ਪੰਜਾਬ

punjab

ETV Bharat / state

ਪੰਜਾਬ ਦੇ ਅਧਿਆਪਕ ਦਾ ਸਨਮਾਨ; ਸਰਕਾਰੀ ਸਕੂਲ 'ਚ ਦਾਖਲਾ ਲੈਣ ਲਈ ਕਰਨੀ ਪੈਂਦੀ ਉਡੀਕ - Kothe Inder Singh Wala

Smart School Kothe Inder Singh Wala : ਸਿੱਖਿਆ ਖੇਤਰ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਅਧਿਆਪਿਕ ਰਜਿੰਦਰ ਸਿੰਘ ਨੂੰ ਨੈਸ਼ਨਲ ਬੁੱਕ ਟਰੱਸਟ ਭਾਰਤ ਵੱਲੋਂ ਸਨਮਾਨ ਕੀਤਾ ਗਿਆ ਹੈ। ਰਜਿੰਦਰ ਸਿੰਘ ਨੇ ਪਿੰਡ ਕੋਠੇ ਇੰਦਰ ਸਿੰਘ ਵਾਲਾ ਦੇ ਸਰਕਾਰੀ ਸਕੂਲ ਦੀ ਨੁਹਾਰ ਇਸ ਕਦਰ ਬਦਲੀ ਕਿ ਇਸ ਸਰਕਾਰੀ ਸਕੂਲ ਵਿੱਚ ਦਾਖਲਾ ਲੈਣ ਲਈ ਵਿਦਿਆਰਥੀਆਂ ਨੂੰ ਉਡੀਕ ਕਰਨੀ ਪੈਂਦੀ ਹੈ।

Smart School Kothe Inder Singh Wala
Smart School Kothe Inder Singh Wala

By ETV Bharat Punjabi Team

Published : Jan 8, 2024, 1:17 PM IST

Updated : Jan 8, 2024, 2:05 PM IST

ਇਸ ਸਰਕਾਰੀ ਸਕੂਲ 'ਚ ਦਾਖਲਾ ਲੈਣ ਲਈ ਕਰਨੀ ਪੈਂਦੀ ਉਡੀਕ

ਬਠਿੰਡਾ:ਮਾਪਿਆਂ ਵੱਲੋਂ ਅਕਸਰ ਹੀ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਤਾਲੀਮ ਦਿਵਾਉਣ ਤੋਂ ਗੁਰੇਜ਼ ਕੀਤਾ ਜਾਂਦਾ ਹੈ। ਕਿਉਂਕਿ, ਉਨ੍ਹਾਂ ਦਾ ਮੰਨਣਾ ਹੈ ਕਿ ਸਰਕਾਰੀ ਸਕੂਲਾਂ ਦੇ ਪ੍ਰਬੰਧਾਂ ਨੂੰ ਲੈ ਕੇ ਅਕਸਰ ਹੀ ਸਵਾਲ ਉੱਠਦੇ ਰਹਿੰਦੇ ਹਨ। ਪਰ, ਬਠਿੰਡਾ ਦੇ ਪਿੰਡ ਕੋਠੇ ਇੰਦਰ ਸਿੰਘ ਵਾਲਾ ਦੇ ਸਰਕਾਰੀ ਸਕੂਲ ਵਿੱਚ ਵਿਦਿਆਰਥੀਆਂ ਨੂੰ ਦਾਖਲਾ ਲੈਣ ਲਈ ਵੇਟਿੰਗ ਲਿਸਟ ਦਾ ਇੰਤਜ਼ਾਰ ਕਰਨਾ ਪੈਂਦਾ ਹੈ।

ਕਿਉਂ ਖਾਸ ਹੈ ਇਹ ਸਕੂਲ ਤੇ ਸਨਮਾਨ:ਪ੍ਰਾਇਮਰੀ ਸਕੂਲ ਕੋਠੇ ਇੰਦਰ ਸਿੰਘ ਵਾਲਾ ਦੇ ਅਧਿਆਪਕ ਰਜਿੰਦਰ ਸਿੰਘ ਵੱਲੋਂ ਕੀਤੇ ਗਏ ਉਪਰਾਲਿਆਂ ਦੇ ਚੱਲਦਿਆਂ ਪੰਜਾਬ ਦਾ ਪਹਿਲਾ ਅਜਿਹਾ ਸਰਕਾਰੀ ਸਕੂਲ ਸੀ ਜਿਸ ਵਿੱਚ ਸਭ ਤੋਂ ਵੱਧ ਵਿਦਿਆਰਥੀਆਂ ਨੇ ਦਾਖਲਾ ਲਿਆ (Smart School Bathinda) ਇਹ ਸਰਕਾਰੀ ਪ੍ਰਾਇਮਰੀ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਪਾਉਂਦਾ ਹੈ, ਕਿਉਂਕਿ ਜਿੱਥੇ ਇਸ ਸਕੂਲ ਦਾ ਪੜ੍ਹਾਈ ਦਾ ਮੀਡੀਅਮ ਅੰਗਰੇਜ਼ੀ ਹੈ, ਉੱਥੇ ਹੀ ਇਹ ਸਮਾਰਟ ਸਕੂਲ ਵਜੋਂ ਰਜਿੰਦਰ ਸਿੰਘ ਵੱਲੋਂ ਵਿਕਸਿਤ ਕੀਤਾ ਗਿਆ ਹੈ।

ਅਧਿਆਪਕ ਰਜਿੰਦਰ ਸਿੰਘ ਦੇ ਇਨ੍ਹਾਂ ਉਪਰਾਲਿਆਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਸਟੇਟ ਅਵਾਰਡ ਨਾਲ ਜਿੱਥੇ ਸਨਮਾਨਿਤ ਕੀਤਾ ਗਿਆ, ਉੱਥੇ ਹੀ ਅਧਿਆਪਕ ਦਿਵਸ ਮੌਕੇ ਕੇਂਦਰ ਸਰਕਾਰ ਵੱਲੋਂ ਸਨਮਾਨਿਤ ਕੀਤੇ ਜਾਣ ਵਾਲੇ ਛੇ ਅਧਿਆਪਕਾਂ ਵਿੱਚੋਂ ਪਹਿਲਾਂ ਨਾਮ ਅਧਿਆਪਕ ਰਜਿੰਦਰ ਸਿੰਘ ਦਾ ਸੀ। ਅਧਿਆਪਕ ਰਜਿੰਦਰ ਸਿੰਘ ਨੂੰ ਨੈਸ਼ਨਲ ਬੁੱਕ ਟਰਸਟ ਭਾਰਤ ਵੱਲੋਂ 11,000 ਰੁਪਏ ਦੀਆਂ ਕਿਤਾਬਾਂ ਇਨਾਮ ਵਜੋਂ ਭੇਜੀਆਂ ਹਨ।

ਅਧਿਆਪਿਕ ਰਜਿੰਦਰ ਸਿੰਘ

ਪਹਿਲਾਂ ਸਕੂਲ ਦੀ ਹਾਲਾਤ ਸੀ ਖਸਤਾ: ਅਧਿਆਪਕ ਰਜਿੰਦਰ ਸਿੰਘ ਨੇ ਦੱਸਿਆ ਕਿ 2015 ਵਿੱਚ ਜਦੋਂ ਉਹ ਕੋਠੇ ਇੰਦਰ ਸਿੰਘ ਵਾਲਾ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਬਦਲੀ ਹੋਣ ਉਪਰੰਤ ਆਏ ਸਨ, ਤਾਂ ਉੱਥੇ ਕਰੀਬ ਤਿੰਨ ਦਰਜਨ ਬੱਚੇ ਸਨ ਅਤੇ ਸਕੂਲ ਦੀ ਬਿਲਡਿੰਗ ਦਾ ਬੁਰਾ ਹਾਲ ਸੀ। ਉਨਾਂ ਵੱਲੋਂ ਪਿੰਡ ਦੀ ਪੰਚਾਇਤ ਅਤੇ ਸਮਾਜ ਸੇਵੀਆਂ ਦੇ ਸਹਿਯੋਗ ਨਾਲ ਜਿੱਥੇ ਬਿਲਡਿੰਗ ਵਿੱਚ ਸੁਧਾਰ ਕੀਤਾ, ਉੱਥੇ ਹੀ ਸਕੂਲ ਵਿੱਚ ਪੜ੍ਹਨ ਵਾਲੇ ਬੱਚਿਆਂ ਦੇ ਪੜ੍ਹਾਈ ਦਾ ਪੱਧਰ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਤੋਂ ਉੱਪਰ ਲੈ ਜਾਇਆ ਗਿਆ।

ਉਨ੍ਹਾਂ ਨੇ ਦਾਖਲਿਆਂ ਸਮੇਂ ਆਪਣੇ ਸਕੂਲ ਦੇ ਵਿਦਿਆਰਥੀਆਂ ਦੇ ਕੰਪੀਟੀਸ਼ਨ ਪ੍ਰਾਈਵੇਟ ਸਕੂਲ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਨਾਲ ਕਰਵਾਏ। ਸਰਕਾਰੀ ਸਕੂਲ ਦੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਪੱਧਰ ਵੇਖਦੇ ਹੋਏ ਆਲੇ ਦੁਆਲੇ ਦੇ 16 ਪਿੰਡਾਂ ਦੇ ਵਿਦਿਆਰਥੀ ਉਨ੍ਹਾਂ ਕੋਲ ਪੜ੍ਹਨ ਆਉਂਦੇ ਹਨ, ਜਿਨ੍ਹਾਂ ਦੀ ਗਿਣਤੀ ਕਰੀਬ 231 ਹੈ ਅਤੇ ਇਹ ਸਕੂਲ ਪੰਜਾਬ ਦਾ ਪਹਿਲਾ ਅਜਿਹਾ ਸਰਕਾਰੀ ਸਕੂਲ ਸੀ, ਜਿੱਥੇ ਸਭ ਤੋਂ ਵੱਧ ਬੱਚਿਆਂ ਦੇ ਦਾਖਲੇ ਹੋਏ ਸਨ ਅਤੇ ਹੁਣ ਵੀ ਬੱਚਿਆਂ ਤੇ ਮਾਪਿਆਂ ਨੂੰ ਦਾਖਲੇ ਲੈਣ ਲਈ ਉਡੀਕ ਕਰਨੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਸਰਕਾਰ ਵਲੋਂ ਸਕੂਲ ਨੂੰ ਗ੍ਰਾਂਟ ਆਉਣੀ ਵੀ ਸ਼ੁਰੂ ਹੋ ਚੁੱਕੀ ਹੈ।

ਹੁਣ ਤੱਕ ਆਪਣੀ ਹੀ ਜੇਬ ਚੋਂ ਖ਼ਰਚੇ ਲੱਖਾਂ ਰੁਪਏ: ਰਜਿੰਦਰ ਸਿੰਘ ਵੱਲੋਂ ਆਪਣੀ ਜੇਬ ਵਿੱਚੋਂ ਪੈਸੇ ਖ਼ਰਚਦੇ ਹੋਏ ਅਤੇ ਸਮਾਜ ਸੇਵੀਆਂ ਦੇ ਸਹਿਯੋਗ ਨਾਲ ਸਕੂਲ ਨੂੰ ਸਮਾਰਟ ਸਕੂਲ ਬਣਾਇਆ ਗਿਆ ਅਤੇ ਹੁਣ ਤੱਕ ਉਨ੍ਹਾਂ ਵੱਲੋਂ ਕਰੀਬ 38 ਲੱਖ ਰੁਪਿਆ ਕੋਠੇ ਇੰਦਰ ਸਿੰਘ ਵਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਉੱਤੇ ਖ਼ਰਚਿਆ ਜਾ ਚੁੱਕਿਆ ਹੈ। ਹੁਣ ਉਨ੍ਹਾਂ ਵੱਲੋਂ ਇਸੇ ਸਕੂਲ ਵਿੱਚ ਵਿਦਿਆਰਥੀਆਂ ਨੂੰ ਕਿਤਾਬਾਂ ਉਪਲਬਧ ਕਰਾਉਣ ਲਈ ਕਲਪਨਾ ਚਾਵਲਾ ਲਾਇਬ੍ਰੇਰੀ ਤਿਆਰ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਵੱਲੋਂ ਉਨਾਂ ਦੇ ਉਪਰਾਲਿਆਂ ਦੀ ਸ਼ਲਾਘਾ ਕਰਦੇ ਹੋਏ ਜਿੱਥੇ ਪ੍ਰਸ਼ੰਸਾ ਪੱਤਰ ਦਿੱਤੇ ਗਏ, ਉੱਥੇ ਹੀ ਸਟੇਟ ਐਵਾਰਡ ਨਾਲ ਸਨਮਾਨਿਆ ਗਿਆ।

11,000 ਰੁਪਏ ਦੀਆਂ ਕਿਤਾਬਾਂ ਦਾ ਸਨਮਾਨ:ਆਉਂਦੇ ਸਮੇਂ ਵਿੱਚ ਉਮੀਦ ਹੈ ਕਿ ਉਹ ਕੇਂਦਰ ਸਰਕਾਰ ਤੋਂ ਅਧਿਆਪਕ ਦਿਵਸ ਮੌਕੇ ਵੀ ਸਨਮਾਨ ਹਾਸਿਲ ਕਰਨਗੇ। ਫਿਲਹਾਲ ਉਨ੍ਹਾਂ ਨੂੰ ਨੈਸ਼ਨਲ ਬੁੱਕ ਟਰਸਟ ਭਾਰਤ ਸਰਕਾਰ ਵੱਲੋਂ 11000 ਰੁਪਏ ਦੀਆਂ ਕਿਤਾਬਾਂ ਭੇਜ ਕੇ ਸਨਮਾਨ ਕੀਤਾ ਹੈ, ਜੋ ਕਿ ਉਨ੍ਹਾਂ ਲਈ ਵਡਮੁੱਲਾ ਸਨਮਾਨ ਹੈ। ਉਨ੍ਹਾਂ ਦਾ ਕਿਤਾਬਾਂ ਨਾਲ ਲਗਾਅ ਹੈ ਅਤੇ ਇਹ ਕਿਤਾਬਾਂ ਉਹ ਆਪਣੇ ਸਕੂਲ ਵਿੱਚ ਤਿਆਰ ਕੀਤੀ ਜਾ ਰਹੀ ਲਾਇਬ੍ਰੇਰੀ ਨੂੰ ਦਾਨ ਕਰਨਗੇ। ਰਜਿੰਦਰ ਸਿੰਘ ਕਿਹਾ ਕਿ ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਹਰ ਇੱਕ ਅਧਿਆਪਕ ਨੂੰ ਇਹ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ, ਤਾਂ ਜੋ ਹਰ ਬੱਚੇ ਨੂੰ ਉੱਚ ਸਿੱਖਿਆ ਪ੍ਰਦਾਨ ਕੀਤੀ ਜਾ ਸਕੇ।

Last Updated : Jan 8, 2024, 2:05 PM IST

ABOUT THE AUTHOR

...view details