Poonch Terrorist Attack: ਸ਼ਹੀਦ ਸੇਵਕ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਬਠਿੰਡਾ: ਲੰਘੇ ਵੀਰਵਾਰ ਜੰਮੂ-ਕਸ਼ਮੀਰ ਦੇ ਪੁੰਛ ਵਿੱਚ ਤਾਇਨਾਤ ਰਾਸ਼ਟਰੀ ਰਾਇਫਲ 49 ਦੇ ਜਵਾਨਾਂ ਉੱਤੇ ਅੱਤਵਾਦੀਆਂ ਨੇ ਨਾਪਾਕ ਮਨਸੂਬਿਆਂ ਨੂੰ ਅੰਜਾਮ ਦਿੰਦਿਆਂ ਹਮਲਾ ਕਰ ਦਿੱਤਾ। ਇਸ ਖਤਰਨਾਕ ਹਮਲੇ ਵਿੱਚ ਫੌਜੀਆਂ ਦੀ ਗੱਡੀ ਨੂੰ ਅੱਗ ਲੱਗ ਗਈ ਅਤੇ ਇਸ ਦੌਰਾਨ ਭਾਰਤੀ ਫੌਜ ਦੇ 5 ਜਵਾਨ ਸ਼ਹੀਦ ਹੋ ਗਏ ਅਤੇ ਸ਼ਹੀਦ ਹੋਣ ਵਾਲੇ 5 ਜਵਾਨਾਂ ਵਿੱਚੋਂ 4 ਪੰਜਾਬ ਨਾਲ ਸਬੰਧਿਤ ਸਨ। ਸ਼ਹਾਦਤ ਦੇਣ ਵਾਲੇ ਬਹਾਦਰ ਜਵਾਨਾਂ ਵਿੱਚ ਬਠਿੰਡਾ ਦੇ ਪਿੰਡ ਬਾਘਾ ਦਾ ਫੌਜੀ ਜਵਾਨ ਸੇਵਕ ਸਿੰਘ ਵੀ ਸੀ।
ਇਹ ਵੀ ਪੜੋ:Covid Updates: 24 ਘੰਟੇ ਅੰਦਰ ਦੇਸ਼ ਵਿੱਚ ਕੋਰੋਨਾ ਦੇ 12,193 ਨਵੇਂ ਮਾਮਲੇ ਦਰਜ, ਪੰਜਾਬ ਵਿੱਚ ਵੀ ਮਰੀਜ਼ਾਂ ਦੀ ਗਿਣਤੀ
ਸ਼ਹੀਦ ਦੀ ਮਾਤਾ ਦਾ ਛਲਕਿਆ ਦਰਦ: ਸ਼ਹੀਦ ਦੇ ਮਾਪੇ ਆਪਣੇ ਇੱਕਲੌਤੇ ਪੁੱਤਰ ਦੀ ਸ਼ਹਾਦਤ ਕਾਰਨ ਸੋਗ ਵਿੱਚ ਡੁੱਬੇ ਹੋਏ ਨੇ। ਇਸ ਮੌਕੇ ਸ਼ਹੀਦ ਦੇ ਅੰਤਿਮ ਸਸਕਾਰ ਤੋਂ ਪਹਿਲਾਂ ਉਸ ਦੀ ਮਾਤਾ ਨੇ ਕਿਹਾ ਕਿ ਦੁਸ਼ਮਣਾਂ ਨੇ ਸਾਡੇ ਪੰਜ ਜਵਾਨ ਸ਼ਹੀਦ ਕੀਤੇ ਹਨ ਤਾਂ ਜਵਾਬ ਵਿੱਚ ਭਾਰਤੀ ਫੌਜ ਦੁਸ਼ਮਣਾਂ ਦੇ 10 ਜਵਾਨਾਂ ਨੂੰ ਢੇਰ ਕਰੇ ਤਾਂ ਹੀ ਉਨ੍ਹਾਂ ਨੂੰ ਸ਼ਾਂਤੀ ਮਿਲੇਗੀ। ਇਸ ਦੌਰਾਨ ਭਾਰਤੀ ਫੌਜ ਦੇ ਉੱਚ ਅਧਿਕਾਰੀਆਂ ਨੇ ਸ਼ਹੀਦ ਦੇ ਮਾਪਿਆਂ ਨੂੰ ਸਨਮਾਨਿਤ ਵੀ ਕੀਤਾ।
Poonch Terrorist Attack: ਸ਼ਹੀਦ ਸੇਵਕ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਇਕਲੌਤਾ ਪੁੱਤਰ ਸੀ ਸ਼ਹੀਦ ਜਵਾਨ: ਸ਼ਹਾਦਤ ਦਾ ਜਾਮ ਪੀਣ ਵਾਲੇ ਸੇਵਕ ਸਿੰਘ ਦਾ ਅੰਤਿਮ ਸਸਕਾਰ ਜੱਦੀ ਪਿੰਡ ਵਿਖੇ ਸਰਕਾਰੀ ਸਨਮਾਨਾਂ ਨਾਲ ਕਰ ਦਿੱਤਾ ਗਿਆ। ਦੱਸ ਦਈਏ ਕਿ ਸ਼ਹੀਦ ਸੇਵਕ ਸਿੰਘ 5 ਸਾਲ ਪਹਿਲਾਂ 2018 ਵਿੱਚ ਭਾਰਤੀ ਫੌਜ ਦਾ ਭਰਤੀ ਹੋਕੇ ਹਿੱਸਾ ਬਣਿਆ ਸੀ। ਸ਼ਹਾਦਤ ਦਾ ਜਾਮ ਪੀਣ ਵਾਲਾ ਜਵਾਨ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਪਰਿਵਾਰ ਮੁਤਾਬਿਕ ਸ਼ਹੀਦ ਹੋਣ ਵਾਲਾ ਫ਼ੌਜੀ 20 ਦਿਨ ਪਹਿਲਾਂ ਹੀ ਛੁੱਟੀ ਕੱਟ ਕੇ ਵਾਪਸ ਮੁੜਿਆ ਸੀ। ਸ਼ਹੀਦ ਦੇ ਅੰਤਿਮ ਸਸਕਾਰ ਵਿੱਚ ਜਿੱਥੇ ਆਪ ਵਿਧਾਇਕਾ ਬਲਜਿੰਦਰ ਕੌਰ ਨੇ ਸ਼ਿਰਕਤ ਕੀਤੀ ਉੱਥੇ ਹੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਸ਼ਾਮਿਲ ਹੋਏ।
ਸਰਕਾਰ ਵੱਲੋਂ ਮਦਦ ਦਾ ਐਲਾਨ:ਦੱਸ ਦਈਏ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਨੇ ਇੱਕ-ਇੱਕ ਕਰੋੜ ਰੁਪਏ ਮੁਆਵਜ਼ਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਕੇਂਦਰ ਸਰਕਾਰ ਵੱਲੋਂ ਵੀ ਸ਼ਹੀਦ ਜਵਾਨਾਂ ਨੂੰ ਤੈਅ ਕੀਤਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ਹੈ। ਸਸਕਾਰ ਮੌਕੇ ਪਹੁੰਚੀ ਵਿਧਾਇਕਾ ਬਲਜਿੰਦਰ ਕੌਰ ਨੇ ਕਿਹਾ ਕਿ ਸ਼ਹਾਦਤ ਨੂੰ ਉਹ ਸਿਜਦਾ ਕਰਦੇ ਨੇ ਅਤੇ ਪਰਿਵਾਰ ਦੀ ਹਰ ਇੱਕ ਮਦਦ ਲਈ ਪੰਜਾਬ ਸਰਕਾਰ ਹਮੇਸ਼ਾ ਮੌਜੂਦ ਹੈ।
ਇਹ ਵੀ ਪੜੋ:ਵਿਆਹੁਤਾ ਨੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਕੀਤੀ ਖੁਦਕੁਸ਼ੀ, ਪਰਿਵਾਰ ਵੱਲੋਂ ਇਨਸਾਫ਼ ਦੀ ਗੁਹਾਰ