ਬਠਿੰਡਾ : ਗਣਤੰਤਰ ਦਿਵਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਵੇਰੇ 9.55 ਵਜੇਬਠਿੰਡਾ ਵਿੱਚ ਤਿਰੰਗਾ ਫਹਿਰਾਉਣਗੇ। ਭਗਵੰਤ ਮਾਨ ਵੱਲੋਂ ਤਿਰੰਗਾ ਝੰਡਾ ਫਹਿਰਾਏ ਜਾਣ ਤੋਂ ਪਹਿਲਾਂ ਬਠਿੰਡਾ ਜੇਲ੍ਹ ਸੁਪਰਡੈਂਟ ਵੱਲੋਂ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਪੁਲਿਸ ਨੂੰ ਪੱਤਰ ਲਿਖਿਆ ਹੈ। 26 ਜਨਵਰੀ ਗਣਤੰਤਰ ਦਿਵਸ ਮੌਕੇ ਬਠਿੰਡਾ ਕੇਂਦਰੀ ਜੇਲ ਦੇ ਸੁਪਰਡੈਂਟ ਪੱਤਰ ਲਿੱਖ ਸਖ਼ਤ ਸੁਰੱਖਿਆ ਪ੍ਰਬੰਧ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਦੇਸ਼ ਵਿਰੋਧੀ ਤਾਕਤਾਂ ਵੱਲੋਂ ਢਾਹ ਲਾਉਣ ਦਾ ਖਦਸ਼ਾ ਪ੍ਰਗਟ ਕਰਦਿਆ ਉਨ੍ਹਾਂ ਲਿਖਿਆ ਕਿ ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ 53 ਦੇ ਕਰੀਬ ਖਤਰਨਾਕ ਗੈਂਗਸਟਰ ਬੰਦ ਹਨ ਜਿਸ ਕਾਰਨ ਬਠਿੰਡਾ ਜੇਲ੍ਹ ਅਤਿ ਸੰਵੇਦਨਸ਼ੀਲ ਹੈ।
ਬਠਿੰਡਾ ਜੇਲ੍ਹ 'ਚ ਲੱਗੇ ਹੋਏ ਜੈਮਰ: ਬਠਿੰਡਾ ਜੇਲ ਦੀ ਭਾਰੀ ਸੁਰੱਖਿਆ ਸਖ਼ਤ ਕਰਨ ਦੇ ਨਾਲ-ਨਾਲ ਜੀਓ ਰੈਂਕ ਦੇ ਅਧਿਕਾਰੀ ਦੀ ਤਾਇਨਾਤੀ ਕਰਨ ਲਈ ਪੁਲਿਸ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਗਈ। ਜ਼ਿਕਰਯੋਗ ਹੈ ਕਿ ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਖਤਰਨਾਕ ਗੈਂਗਸਟਰ ਬੰਦ ਹੋਣ ਕਾਰਨ ਇਸ ਦੀ ਸੁਰੱਖਿਆ ਪਹਿਲਾਂ ਹੀ ਕੇਂਦਰੀ ਸੁਰੱਖਿਆ ਬਲਾਂ ਦੇ ਹੱਥ ਵਿੱਚ ਹੈ। ਜੇਲ੍ਹ ਵਿਚ ਪਹਿਲਾਂ ਹੀ ਜੈਮਰ ਲੱਗੇ ਹੋਏ ਹਨ।
ਮੁੱਖ ਮੰਤਰੀ ਮਾਨ ਦੀ ਸਿਕਿਓਰਟੀ: ਬਠਿੰਡਾ ਦੇ ਖੇਡ ਸਟੇਡੀਅਮ ਵਿਖੇ ਅੱਜ ਮੁੱਖ ਮੰਤਰੀ ਪੰਜਾਬ ਦੀ ਸਿਕਿਓਰਟੀ ਵੱਲੋਂ ਝੰਡਾ ਲਹਿਰਾਉਣ ਵਾਲੀ ਜਗ੍ਹਾ ਉੱਤੇ ਚੱਪੇ-ਚੱਪੇ ਦੀ ਜਿਥੇ ਛਾਣਬੀਣ ਕੀਤੀ ਗਈ। ਉਥੇ ਹੀ ਡਿਟੈਕਟਿਵ ਅਤੇ ਡਾਗ ਸਕੁਐਡ ਵੱਲੋਂ ਵੀ ਚੱਪੇ ਚੱਪੇ ਦੀ ਛਾਣਬੀਣ ਕੀਤੀ ਗਈ। ਜਾਣਕਾਰੀ ਦਿੰਦੇ ਹੋਏ ਡੀਐਸਪੀ ਹੈਡਕੁਆਟਰ ਗਰਦੀਪ ਸਿੰਘ ਨੇ ਦੱਸਿਆ ਸੀ ਕਿ 26 ਜਨਵਰੀ ਦੇ ਸ਼ੁਭ ਦਿਹਾੜੇ ਨੂੰ ਵੇਖਦੇ ਹੋਏ ਪੁਲਿਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਚੌਦਾਂ ਸੌ ਦੇ ਕਰੀਬ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।