ਬਠਿੰਡਾ: ਇਕ ਅਪਰੈਲ ਤੋਂ 3 ਅਪ੍ਰੈਲ ਤੱਕ ਗੁਜਰਾਤ ਵਿਖੇ ਆਮ ਆਦਮੀ ਪਾਰਟੀ ਦਾ ਚੋਣ ਪ੍ਰਚਾਰ ਕਰਨ ਗਏ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਇਹ ਦੌਰਾ ਪੰਜਾਬ ਸਰਕਾਰ ਕਰੀਬ 45 ਲੱਖ ਵਿੱਚ ਪਿਆ। RTI ਐਕਟੀਵਿਸਟ ਹਰਮਿਲਾਪ ਗਰੇਵਾਲ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇੱਕ ਅਪ੍ਰੈਲ ਤੋਂ 3 ਅਪਰੈਲ ਤੱਕ ਗੁਜਰਾਤ ਵਿੱਚ ਆਮ ਆਦਮੀ ਪਾਰਟੀ ਦਾ ਚੋਣ ਪ੍ਰਚਾਰ ਕੀਤਾ ਗਿਆ ਸੀ ਅਤੇ 6 ਅਪਰੈਲ ਨੂੰ ਭਗਵੰਤ ਮਾਨ ਵੱਲੋਂ ਹਿਮਾਚਲ ਪ੍ਰਦੇਸ਼ ਵਿੱਚ ਜਾ ਕੇ ਚੋਣ ਪ੍ਰਚਾਰ ਕੀਤਾ ਗਿਆ ਸੀ।
ਭਗਵੰਤ ਸਿੰਘ ਮਾਨ ਵੱਲੋਂ ਪ੍ਰਾਈਵੇਟ ਜੈੱਟ ਰਾਹੀਂ ਕੀਤਾ ਗਿਆ ਸਫ਼ਰ: ਇਸ ਸਬੰਧੀ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਤੋਂ RTI ਰਾਹੀਂ ਜਾਣਕਾਰੀ ਮੰਗੀ ਗਈ ਸੀ ਕਿ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੇ ਇਨ੍ਹਾਂ ਦੌਰਿਆਂ ਦੌਰਾਨ ਪੰਜਾਬ ਸਰਕਾਰ ਨੇ ਕਿੰਨਾ ਭੁਗਤਾਨ ਕੀਤਾ ਹੈ ਤਾਂ ਉਨ੍ਹਾਂ ਨੂੰ ਏਵੀਏਸ਼ਨ ਸੈਕਟਰੀ ਵੱਲੋਂ RTI ਤਹਿਤ ਸੂਚਨਾ ਉਪਲਬਧ ਕਰਵਾਈ ਗਈ। ਗੁਜਰਾਤ ਦੌਰੇ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪ੍ਰਾਈਵੇਟ ਜੈੱਟ ਰਾਹੀਂ ਸਫ਼ਰ ਕੀਤਾ ਗਿਆ ਸੀ ਅਤੇ 44 ਲੱਖ 85 ਹਜ਼ਾਰ 967 ਰੁਪਏ ਦੀ ਅਦਾਇਗੀ ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਜੈੱਟ ਕੰਪਨੀ ਨੂੰ ਕੀਤੀ ਗਈ ਹੈ।
ਜਦੋਂ ਕਿ ਬਾਕੀ ਖਰਚੇ ਸੁਰੱਖਿਆ ਰਹਿਣ-ਸਹਿਣ ਅਤੇ ਹੋਰ ਸੰਬੰਧੀ ਜਾਣਕਾਰੀ RTI ਤਹਿਤ ਹਾਲੇ ਆਉਣੀ ਬਾਕੀ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਕਾਰਗੁਜ਼ਾਰੀ ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਇਹ ਕਿਸ ਤਰ੍ਹਾਂ ਦਾ ਬਦਲਾਅ ਹੈ। ਹੁਣ ਤੱਕ ਭਗਵੰਤ ਸਿੰਘ ਮਾਨ ਰਵਾਇਤੀ ਪਾਰਟੀਆਂ ਵੱਲੋਂ ਹੈਲੀਕਾਪਟਰ ਦੀ ਵਰਤੋਂ ਸਬੰਧੀ ਤੰਜ ਕੱਸਦੇ ਰਹੇ ਹਨ ਪਰ ਉਹ ਖੁਦ ਹੁਣ ਆਮ ਆਦਮੀ ਪਾਰਟੀ ਦੇ ਪ੍ਰਚਾਰ ਲਈ ਜਦੋਂ ਵੀ ਬਾਹਰ ਜਾਂਦੇ ਹਨ ਤੱਕ ਲੱਖਾਂ ਰੁਪਏ ਖਰਚ ਕਰਦੇ ਹਨ ਜਦੋਕਿ ਇਹ ਦੌਰੇ ਵੀ ਪੰਜਾਬ ਨਾਲ ਸੰਬੰਧਤ ਜਾਂ ਪੰਜਾਬ ਦੇ ਕੰਮਾਂ ਸਬੰਧੀ ਨਹੀਂ ਸਨ।
ਆਮ ਆਦਮੀ ਪਾਰਟੀ ਆਰਐੱਸਐੱਸ ਦੀ ਬੀ ਟੀਮ:ਕਿਸੇ ਸਮੇਂ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਖੜ੍ਹਾ ਕਰਨ ਵਾਲਿਆਂ ਵਿਚ ਅਹਿਮ ਰੋਲ ਅਦਾ ਕਰਨ ਵਾਲੇ RTI ਐਕਟੀਵਿਸਟ ਹਰਮਿਲਾਪ ਸਿੰਘ ਗਰੇਵਾਲ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦਾ ਹਿੱਸਾ ਉਸ ਸਮੇਂ ਸਨ ਜਦੋਂ ਅੰਨਾ ਮੂਵਮੈਂਟ ਤੋਂ ਬਾਅਦ ਭ੍ਰਿਸ਼ਟਾਚਾਰ ਅਤੇ ਲੋਕਪਾਲ ਨੂੰ ਲਾਗੂ ਕਰਵਾਉਣ ਲਈ ਆਮ ਆਦਮੀ ਪਾਰਟੀ ਦਾ ਜਨਮ ਹੋਇਆ ਸੀ ਅਤੇ ਉਨ੍ਹਾਂ ਵੱਲੋਂ ਪੰਜਾਬ ਵਿੱਚ ਵੱਡੀ ਪੱਧਰ ਉੱਪਰ ਆਮ ਆਦਮੀ ਪਾਰਟੀ ਲਈ ਪ੍ਰਚਾਰ ਕੀਤਾ ਗਿਆ। ਕੁਝ ਲੋਕਾਂ ਨੂੰ ਜਲਦ ਹੀ ਸਮਝ ਆ ਗਈ ਕਿ ਆਮ ਆਦਮੀ ਪਾਰਟੀ ਆਰਐੱਸਐੱਸ ਦੀ ਬੀ ਟੀਮ ਹੈ ਪਰ ਸਾਨੂੰ ਥੋੜ੍ਹਾ ਲੇਟ ਸਮਝਾਈ ਇਸ ਕਰਕੇ ਅੱਜ ਅਸੀਂ ਬੇਵਕੂਫ਼ ਬਣ ਰਹੇ ਹਾਂ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਭਾਜਪਾ ਦੇ ਕਾਂਗਰਸ ਮੁਕਤ ਭਾਰਤ ਦੇ ਸੁਪਨੇ ਨੂੰ ਪੂਰਾ ਕੀਤਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਵੱਲੋਂ ਉੱਥੇ ਹੀ ਚੋਣ ਲੜੀ ਜਾਂਦੀ ਹੈ, ਜਿੱਥੇ ਭਾਜਪਾ ਕਮਜ਼ੋਰ ਹੁੰਦੀ ਹੈ।