ਬਠਿੰਡਾ:ਬਠਿੰਡਾ ਦੇ ਹਲਕਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਿਤ ਰਤਨ ਦੇ ਸਹਿਯੋਗੀ ਪਰ ਪੀਏ ਦੱਸੇ ਜਾ ਰਹੇ ਰਸ਼ੀਮ ਗਰਗ ਨੂੰ ਵਿਜੀਲੈਂਸ ਵੱਲੋਂ ਚਾਰ ਲੱਖ ਰੁਪਏ ਦੀ ਰਿਸ਼ਵਤ ਲੈਂਦਿਆ ਰੰਗੇ ਹੱਥੀ ਗ੍ਰਿਫਤਾਰ ਕੀਤਾ ਸੀ ਅਤੇ ਹੁਣ ਇਹ ਮਾਮਲਾ ਵਿਧਾਇਕ ਦੁਆਲੇ ਘੁੰਮ ਰਿਹਾ ਹੈ। ਵਿਧਾਇਕ ਰਤਨ ਇਸ ਮਾਮਲੇ ਵਿੱਚ ਕਸੂਤੇ ਫਸਦੇ ਨਜ਼ਰ ਆ ਰਹੇ ਹਨ। ਰਿਸ਼ਵਤ ਲਏ ਜਾਣ ਤੋਂ ਬਾਅਦ ਸ਼ਿਕਾਇਤਕਰਤਾ ਪਿੰਡ ਘੁੱਦਾ ਦੀ ਮਹਿਲਾ ਸਰਪੰਚ ਸੀਮਾ ਦੇ ਪਤੀ ਪ੍ਰਿਤਪਾਲ ਸਿੰਘ ਨੇ ਅੱਜ ਸਰਪੰਚ ਯੂਨੀਅਨ ਨਾਲ ਬੈਠਕ ਕੀਤੀ ਅਤੇ ਵਿਧਾਇਕ ਖਿਲਾਫ ਕਾਰਵਾਈ ਕਰਵਾਉਣ ਲਈ ਅਗਲੀ ਰਣਨੀਤੀ ਤੈਅ ਕੀਤੀ ਹੈ।
ਵਿਧਾਇਕ ਖਿਲਾਫ ਸੂਬਾ ਪੱਧਰੀ ਸੰਘਰਸ਼ ਵਿੰਢਣ ਦੀ ਚੇਤਾਵਨੀ :ਮੀਟਿੰਗ ਤੋਂ ਬਾਅਦ ਸਰਪੰਚ ਯੂਨੀਅਨ ਬਠਿੰਡਾ ਜਿਲ੍ਹਾ ਦੇ ਪ੍ਰਧਾਨ ਹਰਦੀਪ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਪਿਛਲੇ ਦਿਨੀਂ ਹਲਕਾ ਦਿਹਾਤੀ ਦੇ ਵਿਧਾਇਕ ਅਮਿਤ ਰਤਨ ਦੇ ਪੀਏ ਨੂੰ ਰਿਸ਼ਵਤ ਲੈਂਦਾ ਫੜਿਆ ਗਿਆ ਹੈ ਪਰ ਵਿਧਾਇਕ ਖਿਲਾਫ ਕਿਸੇ ਤਰਾਂ ਦੀ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਆਉਂਦੇ ਦਿਨਾਂ ਵਿੱਚ ਵਿਧਾਇਕ ਖ਼ਿਲਾਫ਼ ਬਣਦੀ ਕਾਰਵਾਈ ਨਾ ਕੀਤੀ ਤਾਂ ਉਨ੍ਹਾਂ ਵੱਲੋਂ ਇਹ ਸੰਘਰਸ਼ ਸਰਕਾਰ ਖਿਲਾਫ ਵਿੰਢਿਆ ਜਾਵੇਗਾ ਅਤੇ ਸੂਬੇ ਭਰ ਦੇ ਸਰਪੰਚਾਂ ਨੂੰ ਇਕੱਠਾ ਕਰਕੇ ਸਰਕਾਰ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਸਖਤ ਕਾਰਵਾਈ ਦੀ ਮੰਗ ਕੀਤੀ ਜਾਵੇਗੀ। ਕਿਉਂਕਿ ਭਗਵੰਤ ਮਾਨ ਦੀ ਸਰਕਾਰ ਵੱਲੋਂ ਦਾਅਵਾ ਕੀਤਾ ਜਾ ਰਿਹਾ ਸੀ ਕਿ ਉਹ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖਤਮ ਕਰਨਗੇ ਪਰ ਉਨ੍ਹਾਂ ਦੇ ਮੰਤਰੀ ਆਪ ਭ੍ਰਿਸ਼ਟਾਚਾਰ ਵਿੱਚ ਲਿਬੜੇ ਹੋਏ ਹਨ।