ਬਠਿੰਡਾ:ਪਿੰਡ ਜਿਉਂਦ ਵਿਖੇ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੇ ਜ਼ਮੀਨੀ ਝਗੜੇ ਨੇ ਉਸ ਵੇਲੇ ਖੂਨੀ ਰੂਪ ਧਾਰਨ ਕਰ ਲਿਆ ਜਦ ਪਿੰਡ ਅੰਦਰ ਇਕ ਧਿਰ ਵੱਲੋ ਝੋਨੇ ਦੀ ਫਸਲ ਵਾਹ ਕੇ ਕਬਜ਼ਾ ਕਰਨ ਦੀ ਨੀਅਤ ਨਾਲ ਪੁਲਿਸ ਵੱਲੋ ਦਰਜ ਕੀਤੇ ਮੁੱਕਦਮੇ ਦੇ ਬਾਵਜੂਦ ਦੂਜੇ ਦਿਨ ਉਸੇ ਹੀ 6 ਏਕੜ ਜਮੀਨ ਉਪਰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ।
ਇਸ ਦੌਰਾਨ ਪਿੰਡ ਦੇ ਹੀ ਕੁਝ ਵਿਅਕਤੀ ਬਾਹਰੀ ਵਿਅਕਤੀਆਂ ਨਾਲ ਮਾਰੂ ਹਥਿਆਰਾਂ ਸਣੇ ਦਾਖਿਲ ਹੋ ਗਏ।ਇਸ ਦੌਰਾਨ ਪਿੰਡ ਦੇ ਲੋਕਾਂ ਵਿਚਕਾਰ ਜ਼ਮੀਨੀ ਕਬਜ਼ੇ ਨੂੰ ਲੈਕੇ ਗੋਲੀਬਾਰੀ ਹੋ ਗਈ।ਇਸ ਗੋਲੀਬਾਰੀ ਦੌਰਾਨ ਕਈ ਲੋਕ ਜ਼ਖਮੀ ਹੋ ਗਏ ਜ਼ਖ਼ਮੀਆਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਜ਼ਖ਼ਮੀਆਂ ਵਿੱਚੋ ਕੁਝ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਪਿੰਡ ਜਿਉਂਦ ਚ ਜ਼ਮੀਨੀ ਝਗੜੇ ਨੂੰ ਲੈ ਕੇ ਚੱਲੀਆਂ ਗੋਲੀਆਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਦੇ ਮਲਕੀਤ ਸਿੰਘ ਪੁੱਤਰ ਚਤਰ ਸਿੰਘ ਵਾਸੀਅਨ ਜਿਉਂਦ ਨੇ ਬੀਤੇ ਕੱਲ੍ਹ ਰਾਮਪੁਰਾ ਪੁਲਿਸ ਕੋਲ ਬਿਆਨ ਦਰਜ ਕਰਵਾਏ ਸਨ ਕਿ ਪਿੰਡ ਦੇ ਹੀ ਇਕ ਹੋਰ ਪਰਿਵਾਰ ਨੇ ਔਰਤਾਂ ਸਣੇ ਉਨਾਂ ਦੇ ਵਾਹਣ ਵਿਚ ਦਾਖਿਲ ਹੋ ਕੇ ਝੋਨੇ ਦੀ ਫਸਲ ਵਾਹ ਦਿੱਤੀ। ਜਿਸ ਦੇ ਚਲਦਿਆਂ ਥਾਣਾ ਸਦਰ ਰਾਮਪੁਰਾ ਦੀ ਪੁਲਿਸ ਨੇ ਸੁਦਾਗਰ ਸਿੰਘ, ਚਮਕੌਰ ਸਿੰਘ ਪੁੱਤਰਾ ਸੁਰਜੀਤ ਸਿੰਘ, ਸੁਰਜੀਤ ਸਿੰਘ ਪੁੱਤਰ ਰਾਮ ਸਿੰਘ, ਹਰਬੰਤ ਕੌਰ ਪਤਨੀ ਸੁਰਜੀਤ ਸਿੰਘ ਵਾਸੀਆਨ ਜਿਉਦ, ਚਮਕੌਰ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਧਨੌਲਾ ਖਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਪਰ ਅੱਜ ਮੁੜ ਉਸੇ ਹੀ ਜਮੀਨ ’ਤੇ ਜਦ ਫੇਰ ਇਸੇ ਧਿਰ ਵੱਲੋਂ ਕਬਜ਼ਾ ਕਰਨ ਦੀ ਕੋਸ਼ਿਸ ਕੀਤੀ ਗਈ ਤਦ ਕਬਜਾ ਕਰਨ ਆਈ ਧਿਰ ਵੱਲੋ ਗੋਲੀਬਾਰੀ ਕੀਤੀ ਗਈ। ਜਿਸ ਵਿਚ ਇਕ ਕਿਸਾਨ ਆਗੂ ਸਣੇ ਕਈ ਜਣੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਪਰ ਪਿੰਡ ਵਾਸੀਆਂ ਨੇ ਕਬਜ਼ਾ ਕਰਨ ਵਾਲੀ ਧਿਰ ਦਾ ਵਿਰੋਧ ਕਰਨ ਦੇ ਨਾਲ ਇਨਾਂ ਨੂੰ ਖਦੇੜ ਕੇ ਰੱਖ ਦਿੱਤਾ।
ਲੋਕਾਂ ਦੇ ਵਿਰੋਧ ਦੌਰਾਨ ਕਬਜ਼ਾ ਕਰਨ ਆਏ ਕੁਝ ਵਿਅਕਤੀਆਂ ਦੇ ਵੀ ਜ਼ਖ਼ਮੀ ਹੋਣ ਦੀ ਖ਼ਬਰ ਹੈ। ਪੁਲਿਸ ਨੇ ਕੁਝ ਲੋਕਾਂ ਨੂੰ ਇਸ ਦੌਰਾਨ ਹਿਰਾਸਤ ਦੇ ਵਿੱਚ ਲੈ ਲਿਆ ਹੈ।ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ:ਜ਼ਮੀਨੀ ਵਿਵਾਦ 'ਚ ਚੱਲੀਆਂ ਗੋਲੀਆਂ, ਇੱਕ ਦੀ ਮੌਤ ਤੇ ਤਿੰਨ ਜ਼ਖ਼ਮੀ