ਬਠਿੰਡਾ: ਕੈਪਟਨ ਸਰਕਾਰ ਇਕ ਵਾਰ ਮੁੜ ਆਪਣੇ ਕੀਤੇ ਗਏ ਵਾਅਦੇ ਤੋਂ ਮੁੱਕਰੀ ਹੈ ਹਾਲਾਂਕਿ ਇਹ ਕੋਈ ਨਵੀਂ ਗੱਲ ਨਹੀਂ ਹੈ ਕਿਉਂਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨੌਜਵਾਨਾਂ ਨੂੰ ਸਮਾਰਟ ਫ਼ੋਨ ਵੰਡਣ ਦਾ ਵਾਅਦਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ਸਮਾਰਟ ਫੋਨ ਦੇਣ ਲਈ ਸ਼ਰਤਾਂ ਵੀ ਲਾਗੂ ਕੀਤੀਆਂ ਗਈਆਂ ਫਿਰ ਉਸ ਤੋਂ ਬਾਅਦ ਦਸੰਬਰ 2019 ਵਿੱਚ ਸਮਾਰਟਫੋਨ ਦੇਣ ਦਾ ਵਾਅਦਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ਹੁਣ ਗਣਤੰਤਰ ਦਿਵਸ ਦੇ ਮੌਕੇ 'ਤੇ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਸਮਾਰਟਫੋਨ ਦੇਣ ਦਾ ਵਾਅਦਾ ਕੀਤਾ ਗਿਆ।
26 ਜਨਵਰੀ ਗਣਤੰਤਰ ਦਿਵਸ ਮੌਕੇ ਵਿਦਿਆਰਥਣਾਂ ਸਮਾਰਟਫੋਨ ਦੀ ਉਡੀਕ ਵਿੱਚ ਨਜ਼ਰ ਆਈਆਂ ਪਰ ਸਮਾਰਟਫੋਨ ਨਾ ਮਿਲਣ ਦੇ ਕਾਰਨ ਨਿਰਾਸ਼ ਹੋ ਕੇ ਵਾਪਸ ਘਰ ਪਰਤ ਆਈਆ, ਜਿਸ ਨੂੰ ਲੈ ਕੇ ਵਿਦਿਆਰਥਣਾਂ ਦੇ ਵਿੱਚ ਕੈਪਟਨ ਸਰਕਾਰ ਦੇ ਪ੍ਰਤੀ ਕਾਫੀ ਨਾਰਾਜ਼ਗੀ ਨਜ਼ਰ ਆਈ ਤੇ ਉਨ੍ਹਾਂ ਨੇ ਕਿਹਾ ਹੈ ਕਿ ਪਹਿਲਾਂ ਤਾਂ ਉਮੀਦ ਸੀ ਕਿ ਸ਼ਾਇਦ ਮਿਲ ਜਾਣਗੇ ਪਰ ਹੁਣ ਕੋਈ ਉਮੀਦ ਵੀ ਨਹੀਂ ਹੈ।
ਮੁੱਖ ਮੰਤਰੀ ਬਣਨ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਨੌਜਵਾਨਾਂ ਨੂੰ ਜਦੋਂ ਮੋਬਾਈਲ ਦੇਣ ਦਾ ਵਾਅਦਾ ਕੀਤਾ ਗਿਆ ਸੀ ਤਾਂ ਨੌਜਵਾਨਾਂ ਨੂੰ ਉਮੀਦਾਂ ਸੀ ਕਿ ਸ਼ਾਇਦ ਚੋਣ ਮੈਨੀਫੈਸਟੋ ਮੁਤਾਬਕ ਕੀਤੇ ਗਏ ਵਾਅਦੇ ਦੇ ਸਮਾਰਟਫੋਨ ਮਿਲਣਗੇ ਪਰ ਬਾਰ੍ਹਵੀਂ ਜਮਾਤ ਦੀ ਸਰਕਾਰੀ ਸਕੂਲ ਵਿੱਚ ਪੜ੍ਹ ਰਹੀ ਨਿਸ਼ਾ ਦਾ ਕਹਿਣਾ ਹੈ ਕਿ ਇਸ 26 ਜਨਵਰੀ ਗਣਤੰਤਰ ਦਿਵਸ ਮੌਕੇ ਵੀ ਮੋਬਾਈਲ ਨਾ ਮਿਲਣ 'ਤੇ ਹੁਣ ਨੌਜਵਾਨਾਂ ਦੀ ਕਾਂਗਰਸ ਸਰਕਾਰ ਤੋਂ ਉਮੀਦ ਵੀ ਟੁੱਟ ਚੁੱਕੀ ਹੈ ਹੁਣ ਆਉਣ ਵਾਲੇ ਅੱਗੇ ਸਮੇਂ ਵਿੱਚ ਵੀ ਕੋਈ ਉਮੀਦ ਨਹੀਂ ਹੈ।
ਇਹ ਵੀ ਪੜੋ: ਦੇਸ਼ ਨੂੰ ਮੰਦੀ ਦੀ ਮਾਰ ਤੋਂ ਬਾਹਰ ਕੱਢ ਸਕਦੈ ਪੁਰਾਣਾ ਐੱਫ.ਆਰ.ਬੀ.ਐੱਮ ਐਕਟ
ਇਸ ਮੌਕੇ ਲੋਕ ਜਨ ਸ਼ਕਤੀ ਪਾਰਟੀ ਦੇ ਪੰਜਾਬ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ ਨੇ ਵੀ ਕਾਂਗਰਸ ਪਾਰਟੀ ਦੇ ਉੱਤੇ ਨਿਸ਼ਾਨਾ ਸਾਧਦਿਆਂ ਹੋਇਆ ਕਿਹਾ ਕਿ ਕਾਂਗਰਸ ਸਰਕਾਰ ਆਪਣੇ ਚੋਣ ਮੈਨੀਫੈਸਟੋ ਮੁਤਾਬਕ ਕੀਤੇ ਹੋਏ ਕਿਸੇ ਵੀ ਵਾਅਦੇ 'ਤੇ ਖਰਾ ਨਹੀਂ ਉੱਤਰੀ ਹੈ ਅਤੇ ਸਮਾਰਟਫੋਨ ਦੇਣ ਦੀ ਥਾਂ ਉੱਤੇ ਕਾਂਗਰਸ ਸਰਕਾਰ ਪੜ੍ਹਾਈ ਅਤੇ ਕਿਤਾਬਾਂ ਸਸਤੀਆਂ ਕਰੇ। ਤਾਂ ਜੋ ਨੌਜਵਾਨ ਚੰਗੀ ਸਿੱਖਿਆ ਹਾਸਲ ਕਰ ਸਕਣ। ਸਮਾਰਟਫੋਨ ਦੇਣਾ ਤਾਂ ਨੌਜਵਾਨਾਂ ਨੂੰ ਟਾਫ਼ੀਆਂ ਦੇ ਕੇ ਬਹਿਕਾਉਣ ਦੀ ਗੱਲ ਹੈ।