ ਦੱਸਿਆ ਕਿ ਸਰਕਾਰ ਵੱਲੋਂ ਇਹ ਬਹੁਤ ਵਧੀਆ ਪ੍ਰੋਜੈਕਟ ਲਿਆਂਦਾ ਗਿਆ ਹੈ। ਅਸੀਂ ਉਸੇ ਤਹਿਤ ਪੰਜਾਬ ਸਰਕਾਰ ਨੂੰ ਸੁਝਾਅ ਦੇਣਾ ਚਾਹੁੰਦੇ ਹਨ ਕਿ ਨਹਿਰ ਦੇ ਨਾਲ ਨਾਲ ਤਾਰਾ ਲੱਗਾ ਕਿ ਇੱਥੇ ਗਊ ਵੰਸ਼ ਰੱਖਣ ਦਾ ਪ੍ਰਬੰਧ ਕਰਨ, ਕਿਉਂਕਿ ਕੁਦਰਤੀ ਵਾਤਾਵਰਨ ਦੇ ਨਾਲ-ਨਾਲ ਨਹਿਰ ਦੇ ਕੰਢੇ ਉੱਤੇ ਹਰਾ ਚਾਰਾ ਤੇ ਪੀਣ ਦੇ ਪਾਣੀ ਦਾ ਇਨ੍ਹਾਂ ਬੇ ਸਹਾਰਾ ਗਊ ਵੰਸ਼ ਨੂੰ ਮਿਲਦਾ ਰਹੇਗਾ।
ਸਰਕਾਰੀ ਗਊਸ਼ਾਲਾ 'ਚ ਨਹੀਂ ਹੁੰਦੀ ਸਹੀ ਦੇਖਭਾਲ: ਸਾਧੂ ਰਾਮ ਪਾਸਲਾ ਨੇ ਕਿਹਾ ਕਿ ਭਾਵੇਂ ਸਰਕਾਰ ਵੱਲੋਂ ਸਰਕਾਰੀ ਅਤੇ ਗੈਰ ਸਰਕਾਰੀ ਗਊਸ਼ਾਲਾਵਾਂ ਦੇ ਵੇਰਵੇ ਮੰਗੇ ਗਏ ਹਨ, ਪਰ ਸਰਕਾਰੀ ਗਊਸ਼ਾਲਾਵਾਂ ਵਿੱਚ ਗਊ ਵੰਸ਼ ਦੀ ਚੰਗੀ ਤਰ੍ਹਾਂ ਦੇਖਭਾਲ ਨਹੀਂ ਹੁੰਦੀ, ਕਿਉਂਕਿ ਉੱਥੇ ਸਰਕਾਰੀ ਅਧਿਕਾਰੀ ਵੱਲੋਂ ਕਰਮਚਾਰੀਆਂ ਦੀਆਂ ਡਿਊਟੀਆਂ ਲਗਾਈਆਂ ਜਾਂਦੀਆਂ ਹਨ। ਇੱਕ ਕਰਮਚਾਰੀ ਨੂੰ ਕਈ ਕਈ ਕੰਮ ਕਰਨ ਲਈ ਕਿਹਾ ਜਾਂਦਾ ਹੈ ਜਿਸ ਕਾਰਨ ਇਨ੍ਹਾਂ ਬੇਸਹਾਰਾ ਗਊ ਵੰਸ਼ ਦੀ ਸਰਕਾਰੀ ਗਊਸ਼ਾਲਾ ਮਾਮਲੇ ਵਿੱਚ ਸਹੀ ਢੰਗ ਨਾਲ ਦੇਖਭਾਲ ਨਹੀਂ ਹੁੰਦੀ।
ਬਹੁਤ ਘੱਟ ਗਊਸੈੱਸ ਮਿਲ ਰਿਹਾ:ਸ਼ਹਿਰ ਵਿਚ ਇਸ ਸਮੇਂ 3 ਹਜ਼ਾਰ ਦੇ ਕਰੀਬ ਬੇਸਹਾਰਾ ਗਊ ਵੰਸ਼ ਘੁੰਮ ਰਿਹਾ ਹੈ। ਨਗਰ ਨਿਗਮ ਵੱਲੋਂ ਉਨ੍ਹਾਂ ਹੀ ਬੇਸਹਾਰਾ ਪਸ਼ੂਆਂ ਦੇ ਹਰੇ ਚਾਰੇ ਲਈ ਗਊਸੈੱਸ ਦਿੱਤਾ ਜਾਂਦਾ ਹੈ, ਜੋ ਨਗਰ ਨਿਗਮ ਵੱਲੋਂ ਫੜ ਕੇ ਭੇਜੇ ਜਾਂਦੇ ਹਨ, ਜਦਕਿ ਗਊਸ਼ਾਲਾ ਵਿੱਚ ਰਹਿ ਰਹੇ ਗਊ ਵੰਸ਼ ਲਈ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਗਊਸੈੱਸ ਨਹੀਂ ਭੇਜਿਆ ਜਾਂਦਾ। ਨਗਰ ਨਿਗਮ ਵੱਲੋਂ ਪ੍ਰਤੀ ਗਊ ਵੰਸ਼ ਇਕ ਦਿਨ ਦਾ 35 ਤੋਂ 36 ਰੁਪਏ ਖ਼ਰਚਾ ਭੇਜਿਆ ਜਾਂਦਾ ਹੈ, ਪਰ ਇਸ ਮਹਿੰਗਾਈ ਦੇ ਦੌਰ ਵਿੱਚ ਪ੍ਰਤੀ ਦਿਨ ਇੱਕ ਗਊ ਵੰਸ਼ ਉੱਤੇ 70 ਤੋਂ 80 ਰੁਪਏ ਦਾ ਹਰੇ ਚਾਰੇ ਦਾ ਖ਼ਰਚਾ ਆਉਂਦਾ ਹੈ, ਸੋ ਸਰਕਾਰ ਨੂੰ ਇਨ੍ਹਾਂ ਗੱਲਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।
ਜਲਦ ਹੋਵੇਗਾ ਬਠਿੰਡਾ ਅਤੇ ਪਟਿਆਲਾ ਬੇਸਹਾਰਾ ਪਸ਼ੂਆਂ ਤੋਂ ਮੁਕਤ ! ਇਹ ਹੈ ਪੰਜਾਬ ਸਰਕਾਰ ਦਾ ਪਲਾਨ :ਦੂਜੇ ਪਾਸੇ, ਨਗਰ ਨਿਗਮ ਕਮਿਸ਼ਨਰ ਆਈਏਐਸ ਰਾਹੁਲ ਸਿੱਧੂ ਨੇ ਦੱਸਿਆ ਕਿ ਅਸੀਂ ਬਠਿੰਡਾ ਸ਼ਹਿਰ ਵਿੱਚ ਪਸ਼ੂਆਂ ਦੀ ਗਿਣਤੀ ਕੀਤੀ ਹੈ। ਇਨ੍ਹਾਂ ਪਸ਼ੂਆਂ ਦੀ ਗਿਣਤੀ 3,023 ਪਾਈ ਗਈ ਹੈ। ਇਸ ਦੇ ਨਾਲ ਹੀ, ਅਸੀਂ ਸਰਕਾਰੀ ਗਊਸ਼ਾਲਾ ਲਈ ਢੁਕਵੀਂ ਜਗ੍ਹਾ ਦੇਖਣੀ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਬੇਸਹਾਰਾ ਪਸ਼ੂਆਂ ਦੇ ਰੱਖ-ਰਖਾਅ ਲਈ ਸ਼ੈੱਡ, ਖੁੱਰਲ੍ਹੀਆਂ ਅਤੇ ਚਾਰ ਦਿਵਾਰੀ ਦੇ ਨਾਲ-ਨਾਲ ਪਸ਼ੂਆਂ ਦੀ ਖੁਰਾਕ ਦਾ ਖ਼ਰਚਾ ਵੀ ਤੈਅ ਕਰ ਕੇ 10 ਤੋਂ 15 ਦਿਨਾਂ ਵਿੱਚ ਸਰਕਾਰ ਨੂੰ ਭੇਜਣ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਹੈ। ਇੱਕ ਗਊਸ਼ਾਲਾ ਲਈ ਘੱਟੋ-ਘੱਟ 2 ਕਰੋੜ ਰੁਪਏ ਦਾ ਖ਼ਰਚ ਆਵੇਗਾ, ਜੋ ਕਿ ਜੇਕਰ ਪੰਜਾਬ ਸਰਕਾਰ ਕੋਰਪੋਰੇਸ਼ਨ ਨੂੰ ਭੇਜਦੀ ਹੈ, ਤਾਂ ਅਸੀਂ 7 ਤੋਂ 8 ਮਹੀਨਿਆਂ ਦੇ ਵਿੱਚ ਬਠਿੰਡਾ ਨੂੰ ਪਸ਼ੂਆਂ ਤੋਂ ਮੁਕਤ ਬਣਾ ਦਿਆਂਗੇ। ਉਨ੍ਹਾਂ ਦੱਸਿਆ ਕਿ ਭਵਿੱਖ ਦੀ ਸਾਡੀ ਯੋਜਨਾ ਹੈ ਕਿ 20-25 ਪਿੰਡਾਂ ਪਿੱਛੇ ਇਕ ਗਊਸ਼ਾਲਾ ਦਾ ਨਿਰਮਾਣ ਕਰਵਾਇਆ ਜਾਵੇ, ਜਿੱਥੇ ਬੇਸਹਾਰਾ ਗਊਆਂ ਨੂੰ ਰੱਖਿਆ ਜਾਵੇਗਾ।
ਜੇਕਰ ਅਜਿਹਾ ਹੋ ਜਾਂਦਾ ਹੈ, ਤਾਂ ਜਿੱਥੇ ਇਨ੍ਹਾਂ ਅਵਾਰਾ ਪਸ਼ੂਆਂ ਕਾਰਨ ਹੁੰਦੇ ਸੜਕ ਹਾਦਸਿਆਂ ਤੋਂ ਨਿਜਾਤ ਮਿਲੇਗੀ, ਉੱਥੇ ਹੀ, ਇਨ੍ਹਾਂ ਬੇਜ਼ੁਬਾਨਾਂ ਨੂੰ ਆਸਰਾ ਮਿਲੇ ਪਾਵੇਗਾ। ਪਰ, ਪੰਜਾਬ ਸਰਕਾਰ ਇਸ ਫੈਸਲੇ ਉਪਰ ਬਠਿੰਡਾ ਅਤੇ ਪਟਿਆਲਾ ਵਾਸੀਆਂ ਦੀ ਉਮੀਦ ਉੱਤੇ ਕਿੰਨਾ ਕੁ ਖਰਾ ਉਤਰ ਪਾਉਂਦੀ ਹੈ ਇਸ ਗੱਲ ਦੀ ਵੀ ਉਡੀਕ ਰਹੇਗੀ।