ਗਠਜੋੜ ਨੂੰ ਲੈਕੇ ਸੀਨੀਅਰ ਪੱਤਰਕਾਰ ਦੇ ਵਿਚਾਰ ਬਠਿੰਡਾ:ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਕਾਰ ਚੱਲ ਰਹੀਆਂ ਗੱਠਜੋੜ ਦੀਆਂ ਚਰਚਾਵਾਂ ਨੂੰ ਉਸ ਸਮੇਂ ਵਿਰਾਮ ਲੱਗ ਗਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਭਾਜਪਾ ਨਾਲ ਗਠਜੋੜ ਕਾਰਨ ਤੋਂ ਕੋਰੀ ਨਾਂਹ ਕਰ ਦਿੱਤੀ ਗਈ। ਇਸ ਤੋਂ ਪਹਿਲਾਂ ਸਿਆਸੀ ਖੇਮਿਆਂ ਵਿੱਚ ਇਹ ਚਰਚਾ ਚੱਲ ਰਹੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਜੋ ਕਿਸੇ ਸਮੇਂ ਨਹੂੰ ਮਾਸ ਦਾ ਰਿਸ਼ਤਾ ਕਹਾਉਂਦੇ ਸਨ ਇੱਕ ਵਾਰ ਫਿਰ ਤੋਂ ਗਠਜੋੜ ਕਰਕੇ ਲੋਕ ਸਭਾ ਚੋਣਾਂ ਲੜਨਗੇ। ਉਥੇ ਹੀ ਸੁਖਬੀਰ ਸਿੰਘ ਬਾਦਲ ਵੱਲੋਂ ਭਾਜਪਾ ਨਾਲ ਗਠਜੋੜ ਨਾ ਕਰਨ ਦੇ ਕੀਤੇ ਐਲਾਨ ਤੋਂ ਬਾਅਦ ਪੰਜਾਬ ਦੇ ਸਿਆਸੀ ਸਮੀਕਰਨ ਤੇਜ਼ੀ ਨਾਲ ਬਦਲਦੇ ਹੋਏ ਨਜ਼ਰ ਆ ਰਹੇ ਹਨ।
ਪਿਛਲੀਆਂ ਚੋਣਾਂ 'ਚ ਨਹੀਂ ਬਣਿਆ ਦੋਵਾਂ ਦਾ ਅਧਾਰ:ਸਿਆਸੀ ਹਲਕਿਆਂ ਵਿੱਚ ਇੱਕ ਵਾਰ ਫਿਰ ਚਰਚਾ ਛਿੜ ਗਈ ਹੈ ਕਿ ਆਪਣੀ ਹੋਂਦ ਨੂੰ ਬਚਾਉਣ ਲਈ ਸੰਘਰਸ਼ ਕਰ ਰਿਹਾ ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਨੂੰ ਮੁੜ ਰਾਜਨੀਤੀ ਵਿੱਚ ਕਿਸ ਤਰਾਂ ਸਥਾਪਤ ਕਰ ਸਕੇਗਾ। ਜੇਕਰ ਪਿਛਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵੱਲੋਂ ਇਕੱਲੇ-ਇਕੱਲੇ ਹੀ ਇਹ ਚੋਣਾਂ ਲੜੀਆਂ ਗਈਆਂ ਸਨ। ਅਲੱਗ-ਅਲੱਗ ਚੋਣਾਂ ਲੜਨ ਕਾਰਨ ਜਿੱਥੇ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਸਿਆਸੀ ਘਾਟਾ ਝੱਲਣਾ ਪਿਆ ਉੱਥੇ ਹੀ ਭਾਜਪਾ ਨੂੰ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਚੱਲਦਿਆਂ ਵੱਡਾ ਖਮਿਆਜ਼ਾ ਇਹਨਾਂ ਚੋਣਾਂ 'ਚ ਭੁਗਤਣਾ ਪਿਆ।
ਸੀਨੀਅਰ ਪੱਤਰਕਾਰ ਚੰਦਰ ਪ੍ਰਕਾਸ਼ ਦੋਵਾਂ ਪਾਰਟੀਆਂ ਲਈ ਗਠਜੋੜ ਸਮੇਂ ਦੀ ਲੋੜ: ਇਸ ਮੌਕੇ ਸੀਨੀਅਰ ਪੱਤਰਕਾਰ ਚੰਦਰ ਪ੍ਰਕਾਸ਼ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਗੱਠਜੋੜ ਨਾ ਕਰਨ ਦੇ ਐਲਾਨ 'ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਗਠਜੋੜ ਸਮੇਂ ਦੀ ਲੋੜ ਹੈ। ਜੇਕਰ ਦੋਵੇਂ ਹੀ ਸਿਆਸੀ ਪਾਰਟੀਆਂ ਗੱਠਜੋੜ ਨਹੀਂ ਕਰਦੀਆਂ ਤਾਂ ਇਸ ਦਾ ਵੱਡਾ ਸਿਆਸੀ ਨੁਕਸਾਨ ਦੋਵੇਂ ਹੀ ਪਾਰਟੀਆਂ ਨੂੰ ਝੱਲਣਾ ਪਵੇਗਾ। ਭਾਜਪਾ ਦਾ ਪਿੰਡਾਂ ਵਿੱਚ ਪਹਿਲਾ ਹੀ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਚੱਲਦਿਆਂ ਆਧਾਰ ਨਹੀਂ ਬਣ ਪਾ ਰਿਹਾ ਤਾਂ ਉੱਧਰ ਸ਼੍ਰੋਮਣੀ ਅਕਾਲੀ ਦਲ ਵੀ ਹਾਸ਼ੀਏ 'ਤੇ ਚਲਾ ਗਿਆ ਹੈ।
ਵਿਧਾਨ ਸਭਾ ਚੋਣਾਂ 'ਚ ਦੋਵਾਂ ਨੇ ਖਾਧਾ ਘਾਟਾ:ਸੀਨੀਅਰ ਪੱਤਰਕਾਰ ਦਾ ਕਹਿਣਾ ਕਿ ਭਾਵੇਂ ਭਾਜਪਾ ਇਕ ਕੌਮੀ ਰਾਜਨੀਤਿਕ ਪਾਰਟੀ ਹੈ ਪਰ ਕਿਤੇ ਨਾ ਕਿਤੇ ਇਨ੍ਹਾਂ ਨੂੰ ਖੇਤਰੀ ਪਾਰਟੀ ਨਾਲ ਸਮਝੌਤਾ ਕਰਕੇ ਹੀ ਸੱਤਾ ਮਿਲ ਸਕਦੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕੋਲ ਵੀ ਵਰਕਰਾਂ ਦਾ ਇੱਕ ਵੱਡਾ ਕੇਡਰ ਹੈ ਜਿਸਨੂੰ ਸਾਂਭਣਾ ਸਮੇਂ ਦੀ ਲੋੜ ਹੈ। ਭਾਜਪਾ ਭਾਵੇਂ ਆਪਣੇ ਦਮ 'ਤੇ ਚੋਣ ਲੜਨ ਦੀ ਗੱਲ ਆਖ ਰਹੀ ਹੈ ਪਰ ਪਿੰਡਾਂ ਵਿੱਚ ਭਾਜਪਾ ਦਾ ਕੋਈ ਬਹੁਤਾ ਆਧਾਰ ਨਜ਼ਰ ਨਹੀਂ ਆ ਰਿਹਾ। ਸਗੋਂ ਅਲੱਗ-ਅਲੱਗ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲੜ ਕੇ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਵੱਡਾ ਰਾਜਨੀਤਿਕ ਘਾਟਾ ਹੀ ਖਾਧਾ ਹੈ।
ਗਠਜੋੜ ਨਾ ਕਰਨ 'ਤੇ ਦੋਵੇਂ ਧਿਰਾਂ ਨੂੰ ਭੁਗਤਣਾ ਪਵੇਗਾ ਨੁਕਸਾਨ:ਹੁਣ ਜੇਕਰ ਸ਼੍ਰੋਮਣੀ ਅਕਾਲੀ ਦਲ ਭਾਜਪਾ ਨਾਲ ਗਠਜੋੜ ਨਾ ਕਰਨ ਦਾ ਬਿਆਨ ਦੇ ਕੇ ਲੋਕਾਂ ਦੀ ਰਾਏ ਜਾਣਨਾ ਚਾਹੁੰਦੇ ਹਨ ਤਾਂ ਇਹ ਬਹੁਤ ਮੰਦਭਾਗਾ ਹੈ ਕਿਉਂਕਿ ਲੋਕਾਂ ਵੱਲੋਂ ਦੋਵੇਂ ਹੀ ਰਾਜਨੀਤਿਕ ਪਾਰਟੀਆਂ ਦੀਆਂ ਸਿਆਸੀ ਹਸਤੀਆਂ ਕੋਲੋਂ ਸਮੇਂ-ਸਮੇਂ ਸਿਰ ਇਹੀ ਸਵਾਲ ਕੀਤਾ ਜਾਣਾ ਹੈ ਕਿ ਤੁਸੀਂ ਇੱਕ ਸਮੇਂ ਗਠਜੋੜ ਨਾ ਕਰਨ ਦਾ ਐਲਾਨ ਕੀਤਾ ਸੀ ਤਾਂ ਫਿਰ ਤੁਸੀਂ ਹੁਣ ਭਾਜਪਾ ਨਾਲ ਗਠਜੋੜ ਕਿਉਂ ਕਰ ਰਹੇ ਹੋ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਭਾਜਪਾ ਨੂੰ ਗਠਜੋੜ ਨਾ ਕਰਨ ਦਾ ਨਤੀਜਾ ਭੁਗਤਣਾ ਪਵੇਗਾ ਅਤੇ ਇਸ ਦਾ ਅਸਰ ਸਿਆਸੀ ਜ਼ਮੀਨ 'ਤੇ ਵੀ ਵੇਖਣ ਨੂੰ ਮਿਲੇਗਾ।
ਭਾਜਪਾ ਨੂੰ ਗਠਜੋੜ ਦੀ ਨਹੀਂ ਕੋਈ ਲੋੜ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਗੱਠਜੋੜ ਨਾ ਕਰਨ ਦੇ ਦਿੱਤੇ ਬਿਆਨ 'ਤੇ ਟਿੱਪਣੀ ਕਰਦੇ ਹੋਏ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਭਾਜਪਾ ਵੱਲੋਂ ਕੀਤੇ ਗਏ ਕੰਮਾਂ ਦੇ ਅਧਾਰ 'ਤੇ ਹੀ 2024 ਦੀਆਂ ਲੋਕ ਸਭਾ ਚੋਣਾਂ ਇਕੱਲਿਆਂ ਹੀ ਲੜੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਦੇ ਅਧਾਰ 'ਤੇ ਉਹ ਆਮ ਲੋਕਾਂ ਵਿੱਚ ਵੋਟਾਂ ਮੰਗਣ ਜਾਣਗੇ। ਫਿਲਹਾਲ ਉਨ੍ਹਾਂ ਨੂੰ ਕਿਸੇ ਵੀ ਸਿਆਸੀ ਪਾਰਟੀ ਨਾਲ ਗਠਜੋੜ ਕਰਨ ਦੀ ਲੋੜ ਨਹੀਂ ਤੇ ਭਾਜਪਾ ਆਪਣੇ ਦਮ 'ਤੇ 2024 ਦੀਆਂ ਲੋਕ ਸਭਾ ਚੋਣਾਂ ਲੜੇਗੀ।
ਹਿੰਦੂ ਸਿੱਖ ਏਕਤਾ ਸਲੋਗਨ ਅਧੀਨ ਲੜੀਆਂ ਚੋਣਾਂ:ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਕਾਰ 1997 'ਚ ਗਠਜੋੜ ਹਿੰਦੂ ਸਿੱਖ ਏਕਤਾ ਸਲੋਗਨ ਅਧੀਨ ਪੰਜਾਬ ਦੇ ਕਪੂਰਥਲਾ 'ਚ ਵੱਡੀ ਰੈਲੀ ਕਰਕੇ ਅਟਲ ਬਿਹਾਰੀ ਵਾਜਪਾਈ ਅਤੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕੀਤਾ ਗਿਆ ਸੀ। ਹਿੰਦੂ ਸਿੱਖ ਏਕਤਾ ਸਲੋਗਨ ਅਧੀਨ 1997 ਵਿੱਚ ਹੋਏ ਗਠਜੋੜ ਨੂੰ ਪੰਜਾਬ ਦੇ ਲੋਕਾਂ ਵੱਲੋਂ ਵੱਡਾ ਬਹੁਮਤ ਵਿਧਾਨ ਸਭਾ ਚੋਣਾਂ ਦੌਰਾਨ ਕੀਤਾ ਗਿਆ ਸੀ। ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ 75 ਅਤੇ ਭਾਜਪਾ ਨੂੰ 18 ਸੀਟਾਂ ਮਿਲੀਆਂ ਸਨ। 2002 ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ 41 ਅਤੇ ਭਾਜਪਾ ਨੂੰ 3 ਸੀਟਾਂ ਤੇ ਸਫਲਤਾ ਮਿਲੀ। 2007 ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਗਠਜੋੜ ਨੂੰ ਵੱਡੀ ਸਫਲਤਾ ਮਿਲੀ ਅਤੇ ਇਨ੍ਹਾਂ ਵੱਲੋਂ ਪੰਜਾਬ ਵਿਚ ਸਰਕਾਰ ਬਣਾਈ ਗਈ। ਇਨ੍ਹਾਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ 49 ਅਤੇ ਭਾਜਪਾ ਨੂੰ 19 ਸੀਟਾਂ ਮਿਲੀਆਂ। ਉਥੇ ਹੀ 2012 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੂੰ 56 ਤਾਂ ਭਾਰਤੀ ਜਨਤਾ ਪਾਰਟੀ ਨੂੰ 12 ਸੀਟਾਂ 'ਤੇ ਬਹੁਮਤ ਮਿਲਿਆ ਅਤੇ ਪੰਜਾਬ ਵਿੱਚ ਮੁੜ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਦੀ ਸਰਕਾਰ ਬਣੀ। ਫਿਰ 2017 ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਨੂੰ 18 ਸੀਟਾਂ 'ਤੇ ਹੀ ਸਬਰ ਕਰਨਾ ਪਿਆ। ਭਾਵੇਂ ਕੇਂਦਰ ਭਾਜਪਾ ਦੀ ਸਰਕਾਰ ਸੀ ਪਰ ਪੰਜਾਬ ਵਿੱਚ ਲਗਾਤਾਰ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਗ੍ਰਾਫ਼ ਡਿੱਗਦਾ ਜਾ ਰਿਹਾ ਸੀ।
ਖੇਤੀ ਕਾਨੂੰਨਾਂ ਕਾਰਨ ਵੱਖ ਹੋਇਆ ਨਹੂੰ ਮਾਸ ਦਾ ਰਿਸ਼ਤਾ:ਹਿੰਦੂ ਸਿੱਖ ਏਕਤਾ ਸਲੋਗਨ ਅਧੀਨ ਬਣਿਆ ਇਹ ਗਠਜੋੜ ਨੇ ਹੀਂ ਪੰਜਾਬ ਵਿੱਚ ਪੰਜ ਵਾਰ ਵਿਧਾਨ ਸਭਾ ਅਤੇ ਪੰਜ ਵਾਰ ਲੋਕ ਸਭਾ ਚੋਣਾਂ ਲੜੀਆਂ ਅਤੇ ਅਖੀਰ 26 ਸਤੰਬਰ 2020 ਨੂੰ ਹਿੰਦੂ-ਸਿੱਖ ਏਕਤਾ ਧਰਮ ਬਣਿਆ ਗਠਜੋੜ ਖੇਤੀ ਕਾਨੂੰਨਾਂ ਦੇ ਮੁੱਦੇ ਨੂੰ ਲੈ ਕੇ ਟੁੱਟ ਗਿਆ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਭਾਜਪਾ ਨਾਲ ਗਠਜੋੜ ਖ਼ਤਮ ਕਰ ਦਿਆਂ ਪੰਜਾਬ ਵਿਚ ਬਹੁਜਨ ਸਮਾਜ ਪਾਰਟੀ ਨਾਲ ਨਵਾਂ ਗਠਜੋੜ ਕਰ ਲਿਆ।