ਬਠਿੰਡਾ: ਸ਼੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੇ ਸਾਹਮਣੇ ਰੋਸ ਜ਼ਾਹਰ ਕਰਦਿਆਂ ਇੱਕ ਕਿਸਾਨ ਵੱਲੋਂ ਕੀਤੀ ਗਈ ਖੁਦਕੁਸ਼ੀ 'ਤੇ ਸਿਆਸਤ ਭਖਣ ਲੱਗੀ ਹੈ। ਸੀਨੀਅਰ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਨੇ ਜਿੱਥੇ ਮ੍ਰਿਤਕ ਕਿਸਾਨ ਜੋਗਿੰਦਰ ਨੂੰ ਸ਼ਹੀਦ ਦੱਸ ਸ਼ਰਧਾਂਜਲੀ ਦਿੱਤੀ ਹੈ ਉੱਥੇ ਹੀ ਕਾਂਗਰਸ ਪਾਰਟੀ 'ਤੇ ਨਿਸ਼ਾਨੇ ਵੀ ਸਾਧੇ ਹਨ।
ਦੱਸਣਯੋਗ ਹੈ ਕਿ ਮ੍ਰਿਤਕ ਜੋਗਿੰਦਰ ਸਿੰਘ ਨੇ ਸਰਕਾਰ ਵੱਲੋਂ ਬਠਿੰਡਾ 'ਚ ਸ਼੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀ 1764 ਏਕੜ ਜ਼ਮੀਨ ਪੂਡਾ ਨੂੰ ਵੇਚਣ ਦੇ ਫ਼ੈਸਲੇ ਦੇ ਵਿਰੋਧ 'ਚ ਖ਼ੁਦਕੁਸ਼ੀ ਕੀਤੀ ਹੈ।
ਮੌਕੇ 'ਤੇ ਪਹੁੰਚੇ ਸੀਨੀਅਰ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਨੇ ਦੱਸਿਆ ਕਿ ਜੋਗਿੰਦਰ ਸਿੰਘ ਭੋਲਾ ਇੱਕ ਚੰਗਾ ਲੀਡਰ ਹੋਣ ਦੇ ਨਾਲ ਨਾਲ ਇੱਕ ਚੰਗਾ ਕਿਸਾਨ ਵੀ ਸੀ ਜਿਸ ਨੇ ਆਪਣੀ ਕੁਰਬਾਨੀ ਦੇ ਕੇ ਥਰਮਲ ਪਲਾਂਟ ਨੂੰ ਬਚਾਉਣ ਦੇ ਲਈ ਕੋਸ਼ਿਸ਼ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਜੋਗਿੰਦਰ ਦੀ ਇਸ ਕੁਰਬਾਨੀ ਨੂੰ ਵਿਅਰਥ ਨਹੀਂ ਜਾਣ ਦਿੱਤਾ ਜਾਵੇਗਾ ਅਤੇ ਕਾਂਗਰਸ ਪਾਰਟੀ ਵੱਲੋਂ ਗੁਰੂ ਨਾਨਕ ਦੇਵ ਥਰਮਲ ਪਲਾਂਟ ਨੂੰ ਮਿਟਾਉਣ ਦੀ ਯੋਜਨਾ ਨੂੰ ਖਾਰਜ ਕਰਨ ਦੇ ਲਈ ਹਰ ਮੁਕੰਮਲ ਕੋਸ਼ਿਸ਼ ਨੂੰ ਸੰਘਰਸ਼ ਦਾ ਰੂਪ ਦਿੱਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਸੂਬੇ ਭਰ ਦੇ ਕਿਸਾਨ ਭਾਈਚਾਰੇ ਵੱਲੋਂ ਸਰਕਾਰ ਨੇ ਪਲਾਂਟ ਦੀ ਜ਼ਮੀਨ ਵੇਚੇ ਜਾਣ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਪਲਾਂਟ ਕਿਸਾਨਾਂ ਲਈ ਲਾਹੇਵੰਦ ਹੈ ਅਤੇ ਇਸ ਦੇ ਬੰਦ ਹੋ ਜਾਣ ਨਾਲ ਜਿੱਥੇ ਕਿਸਾਨਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ ਉੱਥੇ ਹੀ ਪਲਾਂਟ 'ਚ ਕੰਮ ਕਰਦੇ ਕਈ ਲੋਕ ਬੇਰੁਜ਼ਗਾਰ ਹੋ ਜਾਣਗੇ।