ਪੰਜਾਬ

punjab

ETV Bharat / state

ਬਾਦਲਾਂ ਦੇ ਗੜ੍ਹ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਨਵਜੋਤ ਸਿੰਘ ਸਿੱਧੂ ਨੇ ਇੱਕੋ ਦਿਨ ਰੱਖੀਆਂ ਰੈਲੀਆਂ ਨੇ ਛੇੜੀ ਚਰਚਾ - Sukhbir Badal

ਬਾਦਲਾਂ ਦੇ ਗੜ੍ਹ ਬਠਿੰਡਾ 'ਚ ਆਮ ਆਦਮੀ ਪਾਰਟੀ ਵਲੋਂ ਜਿਥੇ ਵਿਕਾਸ ਕ੍ਰਾਂਤੀ ਰੈਲੀ ਕੀਤੀ ਜਾ ਰਹੀ ਹੈ ਤਾਂ ਉਥੇ ਹੀ ਨਵਜੋਤ ਸਿੰਘ ਸਿੱਧੂ ਵਲੋਂ ਵੀ ਆਪਣਾ ਜੋਹਰ ਦਿਖਾਇਆ ਜਾਵੇਗਾ। ਇਸ ਲਈ ਦੇਖਣਾ ਹੋਵੇਗਾ ਕਿ ਦੋਵਾਂ ਰੈਲੀਆਂ ਵਿਚੋਂ ਕੌਣ ਆਪਣਾ ਦਮ ਦਿਖਾਉਣ 'ਚ ਕਾਮਯਾਬ ਹੋਵੇਗਾ।

ਬਾਦਲਾਂ ਦੇ ਗੜ੍ਹ 'ਚ ਰੈਲੀਆਂ
ਬਾਦਲਾਂ ਦੇ ਗੜ੍ਹ 'ਚ ਰੈਲੀਆਂ

By ETV Bharat Punjabi Team

Published : Dec 17, 2023, 12:40 PM IST

ਮੀਡੀਆ ਨੂੰ ਸੰਬਧੋਨ ਕਰਦੇ ਨਵਜੋਤ ਸਿੱਧੂ ਤੇ ਰਾਜਨ ਗਰਗ

ਬਠਿੰਡਾ: ਜਿਉਂ ਜਿਉਂ 2024 ਲੋਕ ਸਭਾ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ, ਤਿਉਂ ਤਿਉਂ ਪੰਜਾਬ ਦੀ ਰਾਜਨੀਤੀ ਵਿੱਚ ਗਰਮਾਹਟ ਵੱਧਦੀ ਜਾ ਰਹੀ ਹੈ। ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ 2024 ਦੀਆਂ ਲੋਕ ਸਭਾ ਚੋਣਾਂ ਲਈ ਜਿੱਥੇ ਆਪਣਾ ਪਲੇਟਫਾਰਮ ਤਿਆਰ ਕਰਨ ਲਈ ਲੋਕ ਸੰਪਰਕ ਮੁਹਿੰਮ ਚਲਾਈਆਂ ਜਾ ਰਹੀਆਂ ਹਨ, ਉੱਥੇ ਹੀ ਉਹਨਾਂ ਵੱਲੋਂ ਇੱਕ ਦੂਸਰੇ ਉੱਪਰ ਰਾਜਨੀਤਿਕ ਹਮਲੇ ਵੀ ਕੀਤੇ ਜਾ ਰਹੇ ਹਨ।

ਬਠਿੰਡਾ ਤੋਂ ਪੰਜਾਬ ਦੀ ਰਾਜਨੀਤੀ:ਪੰਜਾਬ ਦੀ ਰਾਜਨੀਤੀ ਵਿੱਚ ਇਹ ਮਸ਼ਹੂਰ ਹੈ ਕਿ ਚੰਡੀਗੜ੍ਹ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਬਠਿੰਡਾ ਤੋਂ ਚੱਲਦੀ ਹੈ ਅਤੇ ਬਾਦਲਾਂ ਵੱਲੋਂ ਬਠਿੰਡਾ ਨੂੰ ਆਪਣਾ ਪਰਿਵਾਰਿਕ ਹਲਕਾ ਦੱਸਿਆ ਜਾਂਦਾ ਹੈ। ਇਸ ਦੇ ਨਾਲ ਹੀ ਬਠਿੰਡਾ ਲੋਕ ਸਭਾ ਹਲਕਾ ਤੋਂ 2009 ਤੋਂ ਹਰਸਿਮਰਤ ਕੌਰ ਬਾਦਲ ਲਗਾਤਾਰ ਤਿੰਨ ਵਾਰ ਮੈਂਬਰ ਪਾਰਲੀਮੈਂਟ ਬਣੇ ਹਨ। 2024 ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਬਠਿੰਡਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਬਣਿਆ ਹੋਇਆ ਹੈ ਕਿਉਂਕਿ 17 ਦਸੰਬਰ ਨੂੰ ਜ਼ਿਲ੍ਹਾ ਬਠਿੰਡਾ ਵਿੱਚ ਦੋ ਸਿਆਸੀ ਪਾਰਟੀਆਂ ਰੈਲੀਆਂ ਕੀਤੀਆਂ ਜਾ ਰਹੀਆਂ ਹਨ।

ਤਿੰਨ ਦਹਾਕਿਆਂ ਤੋਂ ਸ਼੍ਰੋਮਣੀ ਦਲ ਕਾਬਜ਼:ਇੱਕ ਰੈਲੀ ਬਠਿੰਡਾ ਦੇ ਹਲਕਾ ਮੌੜ ਮੰਡੀ ਵਿਖੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੀ ਜਾ ਰਹੀ ਹੈ ਅਤੇ ਦੂਸਰੇ ਪਾਸੇ ਉਸੇ ਦਿਨ ਹੀ ਬਠਿੰਡਾ ਦੇ ਪਿੰਡ ਮਹਿਰਾਜ ਵਿਖੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਰੈਲੀ ਕੀਤੀ ਜਾ ਰਹੀ ਹੈ। ਇੱਕੋ ਦਿਨ ਕੀਤੀਆਂ ਜਾ ਰਹੀਆਂ ਇਹ ਦੋਵੇਂ ਰੈਲੀਆਂ ਕਾਰਨ ਪੰਜਾਬ ਦੀ ਰਾਜਨੀਤੀ ਵਿੱਚ ਚਰਚਾ ਛਿੜ ਗਈ ਹੈ ਕਿਉਂਕਿ ਬਠਿੰਡਾ ਲੋਕ ਸਭਾ ਸੀਟ ਪੰਜਾਬ ਦੀ ਰਾਜਨੀਤੀ ਦਾ ਧੁਰਾ ਮੰਨਿਆ ਜਾਂਦੀ ਹੈ ਅਤੇ ਪਿਛਲੇ ਡੇਢ ਦਹਾਕੇ ਤੋਂ ਇਸ ਸੀਟ 'ਤੇ ਸ਼੍ਰੋਮਣੀ ਅਕਾਲੀ ਦਲ ਦਾ ਕਬਜ਼ਾ ਹੈ ਤੇ ਹਰਸਿਮਰਤ ਕੌਰ ਬਾਦਲ ਲਗਾਤਾਰ ਇੱਥੋਂ ਲੋਕ ਸਭਾ ਮੈਂਬਰ ਚੁਣੇ ਜਾਂਦੇ ਰਹੇ ਹਨ।

ਨਵਜੋਤ ਸਿੰਘ ਸਿੱਧੂ, ਸਾਬਕਾ ਪ੍ਰਧਾਨ, ਪੰਜਾਬ ਕਾਂਗਰਸ

ਸਰਕਾਰ 'ਤੇ ਸਿੱਧੇ ਹੋਏ ਸਿੱਧੂ:ਉਧਰ 17 ਦਸੰਬਰ ਨੂੰ ਹੋਣ ਵਾਲੀ ਚੋਣ ਰੈਲੀ ਤੋਂ ਪਹਿਲਾਂ ਬਠਿੰਡਾ ਵਿਖੇ ਨਵਜੋਤ ਸਿੰਘ ਸਿੱਧੂ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਭਗਵੰਤ ਮਾਨ ਸਰਕਾਰ ਦੀ ਕਾਰਗੁਜ਼ਾਰੀ 'ਤੇ ਜਿੱਥੇ ਸਵਾਲ ਉਠਾਏ ਗਏ, ਉਥੇ ਹੀ ਤਿੱਖੇ ਸ਼ਬਦੀ ਹਮਲੇ ਵੀ ਕੀਤੇ ਗਏ। ਭਗਵੰਤ ਮਾਨ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਉਠਾਉਣ ਵਾਲੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਰੋਕਣ ਦੇ ਦਾਅਵੇ ਕਰਨ ਵਾਲੀ ਆਮ ਆਦਮੀ ਪਾਰਟੀ ਅੱਜ ਭ੍ਰਿਸ਼ਟਾਚਾਰ ਨਾਲ ਲਿਪਤ ਹੈ ਅਤੇ ਇਹਨਾਂ ਦੇ ਕਈ ਵਿਧਾਇਕਾਂ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਹਨ, ਪਰ ਭਗਵੰਤ ਮਾਨ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਇਹਨਾਂ ਵਿਧਾਇਕਾਂ 'ਤੇ ਨਹੀਂ ਕੀਤੀ ਗਈ।

ਆਮ ਆਦਮੀ ਪਾਰਟੀ ਨੂੰ ਇਹ ਕੌਮੀ ਪਾਰਟੀ ਦੱਸਦੇ ਹਨ ਪਰ ਇੰਨ੍ਹਾਂ ਦੀ ਪਾਰਟੀ ਦਾ ਕਾਂਗਰਸ ਨਾਲ ਕੋਈ ਮੇਲ ਹੀ ਨਹੀਂ ਹੈ। ਚਾਰ ਸੂਬਿਆਂ ਦੀਆਂ ਹੋਈਆਂ ਚੋਣਾਂ 'ਚ ਕਾਂਗਰਸ ਨੂੰ ਭਾਜਪਾ ਨਾਲੋਂ 10 ਲੱਖ ਵੋਟਾਂ ਵੱਧ ਪਈਆਂ ਹਨ ਜਦਕਿ ਆਮ ਆਦਮੀ ਪਾਰਟੀ ਨੂੰ ਨੋਟਾ ਤੋਂ ਵੀ ਘੱਟ ਵੋਟਾਂ ਪਈਆਂ ਹਨ।-ਨਵਜੋਤ ਸਿੰਘ ਸਿੱਧੂ, ਸਾਬਕਾ ਪ੍ਰਧਾਨ, ਪੰਜਾਬ ਕਾਂਗਰਸ

ਸੁਖਬੀਰ ਬਾਦਲ ਨੂੰ ਲੈਕੇ ਵੀ ਆਖੀ ਇਹ ਗੱਲ:ਸਿੱਧੂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾ ਕੇ ਸੱਤਾ ਹਥਿਆਉਣ ਵਾਲੀ ਆਮ ਆਦਮੀ ਪਾਰਟੀ ਹੁਣ ਲੋਕ ਮੁੱਦਿਆਂ ਤੋਂ ਭੱਜ ਰਹੀ ਹੈ ਅਤੇ ਪੰਜਾਬ ਦਾ ਹਰ ਵਿਭਾਗ ਅੱਜ ਸੜਕਾਂ 'ਤੇ ਆਪਣੇ ਹੱਕੀ ਮੰਗਾਂ ਲਈ ਸੰਘਰਸ਼ ਕਰ ਰਿਹਾ ਹੈ। ਇਸ ਦੌਰਾਨ ਉਹਨਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਮੁਆਫ਼ੀ ਮੰਗਣ ਸਬੰਧੀ ਬੋਲਦਿਆਂ ਕਿਹਾ ਕਿ ਇਹ ਸਾਫ ਜਾਹਿਰ ਹੋ ਗਿਆ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਆਪਣੇ ਗੁਨਾਹਾਂ ਨੂੰ ਕਬੂਲ ਕਰ ਲਿਆ ਹੈ ਤੇ ਉਸ ਖਿਲਾਫ ਸਰਕਾਰ ਨੂੰ ਐਕਸ਼ਨ ਲੈਣਾ ਚਾਹੀਦਾ ਹੈ।

ਬਠਿੰਡਾ ਤੋਂ ਸਿੱਧੂ ਪਰਿਵਾਰ ਵਲੋਂ ਚੋਣ ਲੜਨ ਦੇ ਖਦਸੇ: ਨਵਜੋਤ ਸਿੱਧੂ ਦੀ 17 ਦਸੰਬਰ ਨੂੰ ਬਠਿੰਡਾ ਵਿਖੇ ਰੱਖੀ ਗਈ ਰੈਲੀ ਦੇ ਕਈ ਮਾਇਨੇ ਸਿਆਸੀ ਲੋਕਾਂ ਵੱਲੋਂ ਕੱਢੇ ਜਾ ਰਹੇ ਹਨ। ਨਵਜੋਤ ਸਿੱਧੂ ਵੱਲੋਂ ਬਠਿੰਡਾ ਤੋਂ ਚੋਣ ਲੜੇ ਜਾਣ ਦੀਆਂ ਕਿਆਸਰਾਈਆਂ ਨੂੰ ਵਿਰਾਮ ਲਾਉਂਦੇ ਹੋਏ ਕਿਹਾ ਕਿ ਫਿਲਹਾਲ ਉਹਨਾਂ ਦਾ ਬਠਿੰਡਾ ਤੋਂ ਚੋਣ ਲੜਨ ਦਾ ਕੋਈ ਇਰਾਦਾ ਨਹੀਂ ਪਰ ਡਾਕਟਰ ਨਵਜੋਤ ਕੌਰ ਸਿੱਧੂ ਦੇ ਚੋਣ ਲੜਨ ਸਬੰਧੀ ਜਵਾਬ ਦਿੰਦੇ ਹੋਏ ਕਿਹਾ ਕਿ ਚੋਣ ਲੜਨ ਸਬੰਧੀ ਡਾਕਟਰ ਨਵਜੋਤ ਕੌਰ ਸਿੱਧੂ ਮੇਰੇ ਨਾਲੋਂ ਬੇਹਤਰ ਦੱਸ ਸਕਦੇ ਹਨ।

ਸਿੱਧੂ ਦੀ PC 'ਚ ਨਜ਼ਰ ਨਹੀਂ ਆਏ ਕਾਂਗਰਸੀ: ਬਠਿੰਡਾ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਜਿੱਥੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਤੋਂ ਬਾਗੀ ਹੋਏ ਸਾਬਕਾ ਵਿਧਾਇਕਾਂ ਦੀ ਹਾਜ਼ਰੀ ਵੇਖਣ ਨੂੰ ਮਿਲੀ, ਉੱਥੇ ਹੀ ਕਾਂਗਰਸ ਦੀ ਲੋਕਲ ਲੀਡਰਸ਼ਿਪ ਪ੍ਰੈੱਸ ਕਾਨਫਰੰਸ ਦੌਰਾਨ ਕਿਤੇ ਨਜ਼ਰ ਨਹੀਂ ਆਈ। ਨਵਜੋਤ ਸਿੰਘ ਸਿੱਧੂ ਵੱਲੋਂ ਬਠਿੰਡਾ ਵਿੱਚ ਰੱਖੀ ਗਈ ਇਸ ਰੈਲੀ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ। ਇੱਕ ਪਾਸੇ ਵਿਰੋਧੀਆਂ ਵੱਲੋਂ ਨਵਜੋਤ ਸਿੱਧੂ 'ਤੇ ਕਾਂਗਰਸ ਪਾਰਟੀ ਤੋਂ ਬਾਗੀ ਹੋਣ ਤੱਕ ਦੀ ਗੱਲ ਆਖੀ ਜਾ ਰਹੀ ਹੈ। ਦੂਸਰੇ ਪਾਸੇ ਅੰਮ੍ਰਿਤਸਰੋਂ ਚੱਲ ਕੇ ਬਠਿੰਡਾ ਤੋਂ ਨਵਜੋਤ ਸਿੱਧੂ ਜਾ ਉਹਨਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਦੇ ਲੋਕ ਸਭਾ ਚੋਣ ਲੜਨ ਦੇ ਚਰਚੇ ਚੱਲ ਰਹੇ ਹਨ।

ਕਾਂਗਰਸੀ ਲੀਡਰਾਂ ਦੇ ਰੈਲੀ 'ਚ ਪੁੱਜਣ 'ਤੇ ਸਸਪੈਂਸ: ਹੁਣ ਵੇਖਣ ਵਾਲੀ ਗੱਲ ਇਹ ਹੋਵੇਗੀ ਕਿ 17 ਦਸੰਬਰ ਭਾਵ ਅੱਜ ਬਠਿੰਡਾ ਦੇ ਪਿੰਡ ਮਹਿਰਾਜ ਵਿਖੇ ਕੀਤੀ ਜਾ ਰਹੀ ਰੈਲੀ ਵਿੱਚ ਲੋਕਾਂ ਵੱਲੋਂ ਕਿੰਨਾ ਕੁ ਉਤਸ਼ਾਹ ਦਿਖਾਇਆ ਜਾਂਦਾ ਹੈ ਅਤੇ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਨਵਜੋਤ ਸਿੰਘ ਸਿੱਧੂ ਵੱਲੋਂ ਕੀਤੀ ਜਾ ਰਹੀ ਰੈਲੀ ਵਿੱਚ ਸ਼ਿਰਕਤ ਕੀਤੀ ਜਾਂਦੀ ਹੈ ਜਾਂ ਨਹੀਂ ਜਾਂ ਇਸ ਸਬੰਧੀ ਉਨਾਂ ਵੱਲੋਂ ਨਵਜੋਤ ਸਿੱਧੂ ਖਿਲਾਫ ਕਿਸੇ ਤਰ੍ਹਾਂ ਦਾ ਕੋਈ ਐਕਸ਼ਨ ਲਿਆ ਜਾਂਦਾ ਹੈ ਜਾਂ ਨਹੀਂ, ਜੋ ਕਈ ਸਵਾਲ ਖੜੇ ਕਰਦਾ ਹੈ।

ਲੋਕਲ ਲੀਡਰਸ਼ਿਪ ਨੂੰ ਨਹੀਂ ਰੈਲੀ ਦਾ ਸੱਦਾ: ਨਵਜੋਤ ਸਿੱਧੂ ਵੱਲੋਂ ਬਠਿੰਡਾ ਦੇ ਪਿੰਡ ਮਹਿਰਾਜ ਵਿਖੇ ਕੀਤੀ ਜਾ ਰਹੀ ਰੈਲੀ ਸਬੰਧੀ ਟਿੱਪਣੀ ਕਰਦੇ ਹੋਏ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਨੇ ਕਿਹਾ ਕਿ ਇਸ ਰੈਲੀ ਸਬੰਧੀ ਉਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਸੱਦਾ ਨਹੀਂ ਆਇਆ ਅਤੇ ਨਾ ਹੀ ਇਸ ਰੈਲੀ ਸਬੰਧੀ ਕੋਈ ਜਾਣਕਾਰੀ ਹੈ। ਨਵਜੋਤ ਸਿੱਧੂ ਵੱਲੋਂ ਕਰਾਈ ਜਾ ਰਹੀ ਰੈਲੀ ਸਬੰਧੀ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਜੋ ਵੀ ਫੈਸਲਾ ਲਿਆ ਜਾਵੇਗਾ, ਉਹ ਉਹਨਾਂ ਨੂੰ ਮਨਜ਼ੂਰ ਹੈ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਵੱਲੋਂ ਮੋੜ ਮੰਡੀ ਵਿਖੇ ਕਰਵਾਈ ਜਾ ਰਹੀ ਰੈਲੀ ਸਬੰਧੀ ਬੋਲਦਿਆਂ ਉਹਨਾਂ ਕਿਹਾ ਕਿ ਇਹ ਸਿਰਫ ਇਸ਼ਤਿਹਾਰਾਂ ਦੀ ਰੈਲੀ ਹੈ, ਲੋਕਾਂ ਦੇ ਪੈਸੇ ਨੂੰ ਰੈਲੀ ਕਰਕੇ ਫਾਲਤੂ ਖਰਚਾ ਕੀਤਾ ਜਾ ਰਿਹਾ ਹੈ।

ABOUT THE AUTHOR

...view details