ਬਠਿੰਡਾ: ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਾਰੇ ਕਾਂਗਰਸ ਸਰਕਾਰ ਵੱਲੋਂ ਪੁਨਰ ਵਿਕਾਸ ਦੇ ਲਏ ਗਏ ਫ਼ੈਸਲੇ ਤੋਂ ਬਾਅਦ ਹੁਣ ਸਿਆਸਤ ਭਖੀ ਹੋਈ ਨਜ਼ਰ ਆ ਰਹੀ ਹੈ।
ਦੱਸ ਦਈਏ ਕਿ ਬੀਤੇ ਦਿਨੀਂ ਹੋਈ ਕੈਬਿਨੇਟ ਮੀਟਿੰਗ ਵਿੱਚ ਬਠਿੰਡਾ ਦੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀ 1768 ਏਕੜ ਜ਼ਮੀਨ ਤੇ ਥਰਮਲ ਦੀਆਂ ਚਿਮਨੀਆਂ ਨੂੰ ਤੋੜ ਕੇ ਪੁਨਰ ਵਿਕਾਸ ਕਰਨ ਦੀ ਯੋਜਨਾ ਦਾ ਫ਼ੈਸਲਾ ਲਿਆ ਸੀ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਚੰਡੀਗੜ੍ਹ ਵਿੱਚ ਗ੍ਰਿਫ਼ਤਾਰੀਆਂ ਵੀ ਦਿੱਤੀਆਂ ਗਈਆਂ।
ਇਸੇ ਮੁੱਦੇ ਨੂੰ ਲੈ ਕੇ ਬਠਿੰਡਾ ਦੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੇ ਸਾਹਮਣੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਂਗਰਸ ਸਰਕਾਰ ਦੇ ਇਸ ਫ਼ੈਸਲੇ ਵਿਰੁੱਧ ਸਰਕਾਰ ਦੀ ਅਰਥੀ ਫ਼ੂਕ ਮੁਜ਼ਾਹਰਾ ਕੀਤਾ ਗਿਆ।
ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਚੋਣਾਂ ਵੇਲੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਥਰਮਲ ਪਲਾਂਟ ਨੂੰ ਚਾਲੂ ਰੱਖਣ ਦੇ ਕੀਤੇ ਗਏ ਵਾਅਦੇ ਨੂੰ ਦੁਹਰਾਉਂਦਿਆਂ ਕਿਹਾ ਕਿ ਝੋਲੇ ਵਿੱਚੋਂ ਬਿੱਲੀ ਬਾਹਰ ਨਿਕਲੀ ਹੈ।
ਚੋਣਾਂ ਵੇਲੇ ਖ਼ਜ਼ਾਨਾ ਮੰਤਰੀ ਵੱਲੋਂ ਥਰਮਲ ਪਲਾਂਟ ਦੇ ਚਲਾਏ ਜਾਣ ਦੇ ਵਾਅਦੇ ਝੂਠੇ ਸਾਬਿਤ ਹੋ ਰਹੇ ਹਨ, ਜਿਸ ਨੂੰ ਲੈ ਕੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਜੇ ਪੰਜਾਬ ਸਰਕਾਰ ਥਰਮਲ ਪਲਾਂਟ ਨੂੰ ਤੋੜੇਗੀ ਤਾਂ ਇਸ ਤੋਂ ਪਹਿਲਾਂ ਸਾਡੀਆਂ ਲਾਸ਼ਾਂ ਤੋਂ ਗੁਜ਼ਰਨਾ ਪਵੇਗਾ।
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਠਿੰਡਾ ਦੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਉੱਤੇ ਚੋਣਾਂ ਵੇਲੇ ਸਿਆਸਤ ਭਖੀ ਸੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਥਰਮਲ ਪਲਾਂਟ ਦੀ ਥਾਂ ਉੱਤੇ ਪੁਨਰ ਵਿਕਾਸ ਕਰਨ ਦੀ ਯੋਜਨਾ ਬਣਾਈ ਗਈ ਸੀ ਅਤੇ ਉੱਥੇ ਹੀ ਕਾਂਗਰਸ ਸਰਕਾਰ ਬਠਿੰਡਾ ਵਾਸੀਆਂ ਨੂੰ ਥਰਮਲ ਪਲਾਂਟ ਦੀ ਚਿਮਨੀਆਂ ਤੋਂ ਧੂੰਆਂ ਕੱਢਣ ਦੇ ਨਾਂਅ ਉੱਤੇ ਵੋਟਾਂ ਮੰਗੀਆਂ ਸਨ।
ਪਰ ਹੁਣ ਬਿਲਕੁਲ ਉਲਟਾ ਹੁੰਦਾ ਨਜ਼ਰ ਆ ਰਿਹਾ ਹੈ, ਸੱਤਾ ਵਿੱਚ ਕਾਂਗਰਸ ਪਾਰਟੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਚਿਮਨੀਆਂ ਵਿੱਚੋਂ ਧੂੰਆਂ ਕੱਢਣ ਦੀ ਗੱਲ ਆਖ ਰਿਹਾ ਹੈ। ਇਸ ਨੂੰ ਲੈ ਕੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਅਕਾਲੀ ਦਲ ਦੀਆਂ ਪੈੜਾਂ ਉੱਤੇ ਕਾਂਗਰਸ ਪਾਰਟੀ ਚੱਲ ਰਹੀ ਹੈ ਅਤੇ ਅਕਾਲੀ ਦਲ ਇਤਰਾਜ਼ ਜਤਾ ਰਿਹਾ ਹੈ।